ਚਾਰ ਸੂਬਿਆਂ ਦੀਆਂ ਪੰਜ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਐਲਾਨ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਚਾਰ ਸੂਬਿਆਂ ਪੰਜਾਬ, ਗੁਜਰਾਤ, ਕੇਰਲਾ ਅਤੇ ਪੱਛਮੀ ਬੰਗਾਲ ਦੀਆਂ ਪੰਜ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੈ। ਸਾਰੀਆਂ ਸੀਟਾਂ ’ਤੇ 19 ਜੂਨ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 23 ਜੂਨ ਨੂੰ ਆਉਣਗੇ। ਵੋਟਾਂ ਗੁਜਰਾਤ ਦੇ ਕਡੀ ਤੇ ਵਿਸਾਵਦਰ, ਕੇਰਲਾ ਦੀ ਨਿਲਾਂਬਰ, ਪੰਜਾਬ ਦੀ ਲੁਧਿਆਣਾ ਪੱਛਮੀ ਅਤੇ ਪੱਛਮੀ ਬੰਗਾਲ ਦੀ ਕਾਲੀਗੰਜ ਸੀਟਾਂ ’ਤੇ ਪੈਣੀਆਂ ਹਨ। ਗੁਜਰਾਤ ਦੀ ਕਡੀ ਸੀਟ ਕਰਸਨਭਾਈ ਸੋਲੰਕੀ ਦੇ ਫਰਵਰੀ ’ਚ ਦੇਹਾਂਤ ਕਾਰਨ ਖਾਲੀ ਹੋਈ ਸੀ ਜਦਕਿ ਵਿਸਾਵਦਰ ਸੀਟ ਤੋਂ ਭਯਾਨੀ ਭੁਪੇਂਦਰਭਾਈ ਗੰਡੂਭਾਈ ਵੱਲੋਂ ਅਸਤੀਫ਼ਾ ਦੇਣ ਕਾਰਨ ਜ਼ਿਮਨੀ ਚੋਣ ਕਰਾਉਣੀ ਪੈ ਰਹੀ ਹੈ। ਕੇਰਲਾ ਦੇ ਨਿਲਾਂਬਰ ’ਚ ਐੱਲਡੀਐੱਫ ਸਮਰਥਿਤ ਵਿਧਾਇਕ ਪੀਵੀ ਅਨਵਰ ਵੱਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਚੋਣ ਹੋ ਰਹੀ ਹੈ। ਅਨਵਰ ਨੂੰ ਤ੍ਰਿਣਮੂਲ ਕਾਂਗਰਸ ਦੀ ਕੇਰਲਾ ਇਕਾਈ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਦੇ ਲੁਧਿਆਣਾ ਪੱਛਮੀ ਤੋਂ ‘ਆਪ’ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਜਨਵਰੀ ’ਚ ਦੇਹਾਂਤ ਕਾਰਨ ਸੀਟ ਖਾਲੀ ਹੋਈ ਹੈ। ਪੱਛਮੀ ਬੰਗਾਲ ਦੀ ਕਾਲੀਗੰਜ ਸੀਟ ਤੋਂ ਵਿਧਾਇਕ ਨਸੀਰੂਦੀਨ ਅਹਿਮਦ ਦੇ ਅਕਾਲ ਚਲਾਣੇ ਕਾਰਨ ਜ਼ਿਮਨੀ ਚੋਣ ਹੋ ਰਹੀ ਹੈ। -ਏਐੱਨਆਈ