ਘੱਗਰ ਦੀ ਮਾਰ: ਪਾਈਪ ਲਾਈਨ ਵਿਛਾ ਕੇ ਖੇਤਾਂ ’ਚੋਂ ਪਾਣੀ ਕੱਢਣ ਲੱਗੇ ਕਿਸਾਨ
ਪੱਤਰ ਪ੍ਰੇਰਕ
ਰਤੀਆ, 6 ਅਗਸਤ
ਪਿੰਡ ਕਮਾਣਾ ਅਤੇ ਕੰਵਲਗੜ੍ਹ ਇਲਾਕੇ ਦੇ ਸੈਂਕੜੇ ਏਕੜ ਜ਼ਮੀਨ ’ਚ ਖੜ੍ਹੇ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਲਈ ਜਿੱਥੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਮਿਲ ਕੇ ਆਪਣੇ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਦੋਵੇਂ ਪਿੰਡਾਂ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਭਵਿੱਖ ਵਿਚ ਆਉਣ ਵਾਲੇ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਦੇ ਵਿਸ਼ੇਸ਼ ਪ੍ਰਬੰਧ ਕਰਨ ਲਈ ਜ਼ਮੀਨਦੋਜ਼ ਪਾਈਪਲਾਈਨਾਂ ਵਿਛਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਏ ਭਿਆਨਕ ਹੜ੍ਹਾਂ ਕਾਰਨ ਦੋਵੇਂ ਪਿੰਡਾਂ ਦੀ ਕਰੀਬ 500 ਏਕੜ ਜ਼ਮੀਨ ਵਿਚ ਹੜ੍ਹਾਂ ਕਾਰਨ ਫਸਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ ਤੇ ਖੇਤਾਂ ਵਿਚ ਅੱਜ ਵੀ 5 ਤੋਂ 6 ਫੁੱਟ ਤੱਕ ਪਾਣੀ ਖੜ੍ਹਾ ਹੋਣ ਕਾਰਨ ਸੈਂਕੜੇ ਕਿਸਾਨਾਂ ਦੇ ਟਿਊਬਵੈੱਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਨਾਲ ਨਾਲ ਭਵਿੱਖ ਦੀ ਬੀਜੀ ਜਾਣ ਵਾਲੀ ਝੋਨੇ ਦੀ ਫਸਲ ਦਾ ਕੰਮ ਵੀ ਅੱਧ ਵਿਚਕਾਰ ਰਹਿ ਗਿਆ ਹੈ। ਗ੍ਰਾਮ ਪੰਚਾਇਤ ਕਮਾਣਾ ਦੇ ਸਰਪੰਚ ਪ੍ਰਤੀਨਿਧ ਪ੍ਰਸ਼ੋਤਮ ਸਿੰਘ ਤੋਂ ਇਲਾਵਾ ਪਿੰਡ ਕੰਵਲਗੜ੍ਹ ਦੇ ਸਰਪੰਚ ਨੇ ਉਪਰੋਕਤ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਜੇ.ਸੀ.ਬੀ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਜਿਸ ਹੇਠਲੇ ਇਲਾਕੇ ਦੇ ਖੇਤਾਂ ਵਿਚ ਪਾਣੀ ਖੜ੍ਹਾ ਹੈ ਉਸ ਦੀ ਨਿਕਾਸੀ ਲਈ ਪਿੰਡ ਦੇ ਨਜ਼ਦੀਕ ਵੱਡੇ ਖਾਲ ਬਣਾਏ ਜਾ ਰਹੇ ਹਨ। ਮੌਜੂਦਾ ਸਮੇਂ ਵਿਚ ਖੇਤਾਂ ਵਿਚ ਅਜੇ ਵੀ ਕਾਫ਼ੀ ਮਾਤਰਾ ਵਿਚ ਪਾਣੀ ਖੜ੍ਹਾ ਹੋਇਆ ਹੈ ਅਤੇ ਪੂਰੇ ਪਾਣੀ ਨੂੰ ਵਾਪਸ ਘੱਗਰ ਨਦੀ ਵਿਚ ਪਾਉਣ ਲਈ ਲੋਕਾਂ ਨੇ ਆਪਣੇ ਪੱਧਰ ’ਤੇ ਹੀ ਕੁੱਝ ਇਲਾਕੇ ਵਿਚ ਪਾਈਪਲਾਈਨਾਂ ਵੀ ਵਿਛਾਈਆਂ ਹਨ ਤਾਂ ਕਿ ਪਾਣੀ ਜਲਦੀ ਕੱਢ ਕੇ ਭਵਿੱਖ ਦੀ ਫਸਲ ਬੀਜੀ ਜਾਵੇ। ਸਬੰਧਤ ਪਿੰਡ ਦੇ ਕਿਸਾਨ ਜਸਪਾਲ ਸਿੰਘ, ਗੁਰਜੀਤ ਸਿੰਘ, ਬਿੱਲਾ ਸਿੰਘ, ਮਨਪ੍ਰੀਤ ਸਿੰਘ, ਜਗਪਾਲ ਸਿੰਘ, ਬਲਕਾਰ ਸਿੰਘ, ਰਵੀ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਆਸ ਪਾਸ ਅਨੇਕਾਂ ਕਿਸਾਨਾਂ ਦੇ ਖੇਤ ਕਾਫੀ ਨੀਵੇਂ ਹੋਣ ਕਾਰਨ ਉਥੇ ਪਾਣੀ ਦਾ ਪੱਧਰ ਅੱਜ ਵੀ 5 ਤੋਂ 6 ਫੁੱਟ ਤੱਕ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਘੱਗਰ ਨਦੀ ਵਿਚ ਹੜ੍ਹਾਂ ਦਾ ਪਾਣੀ ਹੇਠਾਂ ਚਲਾ ਗਿਆ ਹੈ ਅਤੇ ਜਿਨ੍ਹਾਂ ਖੇਤਾਂ ਦਾ ਪੱਧਰ ਉਚਾ ਸੀ ਉਥੋਂ ਪਾਣੀ ਨਿਕੱਲ ਚੁੱਕਾ ਹੈ ਪਰ ਅਜੇ ਵੀ ਸੈਂਕੜੇ ਏਕੜ ਜ਼ਮੀਨ ਵਿਚ ਪਾਣੀ ਖੜ੍ਹਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਦੱਸਿਆ ਕਿ ਜੇਕਰ ਪਿੰਡ ਦੇ ਨਜ਼ਦੀਕ ਵੱਡੀ ਪਾਈਪਲਾਈਨ ਪਾ ਕੇ ਇਸ ਪਾਣੀ ਨੂੰ ਵਾਪਸ ਘੱਗਰ ਨਦੀ ਵਿਚ ਛੱਡਿਆ ਜਾਵੇ ਤਾਂ ਕਾਫੀ ਹੱਦ ਤੱਕ ਸਥਾਈ ਹੱਲ ਹੋ ਸਕਦਾ ਹੈ।