ਘੱਟ ਵੋਲਟੇਜ ਤੋਂ ਪ੍ਰੇਸ਼ਾਨ ਸਾਰਟੀ ਵਾਸੀਆਂ ਵੱਲੋਂ ਪ੍ਰਦਰਸ਼ਨ
ਐੱਨਪੀ ਧਵਨ
ਪਠਾਨਕੋਟ, 15 ਜੂਨ
ਧਾਰ ਬਲਾਕ ਦੇ ਪਿੰਡ ਸਾਰਟੀ ਵਿੱਚ ਵੋਲਟੇਜ ਪੂਰੀ ਨਾ ਮਿਲਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਇੱਥੇ ਨਵਾਂ ਟਰਾਂਸਫਾਰਮਰ ਮਨਜ਼ੂਰ ਹੋ ਗਿਆ ਸੀ ਤਾਂ ਜੋ ਘੱਟ ਵੋਲਟੇਜ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ ਪਰ ਬਿਜਲੀ ਵਿਭਾਗ ਟਰਾਂਸਫਾਰਮਰ ਲਗਾਉਣ ਵਿੱਚ ਆਨਾਕਾਨੀ ਕਰ ਰਿਹਾ ਹੈ। ਲੋਕਾਂ ਨੇ ਕਿਹਾ ਕਿ ਗਰਮੀ ਵਿੱਚ ਘੱਟ ਵੋਲਟੇਜ਼ ਕਾਰਨ ਸਾਰਾ ਪਿੰਡ ਪ੍ਰੇਸ਼ਾਨ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਕਾਰਨ ਘਰਾਂ ਵਿੱਚ ਫਰਿਜ, ਐੱਲਈਡੀ, ਪੱਖੇ, ਕੂਲਰ ਆਦਿ ਨੁਕਸਾਨੇ ਜਾਣ ਦਾ ਡਰ ਲੱਗਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਰਾਤ ਦੇ ਸਮੇਂ ਬਿਜਲੀ ਘੱਟ ਵੋਲਟੇਜ ’ਤੇ ਆਉਂਦੀ ਹੈ ਜਿਸ ਕਾਰਨ ਪੱਖੇ ਅਤੇ ਏਸੀ ਆਦਿ ਨਾ ਚੱਲਣ ਕਾਰਨ ਛੋਟੇ ਬੱਚਿਆਂ ਦਾ ਸੌਣਾ ਮੁਸ਼ਕਲ ਹੋ ਰਿਹਾ ਹੈ।
ਰੋਸ ਪ੍ਰਦਰਸ਼ਨ ਕਰਨ ਵਾਲੇ ਸਾਰਟੀ ਦੇ ਨੌਜਵਾਨਾਂ ਨੇ ਦੱਸਿਆ ਕਿ 2-3 ਮਹੀਨੇ ਪਹਿਲਾਂ ਘੱਟ ਵੋਲਟੇਜ ਦੀ ਦਿੱਕਤ ਦੂਰ ਕਰਨ ਲਈ ਨਵਾਂ ਟਰਾਂਸਫਾਰਮਰ ਸਾਰਟੀ ਪਿੰਡ ਨੂੰ ਮਿਲਿਆ ਪਰ ਅੱਜ ਤੱਕ ਉਹ ਟਰਾਂਸਫਾਰਮਰ ਵਿਭਾਗ ਲਗਾ ਨਹੀਂ ਸਕਿਆ।
ਇਸ ਮੌਕੇ ਰਵੀਕਾਂਤ, ਅੰਕੂ ਸ਼ਰਮਾ, ਲਵਲੀਨ ਸ਼ਰਮਾ, ਨਰੇਸ਼ ਕੁਮਾਰ, ਸੌਰਵ ਸ਼ੁਕਲਾ, ਬਲਵਿੰਦਰ ਕੁਮਾਰ, ਸੰਦੀਪ ਸ਼ਰਮਾ ਆਦਿ ਨੇ ਚਿਤਾਵਨੀ ਦਿੱਤੀ ਕਿ ਜੇ ਵਿਭਾਗ ਨੇ 2-3 ਦਿਨਾਂ ਵਿੱਚ ਟਰਾਂਸਫਾਰਮਰ ਨਾ ਲਗਾਇਆ ਤਾਂ ਉਹ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦੇਣਗੇ।
ਪਾਵਰਕੌਮ ਦੇ ਜੇਈ ਨੇ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ ਟਰਾਂਸਫਾਰਮਰ ਲਗਾ ਦਿੱਤਾ ਜਾਵੇਗਾ।