ਘਰ ’ਚ ਦਾਖ਼ਲ ਹੋ ਕੇ ਭੰਨ-ਤੋੜ; ਕੇਸ ਦਰਜ
ਪੱਤਰ ਪ੍ਰੇਰਕ
ਫਗਵਾੜਾ, 22 ਮਈ
ਘਰ ’ਚ ਦਾਖ਼ਲ ਹੋ ਕੇ ਭੰਨ-ਤੋੜ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਚਾਰ ਨੌਜਵਾਨਾਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਚਓ ਸਿਟੀ ਊਸ਼ਾ ਰਾਣੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਰਮਜੀਤ ਕੌਰ ਪਤਨੀ ਵਿਜੇ ਕੁਮਾਰ ਵਾਸੀ ਮੁਹੱਲਾ ਪ੍ਰੇਮਪੁਰਾ ਨੇ ਪੁਲੀਸ ਨੂੰ ਦਿੱਤੀ ਜਾਣਕਾਰੀ ’ਚ ਦੱਸਿਆ ਕਿ 18 ਮਈ ਨੂੰ ਉਹ ਆਪਣੇ ਘਰ ਮੌਜੂਦ ਸੀ ਤਾਂ ਤਾਨਿਸ਼ ਨਾਮੀ ਨੌਜਵਾਨ ਆਪਣੇ ਸਾਥੀਆਂ ਨਾਲ ਆਇਆ ਤਾਂ ਰਾਤ ਸਮੇਂ ਦਰਵਾਜ਼ਾ ਖੜਕਾਇਆ। ਜਦੋਂ ਉਨ੍ਹਾਂ ਦੇਖਿਆ ਤਾਂ ਇਸ ਦੇ ਨਾਲ ਹੋਰ ਲੜਕੇ ਮੌਜੂਦ ਸਨ ਤੇ ਉਹ ਉਨ੍ਹਾਂ ਦੇ ਲੜਕੇ ਹਿਮਾਂਸ਼ੂ ਬਾਰੇ ਪੁੱਛਣ ਲੱਗ ਪਿਆ। ਜਦੋਂ ਉਨ੍ਹਾਂ ਕਿਹਾ ਕਿ ਉਹ ਘਰ ’ਚ ਨਹੀਂ ਹੈ ਤਾਂ ਇਨ੍ਹਾਂ ਘਰ ਅੰਦਰ ਦਾਖ਼ਲ ਹੋ ਕੇ ਐਲ.ਈ.ਡੀ., ਮੋਟਰ ਤੇ ਸੀ.ਸੀ.ਟੀ.ਵੀ ਕੈਮਰਾ ਤੋੜ ਦਿੱਤਾ ਤੇ ਗਾਲੀ ਗਲੋਚ ਕਰਦੇ ਹੋਏ ਡਰਾਉਣ ਧਮਕਾਉਣ ਲੱਗ ਪਏ ਤੇ ਦੀਪਾ ਨਾਮੀ ਨੌਜਵਾਨ ਨੇ ਆਪਣੇ ਡੱਬ ’ਚੋਂ ਪਿਸਤੌਲ ਵੀ ਕੱਢ ਕੇ ਉਨ੍ਹਾਂ ਨੂੰ ਡਰਾਇਆ ਤੇ ਧਮਕੀਆਂ ਦਿੰਦੇ ਹੋਏ ਚੱਲੇ ਗਏ। ਇਸ ਸਬੰਧੀ ਪੁਲੀਸ ਨੇ ਤਾਨਿਸ਼ ਉਰਫ਼ ਭਿੰਦਾ ਵਾਸੀ ਸੁਭਾਸ਼ ਨਗਰ, ਦੀਪ ਚੀਚਾ ਵਾਸੀ ਪਲਾਹੀ ਗੇਟ, ਦੀਪਾ ਵਾਸੀ ਡੱਡਲ ਮੁਹੱਲਾ ਤੇ ਫਤਿਹ ਵਾਸੀ ਬਾਬਾ ਗਧੀਆ ਖ਼ਿਲਾਫ਼ ਕੇਸ ਦਰਜ ਕੀਤਾ ਹੈ।