ਘਰ ’ਚੋਂ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ
ਪੱਤਰ ਪ੍ਰੇਰਕ
ਧਾਰੀਵਾਲ, 2 ਜਨਵਰੀ
ਥਾਣਾ ਧਾਰੀਵਾਲ ਦੀ ਪੁਲੀਸ ਵੱਲੋਂ ਪਿੰਡ ਜੱਫਰਵਾਲ ਦੇ ਬਾਹਰਵਾਰ ਇੱਕ ਘਰ ਵਿੱਚ ਛਾਪਾ ਮਾਰ ਕੇ ਡੰਗਰਾਂ ਵਾਲੇ ਵਰਾਂਡੇ ਵਿੱਚ ਤੂੜੀ ਤੇ ਢੇਰ ਵਿੱਚੋਂ ਪਲਾਸਟਿਕ ਦੇ 8 ਕੈਨਾਂ ਵਿੱਚ ਪਾ ਕੇ ਰੱਖੀ 450 ਕਿਲੋ ਲਾਹਣ (ਸਾਢੇ ਚਾਰ ਕੁਇੰਟਲ) ਅਤੇ 30 ਹਜ਼ਾਰ ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਥਾਣਾ ਧਾਰੀਵਾਲ ਦੀ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਹਰਭਜਨ ਚੰਦ ਸਮੇਤ ਪੁਲੀਸ ਪਾਰਟੀ ਗਸ਼ਤ ਕਰਦੇ ਸਮੇਂ ਜਦੋਂ ਜੱਫਰਵਾਲ ਟੀ ਪੁਆਇੰਟ ’ਤੇ ਪਹੁੰਚੇ ਤਾਂ ਮਿਲੀ ਇਤਲਾਹ ’ਤੇ ਜਸਬੀਰ ਸਿੰਘ ਦੇ ਪਿੰਡ ਦੇ ਬਾਹਰਵਾਰ ਸਥਿਤ ਘਰ ’ਚ ਛਾਪਾ ਮਾਰਿਆ ਗਿਆ ਜਿਸ ਦੌਰਾਨ ਪੁਲੀਸ ਪਾਰਟੀ ਨੂੰ ਦੇਖ ਕੇ ਜਸਬੀਰ ਸਿੰਘ ਆਪਣੇ ਘਰ ਦੇ ਪਿਛਲੇ ਪਾਸੇ ਦੀ ਭੱਜ ਗਿਆ।
ਤਲਾਸ਼ੀ ਲੈਣ ’ਤੇ ਉਸਦੇ ਡੰਗਰਾਂ ਵਾਲੇ ਵਰਾਂਡੇ ਵਿੱਚ ਤੂੜੀ ਤੇ ਢੇਰ ਵਿੱਚੋਂ ਪਲਾਸਟਿਕ ਦੇ 8 ਕੈਨਾਂ ਵਿੱਚ ਪਾ ਕੇ ਰੱਖੀ ਹੋਈ 450 ਕਿਲੋ ਲਾਹਣ (ਸਾਢੇ ਚਾਰ ਕੁਇੰਟਲ) ਅਤੇ 30 ਹਜ਼ਾਰ ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲੀਸ ਨੇ ਜਸਬੀਰ ਸਿੰਘ ਵਿਰੁੱਧ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।