ਗੱਡੀਆਂ ਦੀ ਪਾਸਿੰਗ ਨਾ ਹੋਣ ’ਤੇ ਟਰਾਂਸਪੋਰਟਰ ਤੇ ਆਰਟੀਏ ਆਹਮੋ-ਸਾਹਮਣੇ
ਗਗਨਦੀਪ ਅਰੋੜਾ
ਲੁਧਿਆਣਾ, 9 ਅਕਤੂਬਰ
ਲੁਧਿਆਣਾ ’ਚ ਸੋਮਵਾਰ ਨੂੰ ਟਰਾਂਸਪੋਰਟ ਤੇ ਆਰਟੀਏ ਅਧਿਕਾਰੀ ਆਹਮੋ-ਸਾਹਮਣੇ ਹੋ ਗਏ। ਟਰਾਂਸਪੋਰਟਰਾਂ ਨੇ ਆਰਟੀਏ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਤੇ ਆਰਟੀਏ ਪੂਨਮਪ੍ਰੀਤ ਕੌਰ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਕਮਰਸ਼ੀਅਲ ਗੱਡੀਆਂ ਹਨ, ਗੱਡੀਆਂ ’ਤੇ ਕਈ ਟੈਕਸ ਪੈਂਦੇ ਹਨ ਪਰ ਉਨ੍ਹਾਂ ਦੇ ਵਾਹਨਾਂ ਦੀ ਫਾਈਲਾਂ ਨੂੰ ਜਲਦੀ ਪਾਸ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦਾ ਦੋਸ਼ ਸੀ ਕਿ ਉਨ੍ਹਾਂ ਨੇ ਅਫ਼ਸਰਾਂ ਦੀ ਲੇਟ ਲਤੀਫੀ ਤੋਂ ਪ੍ਰੇਸ਼ਾਨ ਹੋ ਕੇ ਧਰਨਾ ਲਗਾਇਆ ਹੈ। ਉਧਰ, ਆਰ.ਟੀ.ਏ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਰੇ ਕੰਮ ਸਿਸਟਮ ਨਾਲ ਹੀ ਕੀਤੇ ਜਾਣਗੇ। ਅਧਿਕਾਰੀਆਂ ’ਤੇ ਦਬਾਅ ਨਾ ਬਣਾਇਆ ਜਾਵੇ। ਟਰਾਂਸਪੋਰਟਰ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਕੰਮਾਂ ਨੂੰ 6-6 ਮਹੀਨੇ ਹੋ ਚੁੱਕੇ ਹਨ। ਦਫ਼ਤਰਾਂ ’ਚ ਇੱਕ ਟੇਬਲ ਤੋਂ ਦੂਸਰੇ ਟੇਬਲ ’ਤੇ ਫਾਈਲਾਂ ਘੁੰਮ ਰਹੀਆਂ ਹਨ। ਟਰਾਂਸਪੋਰਟਰਾਂ ਨੇ ਦੋਸ਼ ਲਾਇਆ ਕਿ ਆਰ.ਟੀ.ਏ ਦਫ਼ਤਰ ਦੇ ਅਧਿਕਾਰੀ ਉਨ੍ਹਾਂ ਨਾਲ ਬਦਸਲੂਕੀ ਨਾਲ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲੌਕਡਾਊਨ ਕਾਰਨ ਕੰਮ ਹਿੱਲਿਆ ਹੋਇਆ ਹੈ। ਵਾਪਰਕ ਗੱਡੀਆਂ ਹਨ ਤੇ ਖੜ੍ਹੀਆਂ ਗੱਡੀਆਂ ’ਤੇ ਟੈਕਸ ਪੈ ਰਿਹਾ ਹੈ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਗੱਡੀਆਂ ਨਾ ਚੱਲਣ ਦੇ ਕਾਰਨ ਲੇਬਰ ਬਿਨਾ ਕੰਮ ਦੇ ਦਫ਼ਤਰਾਂ ’ਚ ਬੈਠੀ ਹੈ। ਜਨਿ੍ਹਾਂ ਦੀ ਤਨਖਾਹ ਦੇਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵਿਭਾਗ ਨੂੰ ਚਿਤਾਵਨੀ ਦਿੱਤੀ ਗਈ ਸੀ ਤੇ ਕੁਝ ਗੱਡੀਆਂ ਦੇ ਨੰਬਰਾਂ ਦੀ ਸੂਚੀ ਵੀ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਪਾਸਿੰਗ ਜਲਦੀ ਕਰਵਾ ਦਿੱਤੀ ਜਾਵੇ, ਪਰ ਹਾਲੇ ਤੱਕ ਉਸ ਸੂਚੀ ’ਚੋਂ ਸਿਰਫ਼ 1 ਗੱਡੀ ਦੀ ਆਨਲਾਈਨ ਪਾਸਿੰਗ ਹੋਈ ਹੈ। ਇਸੇ ਕਾਰਨ ਅੱਜ ਉਨ੍ਹਾਂ ਧਰਨਾ ਲਾਇਆ ਹੈ।
ਸਿਸਟਮ ਦੇ ਅਨੁਸਾਰ ਹੀ ਹੋਵੇਗਾ ਕੰਮ: ਆਰਟੀਏ
ਆਰ.ਟੀ.ਏ ਪੂਨਮਪ੍ਰੀਤ ਕੌਰ ਨੇ ਕਿਹਾ ਕਿ ਸਾਰਿਆਂ ਦਾ ਕੰਮ ਸਿਸਟਮ ’ਚ ਰਹਿ ਕੇ ਹੋਵੇਗਾ। ਜੇਕਰ ਕੋਈ ਦਬਾਅ ਪਾ ਕੇ ਜਲਦੀ ਕੰਮ ਕਰਵਾਉਣ ਚਾਹੁੰਦਾ ਹੈ ਤਾਂ ਦਬਾਅ ਵਿਭਾਗ ਕਿਸੇ ਦਾ ਨਹੀਂ ਝੱਲੇਗਾ। ਜਨਿ੍ਹਾਂ ਵਾਹਨਾਂ ਦੀ ਉਨ੍ਹਾਂ ਸੂਚੀ ਦਿੱਤੀ ਸੀ, ਉਹ ਫਾਈਲਾਂ ਹਾਲੇ ਕੁਝ ਦਿਨ ਪਹਿਲਾਂ ਹੀ ਜਮ੍ਹਾਂ ਹੋਈਆਂ ਹਨ। ਸਿਸਟਮ ’ਚ ਜਵਿੇਂ ਜਵਿੇਂ ਨੰਬਰ ਆਵੇਗਾ, ਕੰਮ ਹੁੰਦਾ ਰਹੇਗਾ।