ਚਰਿੱਤਰ ’ਤੇ ਸ਼ੱਕ ਕਾਰਨ ਪੁੱਤਰ ਵੱਲੋਂ ਮਾਂ ਦਾ ਕਤਲ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਪਿੰਡ ਗੁਲਾਹੜ ’ਚ ਪੁੱਤਰ ਵੱਲੋਂ ਆਪਣੀ ਮਾਂ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ। ਕਤਲ ਦੀ ਵਜ੍ਹਾ ਪੁੱਤਰ ਵੱਲੋਂ ਮਾਂ ਦੇ ਚਰਿੱਤਰ ਉੱਪਰ ਸ਼ੱਕ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਿੰਡ ਗੁਲਾਹੜ ਦੀ ਵਸਨੀਕ ਜੀਤੋ ਬਾਈ (45) ਦਾ ਉਸ ਦੇ ਵੱਡੇ ਪੁੱਤਰ ਨੇ ਕਤਲ ਕਰ ਦਿੱਤਾ। ਗੋਪੀ ਪਿਛਲੇ ਕੁਝ ਸਮੇਂ ਤੋਂ ਆਪਣੀ ਮਾਂ ਦੇ ਚਾਲ-ਚਲਣ ਉੱਤੇ ਸ਼ੱਕ ਕਰਦਾ ਸੀ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਜੀਤੋ ਬਾਈ ਇਕ-ਦੋ ਦਿਨ ਤੋਂ ਆਪਣੀ ਭੈਣ ਕੋਲ ਜਾਣ ਦਾ ਬਹਾਨਾ ਬਣਾ ਕੇ ਘਰੋਂ ਗਾਇਬ ਰਹੀ। ਇਸ ਦੌਰਾਨ ਉਸ ਦੇ ਪੁੱਤਰ ਨੂੰ ਪਤਾ ਲੱਗ ਗਿਆ ਕਿ ਉਸ ਦੀ ਮਾਂ, ਮਾਸੀ ਕੋਲ ਨਹੀਂ ਹੈ। ਜੀਤੋ ਬਾਈ ਦੇ ਘਰ ਪਹੁੰਚਣ ’ਤੇ ਉਸ ਨੇ ਉਸ ਦਾ ਚੁੰਨੀ ਨਾਲ ਕਥਿਤ ਤੌਰ ’ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਡੀਐੱਸਪੀ (ਪਾਤੜਾਂ) ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਥਾਣਾ ਮੁਖੀ ਸ਼ੁਤਰਾਣਾ ਜਸਪਾਲ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।