ਗੱਲਾਂ ਗੱਲਾਂ ਵਿੱਚ...
ਡਾ. ਹੀਰਾ ਸਿੰਘ ਭੂਪਾਲ
ਆਜ਼ਾਦੀ ਦਿਹਾੜੇ ਵਾਲਾ ਉਹ ਮਹੀਨਾ ਲੁਧਿਆਣੇ ਦੇ ਇੱਕ ਹਸਪਤਾਲ ਦੇ ਨਿਊਰੋ ਸਰਜਰੀ ਵਿਭਾਗ ਵਿਚ ਬੀਤਿਆ। ਕੁਝ ਮਹੀਨੇ ਪਹਿਲਾਂ ਬਾਪੂ ਜੀ ਦੇ ਲੱਗੀ ਮਾਮੂਲੀ ਚੋਟ ਦਿਮਾਗ ਵਿੱਚ ਖੂਨ ਦੇ ਵੱਡਾ ਗੱਤਲੇ (ਕਲੌਟ) ਦਾ ਰੂਪ ਧਾਰ ਗਈ ਸੀ ਜਿਸ ਦਾ ਇਲਾਜ ਸਿਰਫ ਸਰਜਰੀ ਸੀ। ਵਿਭਾਗ ਵਿਚ ਅੱਠ ਸਾਲ ਦੇ ਬੱਚੇ ਤੋਂ ਲੈ ਕੇ ਅਠਾਸੀ ਸਾਲ ਦੇ ਬਜ਼ੁਰਗ ਦਾਖ਼ਲ ਸਨ ਜਿਨ੍ਹਾਂ ਦੀ ਕਿਸੇ ਨਾ ਕਿਸੇ ਕਾਰਨ ਕਰ ਕੇ ਸਿਰ ਦੀ ਸਰਜਰੀ ਹੋਈ ਸੀ। ਮਾਹੌਲ ਸੁਭਾਵਿਕ ਤੌਰ ’ਤੇ ਬਹੁਤ ਤਣਾਅ ਵਾਲਾ ਅਤੇ ਕਠਿਨ ਸੀ, ਮਰੀਜ਼ ਲਈ ਵੀ ਤੇ ਉਸ ਦੇ ਨਾਲ ਆਏ ਰਿਸ਼ਤੇਦਾਰਾਂ ਲਈ ਵੀ। ਹਰ ਸ਼ਖ਼ਸ ਦਾ ਚਿਹਰਾ ਇੰਝ ਮੁਰਝਾਇਆ ਜਾਪਦਾ ਜਿਵੇਂ ਸੜਕ ਵਿਚਾਲੇ ਲੱਗੇ ਬੂਟਿਆਂ ਦਾ ਹਾਲ ਜੇਠ ਹਾੜ੍ਹ ਮਹੀਨੇ ਹੁੰਦਾ ਹੈ।
ਇਸ ਸਭ ਕੁਝ ਦੇ ਬਾਵਜੂਦ ਆਸ਼ਾਵਾਦੀ ਰਹਿ ਕੇ, ਖਾਸਕਰ ਨਿਊਰੋ ਦੇ ਮਰੀਜ਼ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ, ਆਸ਼ਾਵਾਦੀ ਅਤੇ ਖੁਸ਼ ਰੱਖਣਾ, ਉਸ ਕੋਲ ਬੈਠੇ ਹਰ ਪਰਿਵਾਰਕ ਜੀਅ ਦਾ ਫਰਜ਼ ਹੁੰਦਾ ਹੈ। ਜਿਊਣ ਦੀ ਤਾਂਘ ਅਤੇ ਅੰਦਰੂਨੀ ਕਸ਼ਮਕਸ਼ ਦੌਰਾਨ ਹੌਸਲਾ ਰੱਖਣਾ, ਰੋਗੀ ਦੇ ਜਲਦੀ ਸਿਹਤਯਾਬ ਹੋਣ ਦੀ ਚਾਬੀ ਹੈ। ਮਾਨਸਿਕ ਪੱਧਰ ’ਤੇ ਮਜ਼ਬੂਤ ਇਰਾਦੇ ਵਾਲਾ ਇਨਸਾਨ ਹਰ ਬਿਮਾਰੀ ਨੂੰ ਫਤਿਹ ਕਰ ਕੇ ਬਹੁਤ ਜਲਦ ਆਮ ਜ਼ਿੰਦਗੀ ਵਿੱਚ ਵਿਚਰਨ ਦੀ ਸਮਰੱਥਾ ਰੱਖਦਾ ਹੈ। ਇਸ ਦੇ ਨਾਲ ਹੀ ਨਾਸਮਝੀ ਵਿੱਚ ਕੁਝ ਲੋਕਾਂ ਦੁਆਰਾ ਰਚੇ ਨਕਾਰਾਤਮਕ ਪ੍ਰਭਾਵ ਅਤੇ ਹਾਲਤਾਂ ਨਾਲ ਨਿਜਿੱਠਣਾ ਇੱਕ ਹੋਰ ਚੁਣੌਤੀ ਵਾਲ ਕਾਰਜ ਸੀ।
ਮੈਂ ਪੂਰੀ ਵਾਹ ਲਾਈ ਕਿ ਕਿਵੇਂ ਬਾਪੂ ਜੀ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਅਤੇ ਹੌਸਲੇ ’ਚ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਦੇ ਅਵਚੇਤਨ ’ਚ ਅਜਿਹਾ ਕੋਈ ਵਿਚਾਰ ਨਾ ਆਵੇ ਜੋ ਉਨ੍ਹਾਂ ਨੂੰ ਢਹਿੰਦੀ ਕਲਾ ਵੱਲ ਲਿਜਾਵੇ। ਕਈ ਵਾਰ ਪਿਉ ਪੁੱਤ ਵਿਚਕਾਰ ਵੱਖਰੀ ਤਰ੍ਹਾਂ ਦੀ ਝਿਜਕ ਦਾ ਪਰਦਾ ਤਣਿਆ ਰਹਿੰਦਾ ਹੈ ਤੇ ਖੁੱਲ੍ਹ ਕੇ ਗੱਲਬਾਤ ਬਹੁਤ ਘੱਟ ਹੁੰਦੀ ਹੈ। ਬੈੱਡ ’ਤੇ ਪਏ ਬਾਪੂ ਜੀ ਨਾਲ ਮੈਂ ਇਹ ਝਿਜਕ ਘਟਾਉਣਾ ਚਾਹੁੰਦਾ ਸੀ, ਉਨ੍ਹਾਂ ਨਾਲ ਦਿਲ ਦੀਆਂ ਗੱਲਾਂ ਕਰਨਾ ਚਾਹੁੰਦਾ ਸੀ ਪਰ ਇਹ ਇੰਨਾ ਸੌਖਾ ਨਹੀਂ ਸੀ। ਵਾਰ-ਵਾਰ ਯਤਨ ਕਰਨ ਦੇ ਬਾਵਜੂਦ ਬਾਪੂ ਜੀ ਛੋਟੀ ਜਿਹੀ ਮੁਸਕਰਾਹਟ ਨਾਲ ਹਰ ਸਵਾਲ ਨੂੰ ਹਾਂ-ਹੂ ਕਰ ਕੇ ਲਗਾਤਾਰ ਨਜ਼ਰਅੰਦਾਜ਼ ਕਰੀ ਜਾਂਦੇ ਸਨ। ਖ਼ੈਰ! ਮੈਂ ਵੀ ਢੀਠਤਾਈ ਨਹੀਂ ਛੱਡੀ, ਸਵਾਲ ’ਤੇ ਸਵਾਲ ਕਰੀ ਜਾਵਾਂ। ਹਰ ਰਗ ਛੇੜੀ, ਕੀ ਪਤਾ ਕਿੱਥੇ ਨਿਸ਼ਾਨਾ ਲੱਗ ਜਾਵੇ। ਅਨੇਕ ਸਵਾਲ ਉਨ੍ਹਾਂ ਦੇ ਬਚਪਨ, ਪੜ੍ਹਾਈ, ਜਵਾਨੀ, ਜਮਾਤੀਆਂ, ਪਰਿਵਾਰ, ਭੈਣ-ਭਰਾ, ਵਿਆਹ ਆਦਿ ਬਾਰੇ ਪੁੱਛੇ। ਹੌਲੀ-ਹੌਲੀ ਲੱਗਣ ਲੱਗਾ ਕਿ ਮੇਰੀ ਆਸ ਨੂੰ ਬੂਰ ਪੈਣ ਲੱਗ ਗਿਆ ਹੈ।
ਡਾਕਟਰਾਂ ਅਤੇ ਹਸਪਤਾਲ ਨੂੰ ਭੁੱਲ-ਭੁਲਾ ਕੇ ਅਸੀਂ ਗੱਲਾਂ ਦੇ ਵਹਾਅ ’ਚ ਇੰਝ ਗੁਆਚ ਗਏ ਜਿਵੇਂ ਮੀਂਹ ਨਾਲ ਦਰੱਖਤਾਂ ਦੇ ਪੱਤਿਆਂ ਤੋਂ ਗਰਦ ਉੱਤਰ ਜਾਂਦੀ ਹੈ ਤੇ ਉਨ੍ਹਾਂ ’ਚ ਹਰੇ ਰੰਗ ਦੀ ਚਮਕ ਵੱਖਰੀ ਹੁੰਦੀ ਹੈ। ਉਨ੍ਹਾਂ ਤਰੀਕ-ਦਰ-ਤਰੀਕ ਆਪਣੀ ਜ਼ਿੰਦਗੀ ਬਿਆਨ ਕਰਨੀ ਸ਼ੁਰੂ ਕਰ ਦਿੱਤੀ। ਵਿਆਹ ਵੇਲੇ ਮਿਲੇ ਰੇਡੀਓ ’ਤੇ ਪੰਜਾਬੀ ਗਾਣੇ ਅਤੇ ਖ਼ਬਰਾਂ ਸੁਣਨਾ ਉਨ੍ਹਾਂ ਦੇ ਮਨਪ੍ਰਚਾਵੇ ਦਾ ਸਾਧਨ ਸੀ। ਜਦ ਵੀ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਆਪੋ-ਧਾਪੀ ਵਿੱਚ ਕੁਝ ਪਲ ਮਿਲਦੇ ਤਾਂ ਰੇਡੀਓ ਜ਼ਰੂਰ ਸੁਣਦੇ।... ਹੁਣ ਤਾਂ ਨਿੱਕੇ ਬੱਚੇ ਵਾਂਗ ਕਦੇ ਕਦਾਈਂ ਯੂਟਿਊਬ ਅਤੇ ਫੇਸਬੁੱਕ ’ਤੇ ਉਂਗਲਾਂ ਮਾਰਨ ਦੀ ਕੋਸ਼ਿਸ਼ ਵੀ ਕਰਦੇ ਹਨ।
ਇਸੇ ਦੌਰਾਨ ਮੈਂ ਉਨ੍ਹਾਂ ਨੂੰ ਪਸੰਦੀਦਾ ਗਾਇਕ ਬਾਰੇ ਸਵਾਲ ਕੀਤਾ। ਪਹਿਲਾਂ ਤਾਂ ਨਾਂਹ-ਨੁੱਕਰ ਜਿਹੀ ਕਰੀ ਜਾਣ ਲੇਕਿਨ ਵਾਰ-ਵਾਰ ਪੁੱਛਣ ’ਤੇ ਜਵਾਬ ਸੀ- “ਗੁਰਦਾਸ ਮਾਨ।” ਬਾਪੂ ਜੀ ਤੋਂ ਤਕਰੀਬਨ ਪੌਣਾ ਸਾਲ ਵੱਡੇ ਗੁਰਦਾਸ ਮਾਨ ਦੇ ਚੰਗੇ ਲੱਗਣ ਦਾ ਕਾਰਨ ਪੁੱਛਿਆ ਤਾਂ ਕਹਿੰਦੇ, “ਬੱਸ, ਸੁਣ ਕੇ ਨਜ਼ਾਰਾ ਜਿਹਾ ਆ ਜਾਂਦਾ, ਤੇ ਗੀਤ ਸੋਹਣੇ ਹੁੰਦੇ ਉਹਦੇ।” ਇਹ ਗੱਲਾਂ ਕਰਦੇ-ਕਰਦੇ ਬਾਪੂ ਜੀ ਦੇ ਚਿਹਰੇ ’ਤੇ ਵੱਖਰੀ ਚਮਕ ਤੇ ਊਰਜਾ ਮਹਿਸੂਸ ਕੀਤੀ। ਆਪਣੇ ਫੋਨ ’ਤੇ ਮੱਧਮ ਆਵਾਜ਼ ’ਚ ਗਾਣੇ ਲਗਾ ਦਿੱਤੇ। ਮਾਹੌਲ ਵਧੇਰੇ ਊਰਜਾਵਾਨ ਹੋਣ ਦੇ ਨਾਲ-ਨਾਲ ਖੁਸ਼ਨੁਮਾ ਵੀ ਹੋਇਆ ਪ੍ਰਤੀਤ ਹੋ ਰਿਹਾ ਸੀ। ਡਾਕਟਰਾਂ ਨੇ ਵੀ ਇਹ ਤਬਦੀਲੀ ਮਹਿਸੂਸ ਕੀਤੀ। ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਗੁਰਦਾਸ ਮਾਨ ਅਜਿਹਾ ਪੰਜਾਬੀ ਗਾਇਕ ਹੈ ਜਿਸ ਨੂੰ ਤਿੰਨ-ਚਾਰ ਪੀੜ੍ਹੀਆਂ ਦਾ ਪਸੰਦੀਦਾ ਕਲਾਕਾਰ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ।
ਮੇਰੇ ਉਤਸ਼ਾਹੀ ਹੁੰਗਾਰਿਆਂ ਨਾਲ ਬਾਪੂ ਜੀ ਦੇ ਇੱਕ ਵਾਰ ਖੁੱਲ੍ਹਣ ਦੀ ਦੇਰ ਸੀ ਕਿ ਉਨ੍ਹਾਂ ਲੜੀ-ਦਰ-ਲੜੀ ਆਪਣੀ ਸੰਘਰਸ਼ਮਈ ਜ਼ਿੰਦਗੀ ਦੇ ਅਣਸੁਣੇ ਕਿੱਸੇ ਸਾਂਝੇ ਕਰ ਲਏ। ਬਹੁਤ ਸਾਰੀਆਂ ਸ਼ਖ਼ਸੀਅਤਾਂ ਨੂੰ ਚੇਤੇ ਕਰ ਕੇ ਭਾਵੁਕ ਵੀ ਹੋਏ। ਉਨ੍ਹਾਂ ਦੀ ਯਾਦਦਾਸ਼ਤ ਦਾ ਕੋਈ ਸਾਨੀ ਨਹੀਂ, ਇਸ ਦੀ ਤਸਦੀਕ ਉਨ੍ਹਾਂ ਦੇ ਨਜ਼ਦੀਕੀ, ਜਮਾਤੀ ਅਤੇ ਤਾਏ ਸੁਖਦੇਵ ਭੂਪਾਲ ਤੇ ਮੇਘ ਰਾਜ ਰੱਲਾ ਨੇ ਕਈ ਵਾਰੀ ਕੀਤੀ।
ਬਾਪੂ ਜੀ ਅੰਦਰ ਲਿਖਣ ਕਲਾ ਕਿਤੇ ਨਾ ਕਿਤੇ ਅਵਚੇਤਨ ਵਿੱਚ ਲੁਕੀ ਹੋਈ ਹੈ ਪਰ ਵਕਤ ਅਤੇ ਜ਼ਿੰਦਗੀ ਦੇ ਸੰਘਰਸ਼ ਨੇ ਇਹ ਕਦੇ ਉਜਾਗਰ ਨਹੀਂ ਹੋਣ ਦਿੱਤੀ। ਲੰਮੀਆਂ-ਲੰਮੀਆਂ ਗੱਲਾਂਬਾਤਾਂ ਤੋਂ ਬਾਅਦ ਮੈਂ ਸਭ ਕੁਝ ਨੂੰ ਸ਼ਬਦੀ ਰੂਪ ਦੇ ਕੇ ਕਿਤਾਬੀ ਰੂਪ ਦੇਣ ਦਾ ਸੁਝਾਅ ਦਿੱਤਾ। ਉਹ ਪਹਿਲੇ ਹੀ ਸ਼ਬਦਾਂ ’ਤੇ ਰਾਜ਼ੀ ਹੋ ਗਏ। ਇਸੇ ਦੌਰਾਨ ਉਹ ਆਪਣੇ ਸਿਰ ਦੀ ਸੱਟ ਅਤੇ ਸਰਜਰੀ, ਸਭ ਕੁਝ ਭੁੱਲ ਗਏ। ਹੁਣ ਉਨ੍ਹਾਂ ਨੂੰ ਠੀਕ ਹੋਣ ਅਤੇ ਲਿਖਣ ਦੀ ਕਾਹਲੀ ਸੀ। ਹਾਸੇ-ਹਾਸੇ ’ਚ ਮੈਂ ਕਿਹਾ, “ਜੇ ਤੁਸੀਂ ਇਹ ਕਿਤਾਬ ਲਿਖੋਗੇ ਤਾਂ ਆਪਾਂ ਇਸ ਦਾ ਲੋਕ ਅਰਪਣ ਗੁਰਦਾਸ ਮਾਨ ਤੋਂ ਹੀ ਕਰਾਵਾਂਗੇ।” ਉਨ੍ਹਾਂ ਦਾ ਉਤਸ਼ਾਹ ਅਤੇ ਜੋਸ਼ ਹੋਰ ਵਧ ਗਿਆ ਜਾਪਦਾ ਸੀ।
ਸੰਪਰਕ: 95016-01144