ਗੱਗੜ ’ਚ ਕਿਸਾਨਾਂ ਨੇ ਖੁੱਡੀਆਂ ਨੂੰ ਪੁੱਛੇ ਸਵਾਲ
ਇਕਬਾਲ ਸਿੰਘ ਸ਼ਾਂਤ
ਲੰਬੀ, 27 ਮਈ
ਪਿੰਡ ਗੱਗੜ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ’ਤੇ ਪੈਨਸ਼ਨ ਰਾਸ਼ੀ ਵਧਾਉਣ ਬਾਰੇ ਕਥਿਤ ਝੂਠ ਬੋਲਣ ਦੇ ਦੋਸ਼ ਲਾਏ ਹਨ। ਖੇਤੀਬਾੜੀ ਮੰਤਰੀ ਅੱਜ ਲੰਬੀ ਹਲਕੇ ਦੇ ਪਿੰਡ ਗੱਗੜ ਪੁੱਜੇ ਸਨ ਜਿੱਥੇ ਉਨ੍ਹਾਂ ਨੂੰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਸਵਾਲ ਪੁੱਛੇ। ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਮਲਕੀਤ ਸਿੰਘ ਗੱਗੜ ਅਤੇ ਜਗਸੀਰ ਸਿੰਘ ਦੀ ਅਗਵਾਈ ’ਚ ਮੰਤਰੀ ਕੋਲੋਂ ਸਵਾਲ ਪੁੱਛੇ ਗਏ। ਕਿਸਾਨ ਆਗੂ ਮਲਕੀਤ ਸਿੰਘ ਨੇ ਮੰਤਰੀ ਖੁੱਡੀਆਂ ਨੂੰ ਚੋਣ ਵਾਅਦੇ ਮੁਤਾਬਕ ਸੂਬੇ ਵਿੱਚ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਅਤੇ ਪੈਨਸ਼ਨ ਰਾਸ਼ੀ ਵਧਾਉਣ ਬਾਰੇ ਸੁਆਲ ਕੀਤਾ ਜਿਸ ’ਤੇ ਖੇਤੀ ਮੰਤਰੀ ਨੇ ਆਖਿਆ ਕਿ ‘ਪੈਨਸ਼ਨ ਦੀ ਰਾਸ਼ੀ ਵਧਾ ਦਿੱਤੀ ਗਈ ਹੈ।’ ਕਿਸਾਨਾਂ ਨੇ ਮੰਤਰੀ ਨੂੰ ਕਿਹਾ ਕਿ 28 ਮਾਰਚ 2022 ਨੂੰ ਲੰਬੀ ਤਹਿਸੀਲ ਕੰਪਲੈਕਸ ਵਿਖੇ ਕਿਸਾਨਾਂ-ਮਜ਼ਦੂਰਾਂ ’ਤੇ ਲਾਠੀਚਾਰਜ ਦਾ ਮੁਕੱਦਮਾ ਵਾਪਸ ਲੈਣ ਦਾ ਫੈਸਲਾ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਉਨ੍ਹਾਂ ਦੀ ਮੌਜੂਦਗੀ ਵਿੱਚ ਲਿਆ ਗਿਆ ਸੀ ਪਰ ਮੁਕੱਦਮਾ ਵਾਪਸ ਲੈਣ ਦੀ ਬਜਾਏ ਉਲਟਾ ਚਲਾਨ ਪੇਸ਼ ਕਰ ਦਿੱਤਾ ਗਿਆ, ਇਸ ਬਾਰੇ ਸ੍ਰੀ ਖੁੱਡੀਆਂ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ। ਇਸ ਦੌਰਾਨ ਸ਼ੰਭੂ ਅਤੇ ਖਨੌਰੀ ਹੱਦਾਂ ਬਾਰੇ ’ਤੇ ਕਿਸਾਨਾਂ ਦੀ ਗ੍ਰਿਫ਼ਤਾਰੀ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੱਤੇ ਬਗੈਰ ਸ੍ਰੀ ਖੁੱਡੀਆਂ ਉਥੋਂ ਚਲੇ ਗਏ। ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੇ ਕਿਹਾ ਕਿ ਉਹ ਟੇਬਲ ’ਤੇ ਹਰੇਕ ਜਥੇਬੰਦੀ ਨਾਲ ਗੱਲਬਾਤ ਲਈ ਤਿਆਰ ਹਨ। ਪੰਜਾਬ ਸਰਕਾਰ ਛੇਤੀ ਪੈਨਸ਼ਨ ਵਧਾਉਣ ਦਾ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਗੱਲਬਾਤ ਮੌਕੇ ਸ਼ਬਦਾਂ ਦੇ ਹੇਰ-ਫ਼ੇਰ ਨੂੰ ਮੁੱਦਾ ਬਣਾਉਣਾ ਗੈਰਵਾਜਬ ਹੈ।