ਘੜਾਮ ਮਾਈਨਰ ਦੇ ਪੱਛਮੀ ਬੰਨ੍ਹ ’ਚ 15 ਫੁੱਟ ਪਾੜ ਪਿਆ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 25 ਮਈ
ਇੱਥੇ ਘੜਾਮ ਮਾਈਨਰ ਵਿੱਚ ਬੀਤੀ ਰਾਤ ਅਚਾਨਕ ਪਾਣੀ ਆਉਣ ਕਾਰਨ ਪਿੰਡ ਭੰਬੂਆਂ ਨੇੜੇ 15 ਫੁੱਟ ਦਾ ਪਾੜ ਪੈ ਗਿਆ। ਜਾਣਕਾਰੀ ਮੁਤਾਬਕ ਪਿੰਡ ਨੇੜੇ ਲਾਏ ਜਾ ਰਹੇ ਟ੍ਰੀਟਮੈਂਟ ਪਲਾਂਟ ਦੇ ਪ੍ਰਾਜੈਕਟ ਅਧੀਨ ਪਾਏ ਜਾ ਰਹੇ ਸੀਵਰੇਜ ਪਾਈਪ ਪਾਉਣ ਸਮੇਂ ਠੇਕੇਦਾਰ ਵੱਲੋਂ ਰਜਵਾਹੇ ਦੇ ਪਾਣੀ ਨੂੰ ਰੋਕਣ ਲਈ ਇਸ ਵਿੱਚ ਬੰਨ੍ਹ ਮਾਰਕੇ ਪਾਣੀ ਨੂੰ ਘੱਗਰ ਵਿੱਚ ਸੁੱਟਣ ਲਈ ਸੀਮਿੰਟ ਦੇ ਵੱਡੇ ਪਾਈਪ ਪਾਏ ਗਏ ਸਨ ਤਾਂ ਕਿ ਪਾਣੀ ਨਾਲ ਅੱਗੇ ਚੱਲ ਰਹੇ ਕੰਮ ਵਿੱਚ ਰੁਕਾਵਟ ਨਾ ਆ ਸਕੇ ਪਰ ਬੀਤੀ ਰਾਤ ਅਚਾਨਕ ਰਜਵਾਹੇ ਵਿੱਚ ਨਹਿਰੀ ਵਿਭਾਗ ਵੱਲੋਂ ਪਾਣੀ ਛੱਡਿਆ ਗਿਆ ਤਾਂ ਪਿੰਡ ਭੰਬੂਆਂ ਨੇੜੇ ਪੱਛਮ ਵਾਲੇ ਪਾਸੇ ਜਿੱਥੇ ਪਾਈਪ ਦੱਬੇ ਗਏ ਸਨ, ਉੱਥੋਂ ਪਾਣੀ ਨਾਲ ਰਜਵਾਹੇ ਦੀ ਪਟੜੀ ਵਿੱਚ ਲਗਭਗ 15 ਫੁੱਟ ਚੌੜਾ ਪਾੜ ਪੈ ਗਿਆ।
ਜਾਣਕਾਰੀ ਅਨੁਸਾਰ ਨਗਰ ਪੰਚਾਇਤ ਦੇਵੀਗੜ੍ਹ ਵੱਲੋਂ ਦੇਵੀਗੜ੍ਹ ਅਤੇ ਆਸ-ਪਾਸ ਦੇ ਪਿੰਡਾਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਲਗਭਗ 19.5 ਕਰੋੜ ਦੀ ਲਾਗਤ ਨਾਲ ਟ੍ਰੀਟਮੈਂਟ ਪਲਾਂਟ ਰਾਜਨ ਬਿਲਡਰਜ਼ ਵੱਲੋਂ ਲਾਇਆ ਜਾ ਰਿਹਾ ਹੈ, ਜਿਸ ਦਾ ਕਾਫ਼ੀ ਕੰਮ ਹੋ ਗਿਆ ਹੈ ਅਤੇ ਬਾਕੀ ਕੰਮ ਪਿੰਡ ਭੰਬੂਆਂ ਨੇੜੇ ਚੱਲ ਰਿਹਾ ਹੈ। ਰਜਵਾਹੇ ਦੇ ਆਰ-ਪਾਰ ਪਾਈਪ ਪਾਉਣ ਲਈ ਅਤੇ ਪਟੜੀ ਦੇ ਨਾਲ-ਨਾਲ ਪਾਈਪ ਪਾਉਣ ਦੇ ਚੱਲ ਰਹੇ ਕੰਮ ਕਾਰਨ ਠੇਕੇਦਾਰ ਵੱਲੋਂ ਰਜਵਾਹੇ ਦਾ ਪਾਣੀ ਪਿੱਛੋਂ ਬੰਦ ਕਰਵਾਇਆ ਗਿਆ ਸੀ ਪਰ ਅਚਾਨਕ ਬੀਤੀ ਰਾਤ ਨੂੰ ਨਹਿਰੀ ਵਿਭਾਗ ਵੱਲੋਂ ਝੋਨੇ ਦੀ ਫਸਲ ਲਾਉਣ ਲਈ ਪਾਣੀ ਰਜਵਾਹੇ ਵਿੱਚ ਛੱਡ ਦਿੱਤਾ ਗਿਆ। ਠੇਕੇਦਾਰ ਵੱਲੋਂ ਇਸ ਪਾਣੀ ਨੂੰ ਰੋਕ ਕੇ ਘੱਗਰ ਵਿੱਚ ਪਾਉਣ ਲਈ ਜਿੱਥੇ ਪਾਈਪ ਦੱਬੇ ਗਏ ਸਨ ਉੱਥੇ ਮਿੱਟੀ ਪੋਲੀ ਹੋਣ ਕਰਕੇ ਅਤੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪਾੜ ਪੈ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਨੇ ਘੱਗਰ ਕੰਢੇ ਲੱਗੇ ਪੁਰਾਣੇ ਪੱਥਰ ਵੀ ਰੋੜ੍ਹ ਦਿੱਤੇ। ਇਸ ਦੌਰਾਨ ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਸਬੰਧਤ ਠੇਕੇਦਾਰ ਵੱਲੋਂ ਪਾਣੀ ਦੀ ਨਿਕਾਸੀ ਲਈ ਪਾਏ ਗਏ ਪਾਈਪ ਸਹੀ ਤਰੀਕੇ ਨਾਲ ਨਹੀਂ ਦੱਬੇ ਗਏ ਸਨ ਜਿਸ ਦੀ ਅਣਗਹਿਲੀ ਕਾਰਨ ਹੀ ਇੱਥੇ ਪਾੜ ਪਿਆ ਹੈ।
ਕੰਮ ਮੁਕੰਮਲ ਕਰਨ ਲਈ ਠੇਕੇਦਾਰ ਨੂੰ ਕਈ ਪੱਤਰ ਲਿਖੇ: ਐੱਸਡੀਓ
ਸਿੰਜਾਈ ਵਿਭਾਗ ਦੇ ਸਬੰਧਤ ਐੱਸਡੀਓ ਨੇ ਕਿਹਾ ਕਿ ਉਹ ਕਈ ਵਾਰ ਸਬੰਧਤ ਠੇਕੇਦਾਰ ਨੂੰ ਪੱਤਰ ਲਿਖ ਚੁੱਕੇ ਹਨ ਕਿ ਝੋਨੇ ਦਾ ਸੀਜਨ ਆਉਣ ਵਾਲਾ ਹੈ ਅਤੇ ਰਜਵਾਹੇ ਵਿੱਚ ਪਾਣੀ ਛੱਡਿਆ ਜਾਣਾ ਹੈ, ਇਸ ਲਈ ਇਸ ਕੰਮ ਨੂੰ ਜਲਦੀ ਨੇਪਰੇ ਚਾੜ੍ਹਿਆ ਜਾਵੇ ਜਾਂ ਫਿਰ ਇਸ ਕੰਮ ਨੂੰ ਸੀਜਨ ਤੱਕ ਰੋਕਿਆ ਜਾਵੇ ਪਰ ਸਬੰਧਤ ਠੇਕੇਦਾਰ ਨੇ ਨਾ ਤਾਂ ਇਸ ਕੰਮ ਨੂੰ ਜਲਦੀ ਮੁਕੰਮਲ ਕੀਤਾ ਅਤੇ ਨਾ ਹੀ ਇਸ ਕੰਮ ਨੂੰ ਰੋਕਿਆ ਜੋ ਰਜਵਾਹੇ ’ਚ ਪਾੜ ਪੈਣ ਦਾ ਕਾਰਨ ਬਣਿਆ। ਇਸ ਤੋਂ ਇਲਾਵਾ ਰਜਵਾਹੇ ਦੇ ਨਾਲ-ਨਾਲ ਜੋ ਦੀਵਾਰ ਬਣੀ ਹੋਈ ਸੀ, ਉਹ ਵੀ ਤਾਜ਼ੀ ਪਾਈ ਗਈ ਮਿੱਟੀ ਦੇ ਭਾਰ ਨਾਲ ਬੈਠ ਗਈ ਹੈ। ਉਨ੍ਹਾਂ ਠੇਕੇਦਾਰ ਨੂੰ ਇਸ ਦੀਵਾਰ ਨੂੰ ਵੀ ਮੁੜ ਬਣਾਉਣ ਲਈ ਕਿਹਾ ਹੈ।Advertisementਠੇਕੇਦਾਰ ਨੂੰ ਪਾੜ ਜਲਦੀ ਪੂਰਨ ਲਈ ਆਖਿਆ ਗਿਐ: ਪ੍ਰਧਾਨ
ਨਗਰ ਪੰਚਾਇਤ ਦੇਵੀਗੜ੍ਹ ਦੀ ਪ੍ਰਧਾਨ ਸਵਿੰਦਰ ਕੌਰ ਧੰਜੂ ਨੇ ਕਿਹਾ ਕਿ ਸਬੰਧਤ ਠੇਕੇਦਾਰ ਵੱਲੋਂ ਇਸ ਕੰਮ ਨੂੰ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਸੀ ਤਾਂ ਕਿ ਇਸ ਕੰਮ ਨੂੰ 3 ਜੂਨ ਤੋਂ ਪਹਿਲਾਂ ਪਹਿਲਾਂ ਮੁਕੰਮਲ ਕੀਤਾ ਜਾ ਸਕੇ ਪਰ ਨਹਿਰੀ ਵਿਭਾਗ ਵੱਲੋਂ ਬੀਤੀ ਰਾਤ ਰਜਵਾਹੇ ਵਿੱਚ ਪਾਣੀ ਛੱਡੇ ਜਾਣ ਕਰਕੇ ਇਹ ਪਾੜ ਪਿਆ ਹੈ ਪਰ ਹੁਣ ਇਸ ਨੂੰ ਠੇਕੇਦਾਰ ਵੱਲੋਂ ਜੇ.ਸੀ.ਬੀ. ਮਸ਼ੀਨ ਲਗਾ ਕੇ ਜਲਦੀ ਪੂਰੇ ਜਾਣ ਲਈ ਕਹਿ ਦਿੱਤਾ ਗਿਆ ਹੈ।