ਗੱਗੀ ਬਸਪਾ ਇਕਾਈ ਝਨੇੜੀ ਦੇ ਪ੍ਰਧਾਨ ਨਿਯੁਕਤ
ਭਵਾਨੀਗੜ੍ਹ: ਬਹੁਜਨ ਸਮਾਜ ਪਾਰਟੀ ਪਿੰਡ ਝਨੇੜੀ ਦੀ ਇਕਾਈ ਦੀ ਮੀਟਿੰਗ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਦੀ ਨਿਗਰਾਨੀ ਹੇਠ ਕੀਤੀ ਗਈ। ਮੀਟਿੰਗ ਵਿੱਚ ਜਸਵਿੰਦਰ ਸਿੰਘ ਗੱਗੀ ਪਿੰਡ ਦੀ ਬਸਪਾ ਯੂਨਿਟ ਦਾ ਪ੍ਰਧਾਨ ਅਤੇ ਜਸਪਾਲ ਸਿੰਘ ਜਨਰਲ ਸਕੱਤਰ ਨਿਯੁਕਤ ਕੀਤੇ ਗਏ। ਇਸ ਤੋਂ ਇਲਾਵਾ ਲਾਭ ਸਿੰਘ ਮਹਿਰਾ, ਵਰਿੰਦਰ ਸਿੰਘ ਉਰਫ ਕਾਲਾ, ਰਾਜਵਿੰਦਰ ਸਿੰਘ, ਚਮਕੌਰ ਸਿੰਘ, ਰਾਮ ਚੰਦ ਅਤੇ ਗੁਰਪ੍ਰੀਤ ਸਿੰਘ ਕਮੇਟੀ ਮੈਂਬਰ ਬਣਾਏ ਗਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚਮਕੌਰ ਸਿੰਘ ਵੀਰ ਨੇ 22 ਜੂਨ ਨੂੰ ਸੰਗਰੂਰ ਵਿਖੇ ਮਹਾਂ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਸੂਬੇਦਾਰ ਰਣਧੀਰ ਸਿੰਘ ਨਾਗਰਾ ਜ਼ਿਲ੍ਹਾ ਕੋਆਰਡੀਨੇਟਰ, ਦਰਸ਼ਨ ਸਿੰਘ ਨਦਾਮਪੁਰ ਹਲਕਾ ਪ੍ਰਧਾਨ ਅਤੇ ਗੁਰਜੰਟ ਸਿੰਘ ਸੀਨੀਅਰ ਬਸਪਾ ਆਗੂ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
ਲੋੜਵੰਦਾਂ ਨੂੰ ਅੱਜ ਵੰਡੇ ਜਾਣਗੇ ਟਰਾਈਸਾਈਕਲ
ਧੂਰੀ: ਅਗਰਵਾਲ ਪੀਰਖਾਨਾ ਟਰੱਸਟ ਗਰੀਨ ਸਿਟੀ ਧੂਰੀ ਵੱਲੋਂ 18ਵਾਂ ਸਾਲਾਨਾ ਦੀਵਾਨ ਧਾਰਮਿਕ ਸ਼ਰਧਾ ਤੇ ਸੇਵਾ ਦੇ ਜਜ਼ਬੇ ਨਾਲ ਮਨਾਇਆ ਜਾ ਰਿਹਾ ਹੈ। ਟਰੱਸਟ ਦੇ ਮੁੱਖ ਸੇਵਾਦਾਰ ਬਾਬਾ ਵਿਜੇ ਗੋਇਲ ਦੀ ਅਗਵਾਈ ਹੇਠ ਇਹ ਸਮਾਗਮ 19 ਜੂਨ ਨੂੰ ਹੋਵੇਗਾ। ਵੀਰਵਾਰ ਸ਼ਾਮ 5 ਵਜੇ ਤੋਂ ਰਾਤ 2 ਵਜੇ ਤੱਕ ਧਾਰਮਿਕ ਰਸਮਾਂ, ਸਤਿਸੰਗ ਤੇ ਸਮਾਜਿਕ ਸੇਵਾ ਦੇ ਕਾਰਜ ਹੋਣਗੇ। ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ। ਨਾਲ ਹੀ ਲੋੜਵੰਦ ਵਿਅਕਤੀਆਂ ਲਈ ਟਰਾਈਸਾਈਕਲ ਵੀ ਵੰਡੇ ਜਾਣਗੇ। -ਨਿੱਜੀ ਪੱਤਰ ਪ੍ਰੇਰਕ
ਸਟੇਸ਼ਨ ’ਤੇ ਵਾਟਰ ਕੂਲਰ ਦਾ ਉਦਘਾਟਨ
ਧੂਰੀ: ਅਤਿ ਦੀ ਗਰਮੀ ਦੌਰਾਨ ਲੋਕਾਂ ਨੂੰ ਠੰਢੇ ਪਾਣੀ ਦੀ ਸਹੂਲਤ ਦੇਣ ਲਈ ਸ਼ਹਿਰ ਦੇ ਉੱਘੇ ਸਮਾਜ ਸੇਵੀ ਮੱਖਣ ਗਰਗ ਤੇ ਪਰਸ਼ੋਤਮ ਕਾਲਾ ਵੱਲੋਂ ਨਗਰ ਕੌਂਸਲ ਧੂਰੀ ਨੂੰ ਵਾਟਰ ਕੂਲਰ ਦਾਨ ਕੀਤਾ ਗਿਆ। ਵਾਟਰ ਕੂਲਰ ਨੂੰ ਰੇਲਵੇ ਸਟੇਸ਼ਨ ਕੋਲ ਸਥਾਪਤ ਕੀਤਾ ਗਿਆ ਗਿਆ ਜਿੱਥੇ ਇਸ ਦਾ ਉਦਘਾਟਨ ਆਗੂਆਂ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਥਾਂ ਕੋਲ ਲੜਕੀਆਂ ਦਾ ਸਕੂਲ ਤੇ ਹੋਰ ਧਾਰਮਿਕ ਸਥਾਨ ਹੋਣ ਕਾਰਨ ਠੰਢੇ ਪਾਣੀ ਦਾ ਵਾਟਰ ਕੂਲਰ ਦੀ ਬਹੁਤ ਜ਼ਰੂਰਤ ਸੀ ਜਿਸ ਮੰਗ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸ਼ਹਿਰ ਵਾਸੀਆਂ ਦੀ ਮੰਗ ’ਤੇ ਹੋਰ ਥਾਵਾਂ ਤੇ ਇਸ ਤਰ੍ਹਾਂ ਦੇ ਵਾਟਰ ਕੂਲਰ ਲਾਉਣ ਲਈ ਉਨ੍ਹਾਂ ਦੀ ਟੀਮ ਵੱਲੋਂ ਦੌਰਾ ਕੀਤਾ ਜਾ ਰਿਹਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ, ਰਾਜਿੰਦਰ ਸਿੰਘ ਲੱਧੜ, ਰਵੀ ਕੁਮਾਰ, ਮੰਗੀ ਧੂਰੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
ਜਥੇਬੰਦੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ
ਲਹਿਰਾਗਾਗਾ: ਪੀ ਡਬਲਯੂ ਡੀ ਫੀਲਡ ਵਰਕਰਜ਼ ਯੂਨੀਅਨ ਬਰਾਂਚ ਲਹਿਰਾਗਾਗਾ -ਮੂਣਕ ਨੂੂੰ ਉਸ ਸਮੇ ਹੁਲਾਰਾ ਮਿਲਿਆ ਜਦੋਂ ਸੈਣੀ ਗਰੁੱਪ ਦੇ ਸਾਥੀਆਂ ਨੇ ਜਥੇਬੰਦੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ਼ਾਮਲ ਹੋਣ ਵਾਲਿਆਂ ਵਿੱਚ ਸਾਥੀ ਰਾਮਗੁਪਾਲ ਸ਼ਰਮਾ, ਕਾਲਾ ਬਖਸੀਵਾਲਾ, ਕੁਲਦੀਪ ਦਾਸ, ਅਵਤਾਰ ਸਿੰਘ ਸ਼ਾਮਲ ਹਨ। ਇਨ੍ਹਾਂ ਦਾ ਸਾਥੀ ਭੋਲਾ ਸਿੰਘ ਭੱਠਲ ਬਾਂਚ ਪ੍ਰਧਾਨ ਮੂਨਕ ਲਹਿਰਾਗਾਗਾ ਤੇ ਜਨਰਲ ਸਕੱਤਰ ਸੁਖਪਾਲ ਬਰੇਟਾ ਨੇ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਸੁਖਦੇਵ ਚੰਗਾਲੀਵਾਲਾ ਤੇ ਅਮਰੀਕ ਗੁਰਨੇ ਦੇ ਕੰਮ ਕਰਨ ਦੇ ਢੰਗ ਤੋਂ ਪ੍ਰਭਾਵਿਤ ਹਨ। ਸੁਖਦੇਵ ਸਿੰਘ ਚੰਗਾਲੀਵਾਲਾ ਨੇ ਮਾਣ-ਸਤਿਕਾਰ ਦਾ ਭਰੋਸਾ ਦਿੱਤਾ। ਇਸ ਮੌਕੇ ਤਰਸੇਮ ਦਾਸ ਛਾਜਲੀ ਅਤੇ ਹਰਬੰਸ ਚੰਗਾਲੀਵਾਲਾ ਹਾਜ਼ਰ ਸਨ। -ਪੱਤਰ ਪ੍ਰੇਰਕ
ਡੀਐੱਸਪੀ ਇੰਦਰਪ੍ਰੀਤ ਸਿੰਘ ਬਡੂੰਗਰ ਦਾ ਸਨਮਾਨ
ਪਟਿਆਲਾ: ਖ਼ੂਨਦਾਨ ਸੇਵਾ ਵਿਚ ਨਿੱਗਰ ਪੈੜਾਂ ਪਾਉਣ ਵਾਲੇ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵੱਲੋਂ ਇੰਦਰਪ੍ਰੀਤ ਸਿੰਘ ਬਡੂੰਗਰ ਨੂੰ ਡੀਐੱਸਪੀ ਬਣਨ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਗਰੁੱਪ ਵੱਲੋਂ ਚਾਚਾ ਜਗਰਾਜ ਸਿੰਘ ਚਹਿਲ, ਠੇਕੇਦਾਰ ਗੁਰਬਚਨ ਸਿੰਘ, ਭਾਈ ਰਵਿੰਦਰ ਸਿੰਘ ਭਾਂਖਰ, ਗੋਲਡਨ ਸਟਾਰ ਬਲੱਡ ਡੋਨਰ ਸੁਖਦੀਪ ਸਿੰਘ ਸੋਹਲ, ਮਿਸ਼ਨ ਦੇ ਮੋਢੀ ਤੇ ਮਾਸਟਰ ਮੋਟੀਵੇਟਰ ਹਰਦੀਪ ਸਿੰਘ ਸਨੌਰ ਤੇ ਯੂਥ ਆਗੂ ਹਰਮੀਤ ਸਿੰਘ ਨੇ ਕੀਤਾ। -ਪੱਤਰ ਪ੍ਰੇਰਕ
ਐੱਨਐੱਸਆਈਸੀ ਵੱਲੋਂ ਮੁਫ਼ਤ ਕੋਰਸ ਸ਼ੁਰੂ
ਰਾਜਪੁਰਾ: ਰਾਜਪੁਰਾ ਦੇ ਫੋਕਲ ਪੁਆਇੰਟ ਵਿੱਚ ਸਥਿਤ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ (ਐੱਨਐੱਸਆਈਸੀ) ਵੱਲੋਂ ਵਿਦਿਆਰਥੀਆਂ ਲਈ ਮੁਫ਼ਤ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਸੰਸਥਾ ਦੇ ਜਨਰਲ ਮੈਨੇਜਰ ਪ੍ਰਵੀਨ ਕੁਮਾਰ ਗਾਂਧੀ ਨੇ ਦੱਸਿਆ ਕਿ ਕੋਰਸਾਂ ਲਈ ਦਾਖ਼ਲੇ ਪਹਿਲੀ ਜੁਲਾਈ ਤੋਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੂਨੀਅਰ ਸਾਫ਼ਟਵੇਅਰ ਡਿਵੈਲਪਰ ਲਈ, ਡਿਊਟੀ ਥੈਰੇਪਿਸਟ ਲਈ, ਟੂ ਵੀਲ੍ਹਰ ਸਰਵਿਸ ਅਸਿਸਟੈਂਟ ਲਈ, ਜੂਨੀਅਰ ਫ਼ੀਲਡ ਟੈਕਨੀਸ਼ੀਅਨ ਲਈ ਵਿੱਦਿਅਕ ਯੋਗਤਾ ਦਸਵੀਂ ਅਤੇ ਸੈੱਲਫ਼ ਇੰਪਲਾਈਡ ਟੇਲਰ ਅਤੇ ਨੇਲ ਟੈਕਨੀਸ਼ੀਅਨ ਲਈ ਵਿੱਦਿਅਕ ਯੋਗਤਾ ਅੱਠਵੀਂ ਰੱਖੀ ਗਈ ਹੈ। ਇਨ੍ਹਾਂ ਕੋਰਸਾਂ ਲਈ ਦੀ ਅਵਧੀ ਤਿੰਨ ਤੋਂ ਚਾਰ ਮਹੀਨਿਆਂ ਦੀ ਹੈ। ਇਸ ਮੌਕੇ ਸੰਸਥਾ ਦੇ ਵਿਕਾਸ ਅਧਿਕਾਰੀ ਪਵਿੱਤਰਪਾਲ ਸਿੰਘ ਵੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
ਜੈਦੀਪ ਸ਼ਰਮਾ ਨੇ ਅਹੁਦਾ ਸੰਭਾਲਿਆ
ਡਕਾਲਾ: ਏਐਸਆਈ ਜੈਦੀਪ ਸ਼ਰਮਾ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਇਆਂ ਉਨ੍ਹਾਂ ਨੂੰ ਚੌਂਕੀ ਬਲਬੇੜ੍ਹਾ ਦਾ ਇੰਚਾਰਜ ਲਗਾਇਆ ਗਿਆ। ਅਹੁਦਾ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੈਦੀਪ ਸ਼ਰਮਾ ਚੌਕੀ ਮਾਡਲ ਟਾਊਨ, ਚੌਕੀ ਨਵਾਂ ਗਾਉਂ, ਸੈਂਟਰਲ ਜੇਲ੍ਹ ਚੌਕੀ, ਕਸਤੂਰਬਾ ਚੌਕੀ, ਬਹਾਦਰਗੜ੍ਹ ਚੌਕੀ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਥਾਣਿਆਂ ਤੇ ਚੌਕੀਆਂ ਵਿਚ ਸੇਵਾਵਾਂ ਨਿਭਾਅ ਚੁੱਕੇ ਹਨ। -ਪੱਤਰ ਪ੍ਰੇਰਕ
ਕਾਮਰੇਡ ਸੱਜਣ ਸਿੰਘ ਦੀ ਬਰਸੀ ਮਨਾਈ
ਪਟਿਆਲਾ: ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਨੇ ਸਰਕਾਰੀ, ਅਰਧ ਸਰਕਾਰੀ ਚੌਥਾ ਦਰਜਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮਰਹੂਮ ਕਾਮਰੇਡ ਸੱਜਣ ਸਿੰਘ ਦੀ ਚੌਥੀ ਬਰਸੀ ਯੂਨੀਅਨ ਦਫ਼ਤਰ ਰਾਜਪੁਰਾ ਕਾਲੋਨੀ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਗੁਰਦਰਸ਼ਨ ਸਿੰਘ, ਦੀਪ ਚੰਦ ਹੰਸ, ਸੂਰਜ ਪਾਲ ਯਾਦਵ, ਓਂਕਾਰ ਸਿੰਘ ਦਮਨ, ਰਾਜੇਸ਼ ਕੁਮਾਰ ਗੋਲੂ, ਮਾਧੋਨਾਥ, ਬਲਜੀਤ ਸਿੰਘ ਬੱਲੀ, ਜਸਪਾਲ ਸਿੰਘ, ਗੋਤਮ ਭਾਰਦਵਾਜ, ਦਿਆ ਸ਼ੰਕਰ, ਲਖਵੀਰ ਸਿੰਘ, ਪ੍ਰੇਮ ਕੁਮਾਰ, ਰਾਮ ਕੈਲਾਸ਼, ਤਰਲੋਚਨ ਸਿੰਘ ਮਾੜੂ, ਸਤਿਆ ਨਰਾਇਣ ( ਗੋਨੀ) ਆਦਿ ਵੀ ਸ਼ਾਮਲ ਸਨ। -ਪੱਤਰ ਪ੍ਰੇਰਕ