ਘਰ ਦਾ ਸੌਦਾ ਕਰਕੇ ਮੁੱਕਰਨ ਤੇ ਸਾਮਾਨ ਖੁਰਦ-ਬੁਰਦ ਕਰਨ ਦਾ ਦੋਸ਼
ਨਿੱਜੀ ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 25 ਮਈ
ਇਥੋਂ ਦੇ ਰਹਿਣ ਵਾਲੇ ਇਕ ਪਰਿਵਾਰ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਘਰ ਵੇਚਣ ਦਾ ਸੌਦਾ ਕੀਤਾ। ਇਹ ਸੌਦਾ ਪੂਨਮ ਰਾਣੀ ਪਤਨੀ ਕਿਸ਼ੋਰੀ ਲਾਲ ਵਾਸੀ ਏਕਤਾ ਨਗਰ ਮੁੱਲਾਂਪੁਰ ਨਾਲ 11 ਲੱਖ 60 ਹਜ਼ਾਰ ਰੁਪਏ ਵਿੱਚ ਤੈਅ ਹੋਇਆ। ਥਾਣਾ ਦਾਖਾ ਵਿੱਚ ਦਿੱਤੀ ਸ਼ਿਕਾਇਤ ਵਿੱਚ ਪੂਨਮ ਰਾਣੀ ਨੇ ਕਿਹਾ ਕਿ ਸੌਦੇ ਮੁਤਾਬਕ 10 ਲੱਖ 60 ਹਜ਼ਾਰ ਰੁਪਏ ਦੇ ਦਿੱਤੇ ਗਏ ਜਦਕਿ ਬਾਕੀ ਦੇ ਇਕ ਲੱਖ ਰੁਪਏ ਰਜਿਸਟਰੀ ਸਮੇਂ ਦੇਣ ਦੀ ਗੱਲ ਹੋਈ। ਸਾਢੇ ਦਸ ਲੱਖ ਤੋਂ ਵਧੇਰੇ ਦੀ ਰਕਮ ਲੈ ਕੇ ਮੁਲਜ਼ਮਾਂ ਨੇ ਘਰ ਦੇ ਇਕ ਕਮਰੇ ਦਾ ਕਬਜ਼ਾ ਵੀ ਪੂਨਮ ਰਾਣੀ ਨੂੰ ਦੇ ਦਿੱਤਾ। ਪੂਨਮ ਮੁਤਾਬਕ ਉਸ ਨੇ ਆਪਣਾ ਘਰੇਲੂ ਤੇ ਹੋਰ ਸਾਮਾਨ ਇਸ ਕਮਰੇ ਵਿੱਚ ਰੱਖ ਕੇ ਜਿੰਦਰਾ ਲਾ ਦਿੱਤਾ। ਪਰ ਕੁਝ ਦਿਨਾਂ ਮਗਰੋਂ ਜਦੋਂ ਉਹ ਕਮਰੇ ਵਿੱਚ ਗਈ ਤਾਂ ਮੁਲਜ਼ਮਾਂ ਨੇ ਪਹਿਲਾਂ ਤਾਂ ਉਸ ਨੂੰ ਅੰਦਰ ਜਾਣ ਤੋਂ ਰੋਕਿਆ। ਉਸ ਨੇ ਦੇਖਿਆ ਕਿ ਜਿੰਦਰਾ ਤੋੜ ਕੇ ਕਮਰੇ ਵਿੱਚ ਪਿਆ ਸਾਮਾਨ ਖੁਰਦ ਬੁਰਦ ਕੀਤਾ ਹੋਇਆ ਸੀ।
ਪੂਨਮ ਰਾਣੀ ਮੁਤਾਬਕ ਕਮਰੇ ਵਿੱਚ ਰੱਖੀ ਨਕਦੀ ਤੇ ਮੋਬਾਈਲ ਚੋਰੀ ਕਰ ਲਿਆ ਗਿਆ ਸੀ। ਪੁਲੀਸ ਨੇ ਪੂਨਮ ਦੇ ਬਿਆਨਾਂ ’ਤੇ ਮੁੱਲਾਂਪੁਰ ਦੇ ਹੀ ਰਹਿਣ ਵਾਲੇ ਰਣਜੀਤ ਕੌਰ, ਜਤਿੰਦਰਪਾਲ ਸਿੰਘ, ਬਲਜੀਤ ਸਿੰਘ ਤੇ ਰਾਜਵੰਤ ਕੌਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਦਾਖਾ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਦੋਹਾਂ ਧਿਰਾਂ ਵਿੱਚ ਰਾਜ਼ੀਨਾਮਾ ਹੋਇਆ ਸੀ ਜਿਸ ਵਿੱਚ ਮੁਲਜ਼ਮਾਂ ਨੇ ਰੁਪਏ ਮੋੜਨ ਦੀ ਗੱਲ ਕਹੀ ਸੀ। ਪਰ ਬਾਅਦ ਵਿੱਚ ਨਾ ਤਾਂ ਰੁਪਏ ਮੋੜੇ ਤੇ ਨਾ ਹੀ ਰਜਿਸਟਰੀ ਕਰਵਾਈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਸਮੇਂ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਪੁੱਤ ਨੂੰ ਵਿਦੇਸ਼ ਭੇਜਣ ਲਈ ਘਰ ਵੇਚਿਆ ਸੀ। ਪਰ ਪੁੱਤ ਦੇ ਵਿਦੇਸ਼ ਜਾਣ ਮਗਰੋਂ ਮੁਲਜ਼ਮ ਮੁੱਕਰ ਗਏ। ਏਐੱਸਆਈ ਸੁਖਵਿੰਦਰ ਸਿੰਘ ਮੁਤਾਬਕ ਮਾਮਲਾ ਦਰਜ ਹੋਣ ਤੋਂ ਬਾਅਦ ਸਾਰੇ ਮੁਲਜ਼ਮ ਫਰਾਰ ਹਨ ਜਿਨ੍ਹਾਂ ਦੀ ਭਾਲ ਵਿੱਚ ਪੁਲੀਸ ਛਾਪੇਮਾਰੀ ਕਰ ਰਹੀ ਹੈ।