ਚਾਉਕੇ ਸਕੂਲ ਮਗਰੋਂ ਕਮੇਟੀ ਨੇ ਭੁਪਾਲ ਸਕੂੁਲ ਦਾ ਚਾਰਜ ਛੱਡਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 22 ਮਈ
ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਚੱਲੇ ਆ ਰਹੇ ਆਦਰਸ਼ ਸਕੂਲ ਚਾਉਕੇ ਨੂੰ ਚਲਾਉਣ ਵਾਲੀ ਕਮੇਟੀ ਵੱਲੋਂ ਹੁਣ ਮਾਨਸਾ ਜ਼ਿਲ੍ਹੇ ਦੇ ਪਿੰਡ ਭੁਪਾਲ ਵਿਚਲੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਬੰਧ ਛੱਡਣ ਦਾ ਲਿਖਤੀ ਐਲਾਨ ਕਰ ਦਿੱਤਾ ਗਿਆ ਹੈ। ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਡੀਜੀਐੱਸਈ-ਕਮ-ਮੈਂਬਰ ਸਕੱਤਰ ਪੰਜਾਬ ਸਿੱਖਿਆ ਵਿਕਾਸ ਬੋਰਡ, ਮੁਹਾਲੀ ਨੂੰ ਭੇਜੇ ਪੱਤਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਨੂੰ ਸਕੂਲ ਦਾ ਪ੍ਰਬੰਧ ਚਲਾਉਣ ਲਈ ਲਿਖਤੀ ਪੱਤਰ ਜਾਰੀ ਕਰਨ ਤੋਂ ਬਾਅਦ ਇਸ ਦਾ ਚਾਰਜ ਸੰਭਾਲ ਲਿਆ ਗਿਆ ਹੈ।
ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚਾਉਕੇ (ਬਠਿੰਡਾ) ਨੂੰ ਸ੍ਰੀ ਰਾਧੇ-ਕ੍ਰਿਸ਼ਨ ਸੇਵਾ ਸਮਿਤੀ ਮਾਨਸਾ ਵੱਲੋਂ ਚਲਾਇਆ ਜਾ ਰਿਹਾ ਸੀ ਅਤੇ ਇਸੇ ਸੰਸਥਾ ਵੱਲੋਂ ਹੀ ਆਦਰਸ਼ ਸੀਨੀਅਰ ਸੈਕੰਡਰੀ ਭੁਪਾਲ (ਮਾਨਸਾ) ਨੂੰ ਵੀ ਲੰਬੇ ਸਮੇਂ ਤੋਂ ਚਲਾਇਆ ਜਾ ਰਿਹਾ ਸੀ। ਇਸ ਸਮਿਤੀ ਦੇ ਚੇਅਰਮੈਨ ਗੁਰਮੇਲ ਸਿੰਘ ਠੇਕੇਦਾਰ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਆਦਰਸ਼ ਸਕੂਲ ਚਾਉਕੇ ਵਿੱਚ ਕੁੱਝ ਅਧਿਆਪਕਾਂ ਅਤੇ ਪ੍ਰਬੰਧਕ ਕਮੇਟੀ ਵਿਚਕਾਰ ਚੱਲ ਰਹੇ ਵਿਵਾਦ ਸਦਕਾ ਪਹਿਲਾਂ ਆਦਰਸ਼ ਸਕੂਲ ਚਾਉਕੇ ਦਾ ਪ੍ਰਬੰਧ ਛੱਡਣ ਦਾ ਫ਼ੈਸਲਾ ਲਿਆ ਸੀ ਅਤੇ ਹੁਣ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭੁਪਾਲ(ਮਾਨਸਾ) ਨੂੰ ਵੀ ਛੱਡਣ ਦਾ ਫੈਸਲਾ ਲਿਆ ਹੈ। ਉਧਰ, ਸਕੂਲ ਸਿੱਖਿਆ ਵਿਕਾਸ ਬੋਰਡ ਦੇ ਮੈਂਬਰ ਸਕੱਤਰ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਗਿਰੀਸ਼ ਦਿਆਲਨ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜੇ ਪੱਤਰ ਵਿੱਚ ਦੱਸਿਆ ਕਿ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਪੀਈਡੀਵੀ ਬੋਰਡ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਹੈ। ਉਧਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਮਾਨਸਾ ਭੁਪਿੰਦਰ ਕੌਰ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਆਦਰਸ਼ ਸਕੂਲ ਭੁਪਾਲ ਦਾ ਪ੍ਰਬੰਧਕੀ ਚਾਰਜ ਸੰਭਾਲ ਲਿਆ ਗਿਆ ਹੈ।