ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੱਲਾਂ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦੀਆਂ

04:53 AM Dec 28, 2024 IST

ਅਭੈ ਸਿੰਘ
ਪਤਾ ਨਹੀ ਕਦੋਂ, ਕਿੱਥੇ ਤੇ ਕਿਹੜੇ ਅਦਾਰੇੇ ਵੱਲੋਂ ਅਜਿਹਾ ਐਲਾਨ ਕੀਤਾ ਗਿਆ ਕਿ ਪੰਜਾਬ ਦਾ ਵਿਸ਼ੇਸ਼ ਖਾਣਾ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਹੋਵੇਗਾ, ਪਰ ਇਹ ਬਣ ਚੁੱਕਾ ਹੈ। ਹੋਰ ਵੀ ਕਈ ਚੀਜ਼ਾਂ ਮਸ਼ਹੂਰ ਹਨ ਜਿਵੇਂ ਅੰਮ੍ਰਿਤਸਰੀ ਕੁਲਚੇ ਤੇ ਅੰਮ੍ਰਿਤਸਰੀ ਮੱਛੀ ਵਗੈਰਾ, ਪਰ ਪੂਰੇ ਪੰਜਾਬ ਦੇ ਤੌਰ ’ਤੇ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦੀ ਹਸਤੀ ਚੰਗੀ ਤਰ੍ਹਾਂ ਸਥਾਪਤ ਹੈ। ਪਹਿਲੀਆਂ ਵਿੱਚ ਇਹ ਬਿਲਕੁਲ ਪੇਂਡੂ ਖੁਰਾਕ ਹੀ ਸੀ ਤੇ ਇੱਕ ਹੱਦ ਤੱਕ ਗ਼ਰੀਬੀ ਦਾਅਵੇ ਦਾ ਖਾਣਾ ਸੀ।
ਸਾਉਣੀ ਦੀ ਮੁੱਖ ਫ਼ਸਲ ਮੱਕੀ ਹੁੰਦੀ ਸੀ। ਬਾਰਸ਼ਾਂ ਹੋਣ ਕਰਕੇ ਇਸ ਦੀ ਪੈਦਾਵਾਰ ਵੀ ਕਣਕ ਨਾਲੋਂ ਵੱਧ ਸੀ ਤੇ ਭਾਅ ਵਿੱਚ ਸਸਤੀ ਵੀ। ਸਿਆਲਾਂ ਵਿੱਚ ਮੱਕੀ ਦੀ ਰੋਟੀ ਉੱਪਰ ਇਸ ਕਰਕੇ ਵੀ ਜ਼ੋਰ ਹੁੰਦਾ ਸੀ ਕਿ ਚੇਤ ਤੇ ਵਿਸਾਖ ਦੇ ਮਹੀਨਿਆਂ ਤੱਕ ਕਣਕ ਦੀ ਕਮੀ ਨਾ ਆ ਜਾਵੇ। ਇਨ੍ਹਾਂ ਮਹੀਨਿਆਂ ਨੂੰ ਥੋੜ੍ਹ ਦੇ ਪੱਖੋਂ ਤੇਰਵਾਂ ਮਹੀਨਾ ਕਿਹਾ ਜਾਾਂਦਾ ਸੀ। ਸ਼ਾਇਦ ਇਸੇ ਕਰਕੇ ਕਈ ਵਾਰ ਜਦੋਂ ਸਾਗ ਤੇ ਮੱਕੀ ਦੀ ਰੋਟੀ ਬਣੀ ਹੋਈ ਤੋਂ ਪ੍ਰਾਹੁਣਾ ਆ ਜਾਵੇ ਤਾਂ ਉਸ ਵਾਸਤੇ ਉਚੇਚਾ ਕਣਕ ਦਾ ਆਟਾ ਗੁੰਨ੍ਹਿਆ ਜਾਂਦਾ ਸੀ ਤੇ ਦਾਲ ਚੜ੍ਹਾਈ ਜਾਂਦੀ ਸੀ।
ਕਦੇ ਸਕੂਲਾਂ ਦੇ ਬੱਚਿਆਂ ਨੂੰ ਦੁਪਹਿਰ ਦੇ ਖਾਣੇ ਵਾਸਤੇ ਮੱਕੀ ਦੀ ਰੋਟੀ ਭੂਰ ਕੇ ਗੁੜ ਵਿੱਚ ਗੁੰਨ੍ਹੀ ਚੂਰੀ ਆਮ ਹੁੰਦੀ ਸੀ ਜੋ ਕੱਪੜੇ ਦੇ ਪੋਣੇ ਵਿੱਚ ਘੁੱਟ ਕੇ ਬੱਧੀ ਹੁੰਦੀ ਸੀ। ਸਿਆਲਾਂ ਦੇ ਦਿਨਾਂ ਵਿੱਚ ਇਨ੍ਹਾਂ ਵਿਚਲਾ ਘਿਓ ਜੰਮ ਕੇ ਚੂਰੀ ਨੂੰ ਸਖ਼ਤ ਬਣਾ ਦਿੰਦਾ ਸੀ। ਇੱਥੋਂ ਤੱਕ ਸੁਣਿਆ ਕਿ ਕਿਧਰੇ ਮੁੰਡੇ ਲੜਦੇ ਹੋਏ ਬਸਤਿਓਂ ਬਸਤੀ ਹੋ ਗਏ ਤਾਂ ਬਸਤੇ ਵਿਚਲੀ ਚੂਰੀ ਵੱਜਣ ਨਾਲ ਇੱਕ ਮੁੰਡੇ ਦੇ ਮੱਥੇ ’ਤੇ ਰੋਬੜਾ ਪੈ ਗਿਆ। ਅੱਜਕੱਲ੍ਹ ਯੂ ਟਿਊਬ ਉੱਪਰ ਬਹੁਤ ਤਰੀਕੇ ਦੱਸੇ ਜਾਂਦੇ ਹਨ ਕਿ ਕਿਵੇਂ ਮੱਕੀ ਦੀ ਰੋਟੀ ਵੀ ਕਣਕ ਦੀ ਰੋਟੀ ਵਾਂਗ ਪਤਲੀ ਤੇ ਕੂਲੀ ਬਣਾਈ ਜਾ ਸਕਦੀ ਹੈ। ਠੀਕ ਹੈ, ਪਰ ਫਿਰ ਬੰਦਾ ਕਣਕ ਦੀ ਹੀ ਕਿਉਂ ਨਾ ਖਾ ਲਵੇ। ਮੱਕੀ ਦਾ ਸਵਾਦ ਹੀ ਮੋਟੀ ਰੋਟੀ ਨਾਲ ਬਣਦਾ ਹੈ। ਤਦੇ ਤਾਂ ਇੱਕ ਕਿੱਸਾ ਬਣਿਆ ਹੈ ਕਿ ਇੱਕ ਅੰਗਰੇਜ਼ ਨੇ ਖਾਣਾ ਮੰਗਿਆ। ਕਿਸੇ ਨੇ ਮੱਕੀ ਦੀ ਰੋਟੀ ਉੱਪਰ ਸਾਗ ਰੱਖ ਕੇ ਦੇ ਦਿੱਤਾ। ਉਹ ਥੋੜ੍ਹੀ ਦੇਰ ਬਾਅਦ ਸਾਗ ਖਾ ਕੇ ਮੱਕੀ ਦੀ ਰੋਟੀ ਧੋ ਕੇ ਵਾਪਸ ਕਰ ਗਿਆ ਕਿ ਤੁਹਾਡਾ ਖਾਣਾ ਬਹੁਤ ਸਵਾਦ ਸੀ, ਇਹ ਸੰਭਾਲੋ ਆਪਣੀ ਥਾਲੀ। ਇਹ ਹੁੰਦੀ ਹੈ ਮੱਕੀ ਦੀ ਰੋਟੀ।
ਅੱਜ ਜੀਟੀ ਰੋਡ ਦੇ ਢਾਬਿਆਂ ਉੱਪਰ ‘ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ’ ਦੇ ਵੱਡੇ ਬੋਰਡ ਤੁਹਾਨੂ ਦੂਰੋਂ ਹੀ ਵਿਖਾਈ ਦਿੰਦੇ ਹਨ। ਇਹ ਬੋਰਡ ਕੁਝ ਅਜਿਹੇ ਢਾਬਿਆਂ ’ਤੇ ਵੀ ਲੱਗੇ ਹੁੰਦੇ ਹਨ ਜਿਹੜੇ ਫਾਈਵ ਸਟਾਰ ਹੋਟਲਾਂ ਵਾਲੀ ਦਿੱਖ ਰੱਖਦੇ ਹਨ, ਹਾਲਾਂਕਿ ਛਪੇ ਹੋਏ ਮੈਨਿਯੂ ਉੱਪਰ ਇਸ ਦੇ ਅੱਗੇ ਬਰੈਕਟਾਂ ਵਿੱਚ ਸੀਜ਼ਨਲ ਲਿਖਿਆਂ ਹੁੰਦਾ ਹੈ, ਭਾਵ ਕਿ ਇਹ ਡਿਸ਼ ਸਿਰਫ਼ ਸਰਦੀਆਂ ਵਿੱਚ ਹੀ ਉਪਲੱਬਧ ਹੋਵੇਗੀ। ਵਿਆਹ ਸ਼ਾਦੀਆਂ ਮੌਕੇ ਵੀ ਮੈਰਿਜ ਪੈਲੇਸਾਂ ਵਿੱਚ ਲੱਗੇ ਖਾਣ ਦੇ ਮੇਜ਼ਾਂ ਉੱਪਰ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦੇ ਸਟਾਲ ਲੱਗੇ ਵੇਖੇ ਜਾਂਦੇ ਹਨ। ਹੋ ਸਕਦਾ ਹੈ ਕਿ ਮੇਰੇ ਵਰਗੇ ਹੋਰ ਵੀ ਕਈ ਹੋਣ ਜਿਹੜੇ ਛੱਤੀ ਪ੍ਰਕਾਰ ਦੇ ਪਕਵਾਨ ਛੱਡ ਕੇ ਸਾਗ ਨਾਲ ਮੱਕੀ ਦੀ ਰੋਟੀ ਖਾ ਕੇ ਮੇਜ਼ਬਾਨਾਂ ਨੂੰ ਫਤਿਹ ਬੁਲਾਉਣ ਤੇ ਰੁਖ਼ਸਤੀ ਲੈਣ ਚਲੇ ਜਾਂਦੇ ਹੋਣਗੇ। ਸ਼ਹਿਰਾਂ ਵਿੱਚ ਕਈ ਫੂਡ ਕਾਰਨਰਾਂ ਉੱਪਰ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦੇ ਬੋਰਡ ਲੱਗੇ ਮਿਲਦੇ ਹਨ। ਕਈ ਰੇਹੜੀਆਂ ਤੇ ਸੜਕ ਕਿਨਾਰੇ ਦੇ ਬੂਥ ਖ਼ਾਸ ਤੌਰ ’ਤੇ ਇਸ ਡਿਸ਼ ਵਾਸਤੇ ਮਸ਼ਹੂਰ ਹਨ।
ਫਿਰ ਵੀ ਇਸ ਦੀ ਸਾਦਗੀ, ਸਾਧਾਰਨਤਾ ਤੇ ਦੂਜੇ ਸ਼ਬਦਾਂ ਵਿੱਚ ਗ਼ਰੀਬੀ ਦਾਅਵਾ ਵੀ ਕਾਇਮ ਹੈ। ਇੱਕ ਵਾਰ ਕੈਨੇਡਾ ਦੀ ਇੱਕ ਏਅਰਲਾਈਨ ਨੇ ਇਸ਼ਤਿਹਾਰ ਦਿੱਤਾ ਕਿ ਉਨ੍ਹਾਂ ਦੀ ਕੰਪਨੀ ਦੇ ਜਹਾਜ਼ਾਂ ਵਿੱਚ ਉਡਾਣ ਭਰੋ ਤਾਂ ਤੁਹਾਨੂੰ ਉਡਾਣ ਵਿੱਚ ਮੱਕੀ ਦੀ ਰੋਟੀ ਤੇ ਸਾਗ ਵਰਤਾਇਆ ਜਾਵੇਗਾ। ਸੁਣਿਆ ਹੈ ਕਿ ਸਾਡੇ ਕਈ ਪੰਜਾਬੀ ਭੈਣ-ਭਰਾਵਾਂ ਨੇ ਆਪਣੀਆਂ ਟਿਕਟਾਂ ਹੀ ਕੈਂਸਲ ਕਰਵਾ ਲਈਆਂ ਕਿ ਕੀ ਹਵਾਈ ਜਹਾਜ਼ ਵਿੱਚ ਬੈਠ ਕੇ ਵੀ ਸਾਗ ਤੇ ਮੱਕੀ ਦੀ ਰੋਟੀ ਹੀ ਖਾਵਾਂਗੇ। ਇੱਥੇ ਮੇਰੇ ਕੋਲ ਵੀ ਮੇਰੇ ਪਿੰਡਾਂ ਵੱਲ ਤੋਂ ਮੇਰੇ ਭਤੀਜੇ-ਭਤੀਜੀਆਂ ਤੇ ਬੱਚੇ ਆਏ। ਮੈਂ ਉਨ੍ਹਾਂ ਨੂੰ ਬੜੇ ਚਾਅ ਨਾਲ ਸ਼ਹਿਰੋਂ ਬਾਹਰ ਇੱਕ ਢਾਬੇ ’ਤੇ ਲੈ ਗਿਆ ਤੇ ਦੱਸਿਆ ਕਿ ਇਹ ਢਾਬਾ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਵਾਸਤੇ ਮਸ਼ਹੂਰ ਹੈ। ਉਨ੍ਹਾਂ ਵਿੱਚੋਂ ਇੱਕ ਆਵਾਜ਼ ਆਈ ਕਿ ਉਹ ਤਾਂ ਰੋਜ਼ ਦਿਹਾੜੀ ਸਾਗ ਹੀ ਖਾ ਖਾ ਕੇ ਅੱਕੇ ਪਏ ਹਨ, ਇਸ ਵਾਸਤੇ ਜੇ ਸ਼ਹਿਰ ਆਏ ਹਾਂ ਤਾਂ ਕੋਈ ਚੱਜ ਦੀ ਚੀਜ਼ ਖਵਾਈ ਜਾਵੇ। ਉਨ੍ਹਾਂ ਵਾਸਤੇ ਛੋਲੇ ਭਟੂਰੇ ਹੀ ਸ਼ਾਹੀ ਖਾਣਾ ਸੀ। ਹਾਲਾਂਕਿ ਅਜਿਹੇ ਖਾਣੇ ਤਾਂ ਹੁਣ ਪਿੰਡਾਂ ਤੇ ਛੋਟੇ ਕਸਬਿਆਂ ਵਿੱਚ ਵੀ ਬਹੁਤ ਮਿਲਣ ਲੱਗ ਪਏ ਹਨ। ਕਿਸੇ ਦਾ ਲਿਖਿਆ ਅਖ਼ਬਾਰ ਵਿੱਚ ਵੀ ਪੜ੍ਹਿਆ ਸੀ ਕਿ ਹੁਣ ਉਲਟੀ ਗੰਗਾ ਬਹਿਣ ਲੱਗ ਪੈਣੀ ਹੈ, ਪਿੰਡਾਂ ਵਿੱਚ ਤੇ ਬਹਿਕਾਂ ਵਿੱਚ ਵੀ ਪੀਜ਼ਾ ਤੇ ਬਰਗਰ ਪਹੁੰਚ ਰਹੇ ਹਨ ਤੇ ਸ਼ਹਿਰਾਂ ਦਾ ਰੁਝਾਨ ਮੱਕੀ ਦੀ ਰੋਟੀ ਤੇ ਸਾਗ ਵੱਲ ਵੱਧ ਰਿਹਾ ਹੈ। ਅੱਜਕੱਲ੍ਹ ਪਿੰਡਾਂ ਦੀਆਂ ਗਲੀਆਂ ਤੇ ਬਹਿਕਾਂ ਵਿੱਚ ਵੀ ਜ਼ੋਮੈਟੋ ਦੇ ਮੋਟਰਸਾਈਕਲ ਪਹੁੰਚ ਰਹੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਮੂਲ ਰੂਪ ਵਿੱਚ ਪੰਜਾਬੀ ਡਿਸ਼ ਵਜੋਂ ਸਥਾਪਤ ਹੈ, ਪ੍ਰਵਾਨ ਹੈ, ਪਰ ਅਜਿਹੀਆਂ ਲਜ਼ੀਜ਼ ਵਸਤੂਆਂ ਸਿਆਸਤਦਾਨਾਂ ਦੀਆਂ ਬਣਾਈਆਂ ਲਕੀਰਾਂ ਦੇ ਘੇਰੇ ਵਿੱਚ ਹੀ ਸੀਮਤ ਨਹੀਂ ਰਹਿ ਸਕਦੀਆਂ। ਇਹ ਖਾਣਾ ਚੜ੍ਹਦੇ ਤੇ ਲਹਿੰਦੇ ਦੋਹਾਂ ਪੰਜਾਬਾਂ ਦੀ ਸ਼ਾਨ ਹੈ ਤੇ ਇਸ ਤੋਂ ਇਲਾਵਾ ਜਿੱਧਰ ਜਿੱਧਰ ਵੀ ਪੰਜਾਬੀ ਜ਼ੁਬਾਨ ਤੇ ਕਲਚਰ ਹੈ, ਇਹ ਵੀ ਮੌਜੂਦ ਹੈ। ਸਾਡੇ ਵਰਤਮਾਨ ਪੰਜਾਬੀ ਸੂੁਬੇ ਦੀਆਂ ਸਰਹੱਦਾਂ ਤੋਂ ਬਾਹਰ ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਦੇ ਇਲਾਕਿਆਂ ਵਿੱਚ ਵੀ ਇਸ ਦਾ ਅਹਿਮ ਮੁਕਾਮ ਹੈ। ਜੰਮੂ ਦੇ ਨਜ਼ਦੀਕ ਪਤਨੀ ਟਾਪ ’ਤੇ ਸੈਰ ਸਟਾਪਾ ਸਥਾਨ ’ਤੇ ਜਾਂਦਿਆਂ ਬੱਸ ਵਿੱਚ ਇੱਕ ਡੋਗਰੀ ਗਾਣਾ ਚੱਲਦਾ ਸੀ, ‘‘ਜ਼ੋਰਾਂ ਦੀ ਭੁੱਖ ਲੱਗਦੀ, ਰੋਟੀਆਂ ਪਕਾਈਦੇ ਚਾਰ। ਮੱਕੀਏ ਦਾ ਢੋਡਾ ਬਣਦਾ ਤੇ ਸਿਰਿਆਂ ਦਾ ਬਣਦਾ ਏ ਸਾਗ।’’ ਇਸ ਤੋਂ ਅੱਗੇ ਕਸ਼ਮੀਰ ਵਾਦੀ ਵਿੱਚ ਵੀ ਇੱਕ ਵੱਖਰੀ ਤਰ੍ਹਾਂ ਦਾ ਸਾਗ ਹੈ ਜਿਸ ਨੂੰ ਉਹ ਕਸ਼ਮੀਰੀ ਸਾਗ ਕਹਿੰਦੇ ਹਨ। ਜ਼ਮੀਨ ਦੇ ਹੇਠਾਂ ਸਾਡੀ ਗੰਢ ਗੋਭੀ ਵਰਗਾ ਇੱਕ ਡਲਾ ਹੁੰਦਾ ਹੈ ਤੇ ਉੱਪਰ ਸਰ੍ਹੋਂ ਵਰਗੀਆਂ ਹੀ ਗੰਦਲਾਂ। ਇਹ ਸਾਗ ਮੱਕੀ ਦੀ ਰੋਟੀ ਨਾਲ ਨਹੀਂ ਚੌਲਾਂ ਨਾਲ ਖਾਧਾ ਜਾਂਦਾ ਹੈ। ਇੱਥੇ ਮੱਕੀ ਦੀ ਰੋਟੀ ਵੀ ਬਣਦੀ ਹੈ ਜੋ ਅਕਸਰ ਲੂਣੀ ਚਾਹ ਨਾਲ ਹੀ ਖਾਧੀ ਜਾਂਦੀ ਹੈ। ਬੰਗਾਲ ਵਿੱਚ ਲਾਲ ਚਲਾਈ ਦਾ ਸਾਗ ਚੱਲਦਾ ਹੈ ਜਿਸ ਨੂੰ ਉਹ ਮੱਛੀ ਨਾਲ ਵੀ ਪਕਾਉਂਦੇ ਹਨ।
ਦਰਅਸਲ, ਸਾਰੀ ਦੁਨੀਆ ਵਿੱਚ ਕਿਸੇ ਨਾ ਕਿਸੇ ਨਾਮ ਤੇ ਰੂਪ ਵਿੱਚ ਸਾਗ ਬਣਦਾ ਹੀ ਹੈ। ਸਮੁੰਦਰੀ ਬਨਸਪਤੀ ਵੀ ਇੱਕ ਤਰ੍ਹਾਂ ਦਾ ਸਾਗ ਹੀ ਹੈ, ਪਰ ਪੰਜਾਬ ਦੀ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦੀ ਆਪਣੀ ਹੀ ਰੰਗਤ ਹੈ ਜੋ ਅੱਜ ਦੇ ਪੰਜਾਬ ਦੀਆਂ ਸਰਕਾਰੀ ਸਰਹੱਦਾਂ ਤੋਂ ਬਾਹਰ ਵੀ ਉਛਲਦੀ ਹੈ।
ਸੰਪਰਕ: 98783-75903

Advertisement

Advertisement