ਚਾਲੀ ਮੁਕਤੇ: ਉਦਘਾਟਨ ਤੋਂ ਅੱਗੇ ਨਾ ਤੁਰੀ ਸ਼ਹੀਦੀ ਯਾਦਗਾਰ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ
ਜਦੋਂ ਹੀ ਮੁਕਤਸਰ ਦੇ ਮੇਲਾ ਮਾਘੀ ਦਾ ਜ਼ਿਕਰ ਹੁੰਦਾ ਹੈ ਤਾਂ 19 ਸਾਲ 8 ਮਹੀਨੇ ਪਹਿਲਾਂ 2 ਮਈ 2005 ਨੂੰ ਮਾਈ ਭਾਗੋ ਤੇ ਚਾਲੀ ਮੁਕਤਿਆਂ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਦਗਾਰ ਬਣਾਉਣ ਦੇ ਰੱਖੇ ਨੀਂਹ ਪੱਥਰ ਦੀ ਆਮ ਲੋਕ ਤਾਂ ਚਰਚਾ ਕਰਦੇ ਹਨ, ਪਰ ਅਫ਼ਸੋਸ ਕੋਈ ਵੀ ਧਾਰਮਿਕ ਜਾਂ ਸਿਆਸੀ ਆਗੂ ਇਸ ਯਾਦਗਾਰ ਬਾਰੇ ਗੱਲ ਨਹੀਂ ਕਰਦਾ। ਇਹ ਨੀਂਹ ਪੱਥਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖਿਆ ਗਿਆ ਸੀ। ਯਾਦਗਾਰ ਦਾ ਨਾਮ ‘ਮਾਈ ਭਾਗੋ ਤੇ ਚਾਲੀ ਮੁਕਤਿਆਂ ਦੀ ਸ਼ਹੀਦੀ ਯਾਦਗਾਰ’ ਸੀ। ਗੁਰਦੁਆਰਾ ਟਿੱਬੀ ਸਾਹਿਬ ਕੰਪਲੈਕਸ ਵਿੱਚ ਇਹ ਯਾਦਗਾਰ ਬਣਨੀ ਸੀ। ਐਲਾਨ ਅਨੁਸਾਰ ਇਸ ਥਾਂ ਉਪਰ ਮੁਕਤਿਆਂ ਦੀ ਯਾਦ ਵਿੱਚ ਇਕ ਲਾਸਾਨੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲਾ ਸਮਾਰਕ (ਕੰਧ) ਬਣਾਇਆ ਜਾਣਾ ਸੀ। ਇਸ ਕੰਧ ’ਤੇ ਚਾਲੀ ਮੁਕਤਿਆਂ ਤੇ ਮਾਈ ਭਾਗੋ ਦੇ ਜੀਵਨ ਨੂੰ ਰੂਪ ਮਾਨ ਕੀਤਾ ਜਾਣਾ ਸੀ। ਬੀਬੀ ਜਗੀਰ ਕੌਰ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋੋਂ ਦਾਅਵਾ ਕੀਤਾ ਸੀ ਕਿ ਇਹ ਵਿਸ਼ਵ ਭਰ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਤੇ ਵਿਲੱਖਣ ਯਾਦਗਾਰ ਹੋਵੇਗੀ ਜਿਸ ਉਪਰ ਕਰੋੜਾਂ ਦੇ ਹਿਸਾਬ ਨਾਲ ਖਰਚ ਕੀਤਾ ਜਾਣਗੇ ਤੇ ਲੋਕ ਦੇਸ਼-ਵਿਦੇਸ਼ ’ਚੋਂ ਇਸ ਨੂੰ ਵੇਖਣ ਵਾਸਤੇ ਆਇਆ ਕਰਨਗੇ। ਉਨ੍ਹਾਂ ਇਕ ਸਾਲ ਦੇ ਅੰਦਰ-ਅੰਦਰ ਇਹ ਯਾਦਗਾਰ ਮੁਕੰਮਲ ਹੋਣ ਦਾ ਦਾਅਵਾ ਕੀਤਾ ਸੀ ਪਰ ਅਫਸੋਸ! 19 ਸਾਲ ਤੋਂ ਵੱਧ ਸਮਾਂ ਲੰਘ ਗਿਆ ਹੈ ਪਰ ਇਹ ਸਮਾਰਕ ਤਾਂ ਕੀ ਬਣਨਾ ਸੀ ਇਸ ਦਾ ਨੀਂਹ ਪੱਥਰ ਵੀ ਗਾਇਬ ਹੋ ਗਿਆ ਹੈ। ਅੱਜ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਤੋਂ ਗੁਰਦੁਆਰਾ ਟਿੱਬੀ ਸਾਹਿਬ ਵਿੱਚ ਪਹੁੰਚੇ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਸੰਗਤ ਸ਼ਹੀਦਾਂ ਦੀ ਯਾਦਗਾਰ ਭਾਲਦੀ ਰਹੀ। ਲੋਕਾਂ ਨੇ ਮੰਗ ਕੀਤੀ ਕਿ ਇਸ ਪਾਸੇ ਜ਼ਰੂਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਨੌਜਵਾਨ ਪੀੜ੍ਹੀ ਆਪਣੇ ਅਮੀਰ ਸਿੱਖ ਵਿਰਸੇ ਨਾਲ ਜੁੜ ਸਕੇ।