ਗੰਨੇ ਦੇ ਭਾਅ ਨੂੰ ਲੈ ਕੇ ਬਣੀ ਸਹਿਮਤੀ
ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਨੇ ਦੁਆਬੇ ਵਿਚ ਗੰਨਾ ਕਾਸ਼ਤਕਾਰਾਂ ਦੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਅੱਜ ਇੱਥੇ ਕਿਸਾਨ ਯੂਨੀਅਨਾਂ ਨਾਲ ਮੀਟਿੰਗ ਵਿਚ ਗੰਨੇ ਦੇ ਭਾਅ ਵਿਚ ਵਾਧਾ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਰਸਮੀ ਤੌਰ ’ਤੇ ਗੰਨੇ ਦੇ ਭਾਅ ਵਿਚ ਵਾਧੇ ਦਾ ਐਲਾਨ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਦੀ ਤਰ੍ਹਾਂ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦਾ ਦੇਸ਼ ਭਰ ’ਚੋਂ ਸਭ ਤੋਂ ਵੱਧ ਭਾਅ ਦੇਣਾ ਜਾਰੀ ਰੱਖੇਗੀ। ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਸਰਕਾਰ ਵੱਲੋਂ ਪ੍ਰਵਾਨ ਕੀਤੇ ਜਾਣ ਮਗਰੋਂ ਕਿਸਾਨਾਂ ਨੇ ਪਿਛਲੇ ਕੁਝ ਦਿਨਾਂ ਤੋਂ ਜਲੰਧਰ ਨੇੜੇ ਚੱਲ ਰਿਹਾ ਧਰਨਾ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਮੀਟਿੰਗ ਵਿਚ ਕਿਸਾਨ ਆਗੂਆਂ ਨੂੰ ਕਿਹਾ ਕਿ ਉਹ ਰੇਲਾਂ ਜਾਂ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਖੱਜਲ ਕਰਨ ਦੇ ਰਾਹ ਪੈਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਉਹ ਹਰ ਵਰਗ ਨਾਲ ਸੰਵਾਦ ਰਚਾਉਣ ਲਈ ਤਿਆਰ ਹਨ। ਕਿਸਾਨਾਂ ਨਾਲ ਮੀਟਿੰਗ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਹੀ ਗੰਨਾ ਕਾਸ਼ਤਕਾਰਾਂ ਨੂੰ ਖ਼ੁਸ਼ਖ਼ਬਰੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਖੇਤੀ ’ਵਰਸਿਟੀ ਨੇ ਗੰਨੇ ਦੀ ਕੀਮਤ ਵਿਚ ਕਰੀਬ ਅੱਠ ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦੀ ਸਿਫ਼ਾਰਸ਼ ਕੀਤੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਟੇਟ ਐਗਰੀਡ ਪ੍ਰਾਈਸ (ਐੱਸਏਪੀ) ਤਹਿਤ ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ ਦੇ ਰਹੀ ਸੀ, ਜਿਹੜਾ ਦੇਸ਼ ਵਿੱਚ ਹੁਣ ਤੱਕ ਸਭ ਤੋਂ ਵੱਧ ਸੀ ਪਰ ਹਰਿਆਣਾ ਨੇ ਹਾਲ ਹੀ ਵਿੱਚ ਇਹ ਭਾਅ ਵਧਾ ਕੇ 386 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ੂਗਰ ਮਿੱਲ ਮਾਲਕਾਂ ਨਾਲ ਮੀਟਿੰਗ ਮਗਰੋਂ ਸੂਬਾ ਸਰਕਾਰ ਜਲਦੀ ਹੀ ਭਾਅ ਵਿੱਚ ਵਾਧਾ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਗੰਨੇ ਦੇ ਪੁਰਾਣੇ ਬਕਾਏ ਦਾ ਭੁਗਤਾਨ ਕਰ ਦਿੱਤਾ ਹੈ। ਸੂਬੇ ਵਿੱਚ 16 ਖੰਡ ਮਿੱਲਾਂ ਹਨ, ਜਿਨ੍ਹਾਂ ਵਿੱਚੋਂ ਨੌਂ ਸਹਿਕਾਰੀ ਖੇਤਰ ਦੀਆਂ ਹਨ ਅਤੇ ਬਾਕੀ ਪ੍ਰਾਈਵੇਟ ਖੇਤਰ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਫਗਵਾੜਾ ਤੇ ਧੂਰੀ ਦੀਆਂ ਦੋ ਪ੍ਰਾਈਵੇਟ ਮਿੱਲਾਂ ਦੀ ਅਦਾਇਗੀ ਬਕਾਇਆ ਹੈ। ਇਨ੍ਹਾਂ ਮਿੱਲਾਂ ਤੋਂ ਪੈਸੇ ਦੀ ਰਿਕਵਰੀ ਲਈ ਕਾਰਵਾਈ ਚੱਲ ਰਹੀ ਹੈ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਵੇਚਣ ਤੋਂ ਬਾਅਦ ਕਿਸਾਨਾਂ ਨੂੰ ਅਦਾਇਗੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਤਸੱਲੀ ਵਾਲੀ ਗੱਲ ਹੈ ਕਿ ਅੱਜ ਮੀਟਿੰਗ ਦੌਰਾਨ ਕਿਸਾਨਾਂ ਨੇ ਜਨਤਕ ਹਿੱਤ ਵਿੱਚ ਰੇਲ ਤੇ ਸੜਕੀ ਆਵਾਜਾਈ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ।
ਆਮ ਲੋਕਾਂ ਦੀ ਖੱਜਲ-ਖ਼ੁਆਰੀ ਸਹਿਣ ਨਹੀਂ ਕਰਾਂਗੇ: ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਤੌਰ ’ਤੇ ਆਖਿਆ ਕਿ ਸਮਾਜ ਦੇ ਕਿਸੇ ਵੀ ਵਰਗ ਨਾਲ ਗੱਲਬਾਤ ਲਈ ਸਰਕਾਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ ਪਰ ਪ੍ਰਦਰਸ਼ਨਾਂ ਦੇ ਨਾਮ ਉੱਤੇ ਆਮ ਆਦਮੀ ਦੀ ਖੱਜਲ-ਖ਼ੁਆਰੀ ਬਿਲਕੁਲ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਰੁਝਾਨ ਨੂੰ ਠੱਲ੍ਹ ਪਾਉਣ ਦੀ ਲੋੜ ਹੈ ਤਾਂ ਜੋ ਪ੍ਰਦਰਸ਼ਨਾਂ ਕਾਰਨ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮੁੱਖ ਮੰਤਰੀ ਨੇ ਮੰਗਾਂ ਮੰਨੀਆਂ: ਰਾਏ
ਭਾਰਤੀ ਕਿਸਾਨ ਯੂਨੀਅਨ (ਦੁਆਬਾ) ਦੇ ਆਗੂ ਮਨਜੀਤ ਸਿੰਘ ਰਾਏ ਨੇ ਮੀਟਿੰਗ ਮਗਰੋਂ ਕਿਹਾ ਕਿ ਮੁੱਖ ਮੰਤਰੀ ਨੇ ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ 28 ਨਵੰਬਰ ਨੂੰ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਵਿਚ ਗੰਨੇ ਦੇ ਭਾਅ ਵਿਚ ਵਾਧੇ ਦਾ ਐਲਾਨ ਕਰਨ ਦੀ ਗੱਲ ਆਖੀ ਹੈ। ਗੰਨੇ ਦੇ ਖ਼ਰਾਬੇ ਦੇ ਮੁਆਵਜ਼ੇ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ। ਇਸੇ ਤਰ੍ਹਾਂ ਉਨ੍ਹਾਂ 30 ਨਵੰਬਰ ਤੱਕ ਸਾਰੀਆਂ ਖੰਡ ਮਿੱਲਾਂ ਚਲਾਉਣ ਦੀ ਸਹਿਮਤੀ ਵੀ ਦਿੱਤੀ ਹੈ।