ਚਾਰ ਘੰਟਿਆਂ ’ਚ ਕੌਂਸਲਰ ਨੇ ਤਿੰਨ ਵਾਰ ਪਾਰਟੀ ਬਦਲੀ
ਗਗਨਦੀਪ ਅਰੋੜਾ
ਲੁਧਿਆਣਾ, 26 ਦਸੰਬਰ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਵਿੱਚ ਕਿਸੇ ਵੀ ਪਾਰਟੀ ਨੂੰ ਮੇਅਰ ਬਣਾਉਣ ਲਾਇਕ ਬਹੁਮਤ ਹਾਸਲ ਨਹੀਂ ਹੋ ਸਕਿਆ ਹੈ ਜਿਸ ਕਰਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਲਗਾਮਾਰ ਜੋੜ-ਤੋੜ ਕੀਤੇ ਜਾ ਰਹੇ ਹਨ। ਵੀਰਵਾਰ ਨੂੰ ਲੁਧਿਆਣਾ ਵਿੱਚ ਚਾਰ ਘੰਟੇ ਬਹੁਤ ਗਹਿਗੱਚ ਸਿਆਸੀ ਖੇਡ ਚੱਲਿਆ। ਇਨ੍ਹਾਂ ਚਾਰ ਘੰਟਿਆਂ ਵਿੱਚ ਵਾਰਡ ਨੰਬਰ 6 ਤੋਂ ਕਾਂਗਰਸੀ ਕੌਂਸਲਰ ਜਗਦੀਸ਼ ਲਾਲ ਦੀਸ਼ਾ ਨੇ ਚਾਰ ਵਾਰ ਪਾਰਟੀਆਂ ਬਦਲੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ 5 ਵਜੇ ਜਗਦੀਸ਼ ਲਾਲ ਪਹਿਲਾਂ ਕਾਂਗਰਸ ਛੱਡ ਕੇ ‘ਆਪ’ ਵਿੱਚ ਗਏ। ਫਿਰ 7 ਵਜੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਉਨ੍ਹਾਂ ਦੇ ਘਰ ਪੁੱਜੇ ਤੇ ਉਹ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ। ਜਦੋਂ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੂੰ ਜਗਦੀਸ਼ ਲਾਲ ਦੇ ਮੁੜ ਕਾਂਗਰਸ ਵਿੱਚ ਜਾਣ ਦੀ ਖ਼ਬਰ ਮਿਲੀ ਤਾਂ ਉਹ ਸਾਰੇ ਵਿਧਾਇਕਾਂ ਤੇ ਵਰਕਰਾਂ ਨੂੰ ਲੈ ਕੇ ਕੌਂਸਲਰ ਦੀਸ਼ਾ ਦੇ ਘਰ ਪੁੱਜੇ ਤੇ ਮੁੜ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰ ਲਿਆ।
ਦਰਅਸਲ, ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਜਗਦੀਸ਼ ਦੀਸ਼ਾ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਹਨ ਤੇ ਵੱਡੇ ਫਰਕ ਨਾਲ ਉਨ੍ਹਾਂ ਜਿੱਤ ਹਾਸਲ ਕੀਤੀ ਹੈ। ਕਾਂਗਰਸੀ ਕੌਂਸਲਰ ਦੀਸ਼ਾ ਇਸ ਵੇਲੇ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਹਨ। ‘ਆਪ’ ਨੂੰ ਮੇਅਰ ਐਲਾਨਣ ਲਈ ਬਹੁਮਤ ਦੀ ਲੋੜ ਹੈ ਤਾਂ ਉਨ੍ਹਾਂ ਕਿਸੇ ਤਰੀਕੇ ਕੌਂਸਲਰ ਦੀਸ਼ਾ ਨੂੰ ਆਪਣੇ ਵੱਲ ਖਿੱਚ ਲਿਆ ਤੇ ਸ਼ਾਮ ਪੰਜ-ਸਾਢੇ ਪੰਜੇ ਵਜੇ ਦੇ ਕਰੀਬ ‘ਆਪ’ ਦੀ ਲੀਡਰਸ਼ਿਪ ਨੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੀ ਅਗਵਾਈ ਹੇਠ ਕੌਂਸਲਰ ਜਗਦੀਸ਼ ਦੀਸ਼ਾ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ। ਪਾਰਟੀ ਬਦਲਣ ਦੇ ਇਸ ਫ਼ੈਸਲੇ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਮੇਅਰ ਦੇ ਐਲਾਨ ਲਈ ਸਿਰਫ਼ ਇੱਕ ਹੋਰ ਕੌਂਸਲਰ ਦੀ ਲੋੜ ਰਹਿ ਗਈ ਸੀ ਤੇ ਸੂਤਰਾਂ ਅਨੁਸਾਰ ਉਸ ਆਖਰੀ ਕੌਂਸਲਰ ਨਾਲ ਵੀ ਗੱਲਬਾਤ ਚੱਲ ਰਹੀ ਸੀ।
ਕੌਂਸਲਰ ਜਗਦੀਸ਼ ‘ਆਪ’ ਵਿੱਚ ਸ਼ਾਮਲ ਹੋਣ ਮਗਰੋਂ ਜਦੋਂ ਸ਼ਾਮਲ 7 ਵਜੇ ਆਪਣੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਪੁਰਾਣੇ ਕਾਂਗਰਸੀ ਸਾਥੀ ਤੇ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਸਾਥੀ ਕੌਂਸਲਰਾਂ ਤੇ ਪਾਰਟੀ ਵਰਕਰਾਂ ਨਾਲ ਉਥੇ ਪਹੁੰਚੇ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਜਗਦੀਸ਼ ਦੀਸ਼ਾ ਨੂੰ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਕਰਵਾ ਲਿਆ। ਕੌਂਸਲਰ ਜਗਦੀਸ਼ ਨੇ ਬਿਆਨ ਵੀ ਦੇ ਦਿੱਤਾ ਕਿ ਉਹ ਕਾਂਗਰਸੀ ਹੀ ਹਨ ਤੇ ਕਾਂਗਰਸ ਦੇ ਨਾਲ ਹੀ ਰਹਿਣਗੇ। ਪਰ ਕਰੀਬ 8 ਵਜੇ ਜਿਵੇਂ ਹੀ ਇਹ ਖ਼ਬਰ ‘ਆਪ’ ਆਗੂਆਂ ਨੂੰ ਮਿਲੀ ਤਾਂ ਉਹ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਤੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੂੰ ਨਾਲ ਲੈ ਕੇ ਕੌਂਸਲਰ ਦੇ ਘਰ ਪੁੱਜ ਗਏ ਤੇ ਇੱਕ ਵਾਰ ਫਿਰ ਕੌਂਸਲਰ ਜਗਦੀਸ਼ ਨੂੰ ‘ਆਪ’ ਵਿੱਚ ਸ਼ਾਮਲ ਕਰਵਾਇਆ ਗਿਆ ਤੇ ਬਿਆਨ ਦਿਵਾਇਆ ਗਿਆ ਕਿ ਉਹ ਕਾਂਗਰਸ ਨੂੰ ਛੱਡ ‘ਆਪ’ ਦੇ ਹੋ ਗਏ ਹਨ।