ਗੱਲਬਾਤ ਦੇ ਸੱਦੇ ਮਗਰੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਮੁਜ਼ਾਹਰੇ ਮੁਲਤਵੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਜੂਨ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਦੋ ਜੂਨ ਵਾਲੇ ਰੋਸ ਮੁਜ਼ਾਹਰੇ ਮੁਲਤਵੀ ਕਰ ਦਿੱਤੇ ਹਨ। ਇਹ ਮੁਜ਼ਾਹਰੇ ਸੰਗਰੂਰ ਵਿੱਚ ਲਾਵਾਰਿਸ ਅਤੇ ਜ਼ਮੀਨ ਹੱਦਬੰਦੀ ਕਾਨੂੰਨ ਤੋਂ ਵਾਧੂ ਜ਼ਮੀਨ ਨੂੰ ਬੇਜ਼ਮੀਨੇ ਦਲਿਤਾਂ ਅਤੇ ਥੁੜ ਜ਼ਮੀਨੇ ਕਿਸਾਨਾਂ ਵਿੱਚ ਤਕਸੀਮ ਕਰਨ ਲਈ ਸੰਘਰਸ਼ ਕਰਦੇ ਜੇਲ੍ਹਾਂ ਵਿੱਚ ਭੇਜੇ ਮਜ਼ਦੂਰਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਹੋਣੇ ਸਨ। ਇਸ ਦੇ ਨਾਲ ਹੀ ਉਕਤ ਜ਼ਮੀਨਾਂ ਨਾਲ ਸਬੰਧਤ ਮਾਮਲਿਆਂ ਦੇ ਹੱਲ ਦੀ ਮੰਗ ਕੀਤੀ ਜਾਣੀ ਸੀ। ਪਰ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਮਿਲਣ ਮਗਰੋਂ ਪੰਜਾਬ ਭਰ ਵਿੱਚ ਹੋਣ ਵਾਲੇ ਮੁਜ਼ਾਹਰੇ ਮੁਲਤਵੀ ਕਰ ਦਿੱਤੇ ਗਏ ਹਨ।
ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਉੱਠ ਰਹੇ ਰੋਹ ਤੇ ਰੋਸ ਪ੍ਰਦਰਸ਼ਨਾਂ ਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਜੇਲ੍ਹੀਂ ਡੱਕੇ ਮਜ਼ਦੂਰਾਂ ਨੂੰ ਰਿਹਾਅ ਕਰਨ ਅਤੇ ਉਕਤ ਜ਼ਮੀਨਾਂ ਦੇ ਮਾਮਲਿਆਂ ਵਿੱਚ ਗੱਲਬਾਤ ਕਰਨ ਲਈ 18 ਜੂਨ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ। ਜਿਸ ਦੇ ਮੱਦੇਨਜਰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਪੰਜਾਬ ਭਰ ਵਿੱਚ 2 ਜੂਨ ਨੂੰ ਹੋਣ ਵਾਲੇ ਰੋਸ ਮੁਜ਼ਾਹਰੇ ਮੁਲਤਵੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਬੇਚਿਰਾਗ ਪਿੰਡ ਐਸਵਾਨ ਅੰਦਰ ਜੀਂਦ ਰਿਆਸਤ ਦੇ ਰਾਜੇ ਦੀ ਲਾਵਾਰਿਸ 927 ਏਕੜ ਪੈਲੀ ਹੈ ਜਿਸ ਉੱਪਰ ਬੇਔਲਾਦ ਰਾਜੇ ਦੇ ਨੌਕਰ ਦੀ ਔਲਾਦ ਵਿੱਚੋਂ ਸੰਦੀਪ ਕੁਮਾਰ ਵਰਗੇ ਨਜਾਇਜ਼ ਤੌਰ 'ਤੇ ਕਾਬਜ਼ ਹੋ ਕੇ ਦਿੱਲੀ ਬੈਠੇ ਆਮਦਨ ਖਾ ਰਹੇ ਹਨ। ਇਹੋ ਜਿਹੀਆਂ ਜ਼ਮੀਨਾਂ 'ਤੇ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਲੋਕ ਕਾਬਜ਼ ਹਨ ਜਦੋਂ ਕਿ ਭਾਰਤੀ ਸੰਵਿਧਾਨ ਮੁਤਾਬਕ ਇਹੋ ਜਿਹੀਆਂ ਬੇਮਾਲਕ, ਬੇਨਾਮੀ ਦੇ ਮਾਲਕ ਉਹ ਲੋਕ ਹਨ ਜਿਨ੍ਹਾਂ ਦੀ ਰੋਟੀ ਰੋਜ਼ੀ ਦਾ ਕੋਈ ਸਾਧਨ ਨਹੀਂ ਅਤੇ ਉਨ੍ਹਾਂ ਦੀ ਉਪਜੀਵਕਾ ਜ਼ਮੀਨ ਜਾਂ ਕੁਦਰਤੀ ਵਸੀਲਿਆਂ ’ਤੇ ਨਿਰਭਰ ਹੈ।
ਉਨ੍ਹਾਂ ਕਿਹਾ ਕਿ ਵੀਹ ਮਈ ਦੇ ਸੱਦੇ ਤਹਿਤ ਰੋਟੀ ਰੋਜ਼ੀ ਦੇ ਸਾਧਨਾਂ ਤੋਂ ਸਾਧਨਹੀਣ ਬੇਜ਼ਮੀਨੇ ਦਲਿਤ ਗਰੀਬ, ਸੰਵਿਧਾਨ ਮੁਤਾਬਕ ਆਪਣੀ ਹੱਕੀ ਪੈਲੀ ਵੱਲ ਵਧਣ ਲੱਗੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਪੈਲੀ ਉੱਪਰ ਨਜਾਇਜ਼ ਤੌਰ 'ਤੇ ਕਾਬਜ਼ ਦਿੱਲੀ ਬੈਠੇ ਖ਼ਾਸ ਆਦਮੀ ਦੀ ਪੁਸ਼ਤਪਨਾਹੀ ਕਰਨ ਲੱਗੀ। ਪੰਜਾਬ ਸਰਕਾਰ ਨੇ ਇਸ ਮਸਲੇ ਦਾ ਹੱਲ ਕਰਨ ਦੀ ਬਜਾਏ ਸੈਂਕੜੇ ਦਲਿਤ ਔਰਤਾਂ ਮਰਦ ਬਜ਼ੁਰਗ ਬੱਚਿਆਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਬੰਦ ਕਰ ਦਿੱਤਾ। ਇਸੇ ਦੇ ਵਿਰੋਧ ਵਿੱਚ ਪੰਜਾਬ ਦੀਆਂ ਸਮੂਹ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਸੂਬਾ ਸਰਕਾਰ ਖ਼ਿਲਾਫ਼ ਕੱਲ੍ਹ ਵਾਲੇ ਮੁਜ਼ਾਹਰੇ ਕੀਤੇ ਜਾਣੇ ਸਨ।