ਘਰਾਂ ਦਾ ਉਜਾੜਾ ਰੋਕਣ ਲਈ ਚੱਪੜਚਿੜੀ ਦੇ ਲੋਕਾਂ ਨੇ ਵਿਧਾਇਕ ਦਾ ਬੂਹਾ ਖੜਕਾਇਆ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 1 ਜੂਨ
‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-79 ਸਥਿਤ ਪਾਰਟੀ ਦਫ਼ਤਰ ਵਿੱਚ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਨੂੰ ਨਿਯਮਾਂ ਤਹਿਤ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਪਿੰਡ ਚੱਪੜਚਿੜੀ ਖ਼ੁਰਦ ਦੇ ਲੋਕਾਂ ਨੇ ਘਰਾਂ ਦਾ ਉਜਾੜਾ ਰੋਕਣ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਵਿਧਾਇਕ ਨੂੰ ਦੱਸਿਆ ਕਿ ਉਹ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਪਰਿਵਾਰਾਂ ਨਾਲ ਰਹਿ ਰਹੇ ਹਨ ਪਰ ਹਮੇਸ਼ਾ ਉਨ੍ਹਾਂ ’ਤੇ ਉਜਾੜੇ ਦੀ ਤਲਵਾਰ ਲਮਕਦੀ ਰਹਿੰਦੀ ਹੈ।
ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਰਹਿੰਦੇ ਇੱਕ ਵਿਅਕਤੀ ਨੇ ਨਾਜਾਇਜ਼ ਕਬਜ਼ੇ ਹਟਾਉਣ ਦਾ ਕੇਸ ਕੀਤਾ ਹੋਇਆ ਹੈ। ਇਸ ਨੂੰ ਆਧਾਰ ਬਣਾ ਕੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪਿੰਡ ਦੀ ਕਰੀਬ 90 ਫ਼ੀਸਦੀ ਆਬਾਦੀ ਨੂੰ ਨੋਟਿਸ ਕੱਢ ਕੇ ਨਾਜਾਇਜ਼ ਕਬਜ਼ੇ ਹਟਾਉਣ ਲਈ ਕਿਹਾ ਜਾਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮੌਜੂਦਾ ਘਰਾਂ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਜਾਇਦਾਦ ਵੀ ਨਹੀਂ ਹੈ ਅਤੇ ਜ਼ਿਆਦਾਤਰ ਲੋਕ ਗ਼ਰੀਬ ਵਰਗ ਨਾਲ ਸਬੰਧਤ ਹਨ। ਇਸੇ ਦੌਰਾਨ ਪਿੰਡ ਵਾਸੀਆਂ ਚੱਪੜਚਿੜੀ ਦੀ ਖਸਤਾ ਹਾਲਤ ਸੜਕ ਦਾ ਮੁੱਦਾ ਚੁੱਕਦਿਆਂ ਵਿਧਾਇਕ ਤੋਂ ਮੰਗ ਕੀਤੀ ਕਿ ਜਦੋਂ ਤੱਕ ਸੜਕ ਨਹੀਂ ਬਣ ਜਾਂਦੀ, ਉਦੋਂ ਤੱਕ ਆਰਜ਼ੀ ਤੌਰ ’ਤੇ ਆਵਾਜਾਈ ਬੰਦ ਕੀਤੀ ਜਾਵੇ, ਕਿਉਂਕਿ ਵਾਹਨਾਂ ਦੇ ਲੰਘਣ ਨਾਲ ਸਾਰਾ ਮਿੱਟੀ ਉੱਠ ਕੇ ਉਨ੍ਹਾਂ ਦੇ ਘਰਾਂ ਵਿੱਚ ਆਉਂਦੀ ਹੈ।
ਵਿਧਾਇਕ ਨੇ ਕਿਹਾ ਕਿ ਸੜਕ ’ਤੇ ਆਵਾਜਾਈ ਨਹੀਂ ਰੋਕੀ ਜਾ ਸਕਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸੜਕ ਬਣਾਉਣ ਦਾ ਕੰਮ ਜਲਦੀ ਮੁਕੰਮਲ ਕਰਨ ਲਈ ਯੋਗ ਪੈਰਵੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਘਰਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਾਰੀ ਕਾਰਵਾਈ ਨਿਯਮਾਂ ਤਹਿਤ ਹੀ ਕੀਤੀ ਜਾਵੇਗੀ।
ਇੰਜ ਹੀ ਪਿੰਡ ਢੇਲਪੁਰ ਦੇ ਵਸਨੀਕਾਂ ਨੇ ਸ਼ਾਮਲਾਤ ਟੋਭੇ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਮੁੱਦੇ ’ਤੇ ਝਗੜੇ ਹੋ ਰਹੇ ਹਨ। ਪਿੰਡ ਵਾਸੀਆਂ ਨੇ ਬਣਦੀ ਕਾਰਵਾਈ ਦੀ ਮੰਗ ਕੀਤੀ। ਕਈ ਸਰਕਾਰੀ ਮੁਲਾਜ਼ਮਾਂ ਨੇ ਆਪਣੀਆਂ ਬਦਲੀਆਂ ਬਾਬਤ ਦਰਖ਼ਾਸਤਾਂ ਦਿੱਤੀਆਂ ਅਤੇ ਕੁੱਝ ਲੋਕਾਂ ਨੇ ਪਿੰਡ ਦੀਆਂ ਗਲੀਆਂ-ਨਾਲੀਆਂ, ਫਿਰਨੀਆਂ ਅਤੇ ਲਿੰਕ ਸੜਕਾਂ ਦਾ ਮੁੱਦਾ ਚੁੱਕਿਆ।