ਚਾਰ ਦਿਨਾਂ ’ਚ ਖ਼ਤਮ ਹੋ ਸਕਦਾ ਹੈ ਪਾਕਿਸਤਾਨ ਦਾ ਗੋਲਾ-ਬਾਰੂਦ
ਅਜੈ ਬੈਨਰਜੀ
ਨਵੀਂ ਦਿੱਲੀ, 3 ਮਈ
ਪਾਕਿਸਤਾਨ ਦਾ ਤੋਪਖਾਨਾ (ਆਰਟਲਰੀ) ਗੋਲਾ-ਬਾਰੂਦ ਸਿਰਫ਼ ਚਾਰ ਦਿਨ ਹੀ ਚੱਲ ਸਕਦਾ ਹੈ, ਕਿਉਂਕਿ ਉਹ ਯੂਕਰੇਨ ਨੂੰ ਆਪਣੇ ਉਤਪਾਦਨ ਦਾ ਇਕ ਵੱਡਾ ਹਿੱਸਾ ਸਪਲਾਈ ਕਰਦਾ ਰਿਹਾ ਹੈ।
ਭਾਰਤੀ ਸੁਰੱਖਿਆ ਏਜੰਸੀਆਂ ਨੇ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ 2 ਮਈ ਨੂੰ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਇਕ ਉੱਚ ਪੱਧਰੀ ਮੀਟਿੰਗ ਵਿੱਚ ਤੋਪਖਾਨਾ ਗੋਲਾ-ਬਾਰੂਦ ਦੇ ਮਾਮਲੇ ’ਤੇ ਚਰਚਾ ਕੀਤੀ ਗਈ ਸੀ। ਸੰਭਾਵੀ ਜੰਗ ਦੀ ਸੰਭਾਵਨਾ ਵਿਚਾਲੇ ਪਾਕਿਸਤਾਨ ਕੋਲ ਭਾਰਤ-ਪਾਕਿ ਸਰਹੱਦ ਨੇੜੇ ਗੋਲਾ-ਬਾਰੂਦ ਦੇ ਡਿਪੂ ਹਨ। ਭਾਰਤੀ ਮੁਲਾਂਕਣ ਮੁਤਾਬਕ, ਮੌਜੂਦਾ ਸਮੇਂ ਵਿੱਚ ਉਨ੍ਹਾਂ ਦਾ ਗੋਲਾ-ਬਾਰੂਦ ਪੂਰੀ ਤਰ੍ਹਾਂ ਜੰਗ ਲੱਗਣ ਦੇ ਹਾਲਾਤ ਵਿੱਚ ਚਾਰ ਦਿਨਾਂ ਤੱਕ ਹੀ ਚੱਲ ਸਕਦਾ ਹੈ।
ਵਾਹ ਵਿੱਚ ਪਾਕਿਸਤਾਨ ਆਰਡੀਨੈਂਸ ਫੈਕਟਰੀ ਨੂੰ ਪਹਿਲਾਂ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਲਈ ਸਥਾਪਤ ਕੀਤਾ ਗਿਆ ਸੀ ਪਰ ਆਲਮੀ ਮੰਗ ਵਿੱਚ ਵਾਧੇ ਅਤੇ ਪੁਰਾਣੀਆਂ ਉਤਪਾਦਨ ਸੁਵਿਧਾਵਾਂ ਵਿਚਾਲੇ ਹੁਣ ਇਸ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਵੇਲੇ ਪਾਕਿਸਤਾਨ ਦਾ ਗੋਲਾ-ਬਾਰੂਦ ਭੰਡਾਰ ਸਿਰਫ਼ 96 ਘੰਟੇ (ਚਾਰ ਦਿਨ) ਦੀ ਭਿਆਨਕ ਜੰਗ ਨੂੰ ਝੱਲਣ ਦੇ ਸਮਰੱਥ ਹੈ। ਪਾਕਿਸਤਾਨ ਦੇ ਇਹ ਹਾਲਾਤ ਯੂਕਰੇਨ ਨਾਲ ਮੇਲ ਖਾਂਦੇ ਹਨ, ਜਿੱਥੇ ਲਗਾਤਾਰ ਤੋਪਖਾਨੇ ਦੀ ਗੋਲੀਬਾਰੀ ਨੇ ਹਫ਼ਤਿਆਂ ਵਿੱਚ ਸਟਾਕ ਖ਼ਤਮ ਕਰ ਦਿੱਤਾ ਸੀ। ਭਾਰਤ ਦੀ ਵਿਸ਼ਾਲ ਫੌਜ ਦਾ ਮੁਕਾਬਲਾ ਕਰਨ ਲਈ ਪਾਕਿਸਤਾਨ ਤੋਪਖਾਨੇ ਤੇ ਬਖ਼ਤਰਬੰਦ ਇਕਾਈਆਂ ’ਤੇ ਨਿਰਭਰ ਕਰਦਾ ਹੈ।
ਯੂਕਰੇਨ ਕਰੋੜਾਂ ਡਾਲਰ ਦਾ ਗੋਲ-ਬਾਰੂਦ ਪਹੁੰਚਾਉਂਦਾ ਰਿਹੈ ਪਾਕਿਸਤਾਨ
ਪਾਕਿਸਤਾਨ ਨੇ ਯੂਕਰੇਨ ਨੂੰ 36.4 ਕਰੋੜ ਡਾਲਰ ਮੁੱਲ ਦਾ ਤੋਪਖਾਨਾ ਗੋਲਾ-ਬਾਰੂਦ ਸਪਲਾਈ ਕੀਤਾ ਸੀ। ਯੂਕਰੇਨ-ਰੂਸ ਜੰਗ ਵਿੱਚ ਨਿਰਪੱਖਤਾ ਦੇ ਜਨਤਕ ਦਾਅਵਿਆਂ ਦੇ ਬਾਵਜੂਦ ਵਾਹ ਕੈਂਟ ਵਿੱਚ ਸਥਿਤ ਪਾਕਿਸਤਾਨ ਆਰਡੀਨੈਂਸ ਫੈਕਟਰੀ (ਪੀਓਐੱਫ) ਯੂਕਰੇਨ ਲਈ ਇਕ ਪ੍ਰਮੁੱਖ ਸਪਲਾਇਰ ਬਣ ਗਈ ਜੋ ਕਿ ਗੁਪਤ ਮਾਰਗਾਂ ਰਾਹੀਂ ਤੋਪਾਂ ਦੇ ਲੱਖਾਂ ਗੋਲੇ, ਰਾਕੇਟ ਤੇ ਛੋਟੇ ਹਥਿਆਰਾਂ ਦਾ ਗੋਲਾ-ਬਾਰੂਦ ਯੂਕਰੇਨ ਨੂੰ ਪਹੁੰਚਾਉਂਦੀ ਰਹੀ। ਫਰਵਰੀ ਤੇ ਮਾਰਚ 2023 ਵਿਚਾਲੇ, ਪਾਕਿਸਤਾਨ ਨੇ 122 ਮਿਲੀਮੀਟਰ ਦੇ 42,000 ਰਾਕੇਟ ਅਤੇ 155 ਮਿਲੀਮੀਟਰ ਦੇ 60,000 ਹੋਵਿਤਜ਼ਰ ਗੋਲੇ ਯੂਕਰੇਨ ਭੇਜੇ। 2023 ਵਿੱਚ ਪਾਕਿਸਤਾਨ ਨੇ ਗੋਲਾ-ਬਾਰੂਦ ਦੀ ਸਪਲਾਈ ਲਈ ਦੋ ਅਮਰੀਕੀ ਕੰਪਨੀਆਂ ਨਾਲ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ। ਫਿਰ ਸਪਲਾਈ ਯੂਕਰੇਨ ਭੇਜੀ ਗਈ। ਵਿੱਤੀ ਵਰ੍ਹੇ 2022-23 ਲਈ, ਪਾਕਿਸਤਾਨ ਦੇ ਹਥਿਆਰਾਂ ਦੀ ਬਰਾਮਦ ਅਸਮਾਨ ਛੂਹ ਕੇ 41.5 ਕਰੋੜ ਡਾਲਰ ਤੱਕ ਪੁੱਜ ਗਈ।