ਚਾਉਕੇ ਆਦਰਸ਼ ਸਕੂਲ ਦਾ ਵਿਵਾਦ ਮੁੜ ਭਖ਼ਿਆ
ਮਨੋਜ ਸ਼ਰਮਾ
ਬਠਿੰਡਾ, 29 ਮਈ
ਆਦਰਸ਼ ਸਕੂਲ ਚਉਕੇ ਦੇ ਸਟਾਫ ਵੱਲੋਂ ਅੱਜ ਟੀਚਰ ਹੋਮ ਬਠਿੰਡਾ ’ਚ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ 31 ਮਈ ਤੋਂ ਬੱਚਿਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਉਪਰੰਤ, ਉਹ ਸਕੂਲ ਦੇ ਮੇਨ ਗੇਟ ਅੱਗੇ ਮੁੜ ਧਰਨਾ ਲਾਉਣਗੇ। ਵਾਈਸ ਪ੍ਰਿੰਸੀਪਲ ਪਵਨਦੀਪ ਕੌਰ, ਅਧਿਆਪਕ ਸੰਦੀਪ ਸਿੰਘ, ਮਨਦੀਪ ਕੌਰ, ਇੰਦਰਪ੍ਰੀਤ ਸਿੰਘ, ਬਲਵੀਰ ਸਿੰਘ, ਕਮਲਜੀਤ ਕੌਰ ਅਤੇ ਕਈ ਕਿਸਾਨ ਤੇ ਮੁਲਾਜ਼ਮ ਆਗੂ ਨੇ ਸਪਸ਼ਟ ਕੀਤਾ ਇਹ ਫੈਸਲਾ 26 ਮਈ ਨੂੰ ਸਾਂਝਾ ਕਿਸਾਨ ਮੋਰਚਾ ਵੱਲੋਂ ਹੋਏ ਰੋਸ ਮਾਰਚ ਤੋ ਬਾਅਦ ਹੋਈ ਮੀਟਿੰਗ ਵਿੱਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬਠਿੰਡਾ ਪ੍ਰਸ਼ਾਸਨ ਨੇ ਪਹਿਲਾਂ 12 ਮਈ ਨੂੰ ਐੱਸਡੀਐੱਮ ਮੌੜ ਰਾਹੀਂ 22 ਮਈ ਤੱਕ ਸਾਰੇ ਬਰਖਾਸਤ ਅਧਿਆਪਕਾਂ ਨੂੰ ਬਹਾਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਨਾ ਤਾਂ ਬਹਾਲੀ ਹੋਈ ਹੈ ਅਤੇ ਨਾ ਹੀ ਡਿਪਟੀ ਕਮਿਸ਼ਨਰ ਦੀ ਰਿਪੋਰਟ ਵਿੱਚ ਮੁਲਜ਼ਮ ਪਾਈ ਗਈ ਮੈਨੇਜਮੈਂਟ ਉੱਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਇੱਕ ਪਾਸੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੀਆਂ ਗੱਲਾਂ ਕਰ ਰਹੀ ਹੈ, ਪਰ ਦੂਜੇ ਪਾਸੇ ਭਰਿਸ਼ਟ ਮੈਨੇਜਮੈਂਟ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਦੁੱਖ ਜ਼ਾਹਿਰ ਕਰਦਿਆਂ ਕਿਹਾ ਜੋ ਚਾਰ ਕਿਸਾਨ ਆਗੂ ਜਿਨ੍ਹਾਂ ਨੇ ਮੈਨੇਜਮੈਂਟ ਦੇ ਘੁਟਾਲਿਆਂ ਨੂੰ ਉਜਾਗਰ ਕੀਤਾ ਸੀ ਉਨ੍ਹਾਂ ਨੂੰ ਬੀਤੀ 5 ਅਪਰੈਲ ਤੋਂ ਬਿਨਾਂ ਕਿਸੇ ਦੋਸ਼ ਤੋਂ ਜੇਲ੍ਹ ਵਿੱਚ ਰੱਖਿਆ ਹੋਇਆ ਹੈ, ਜਦਕਿ ਮੁੱਖ ਮੁਲਜ਼ਮਘੁੰਮ ਰਹੇ ਹਨ। 31 ਮਈ ਨੂੰ ਮੁੜ ਧਰਨਾ ਲਗਾਉਣਦੇ ਐਲਾਨ ਕਰਦੇ ਹੋਏ ਅਧਿਆਪਕਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜਦ ਤੱਕ ਇਨਸਾਫ਼ ਨਹੀਂ ਮਿਲਦਾ, ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਇਸ ਮੌਕੇ ਬੀਕੇਯੂਉਗਰਾਹਾਂ ਦੇ ਸੁਬਾਈ ਆਗੂ ਝੰਡਾ ਸਿੰਘ ਜੇਠੂ ਕੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਡੈਮੋਕਰੇਟਿਕ ਟੀਚਰ ਫਰੰਟ ਦੀ ਆਗੂ ਨਵ ਚਰਨ ਪ੍ਰੀਤ ਹਾਜ਼ਰ ਸਨ।