ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਧਰਨਾ ਲਾਇਆ
ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 12 ਸਤੰਬਰ
ਬਲਾਕ ਖੇੜਾ ਦੇ ਪਿੰਡ ਬੀਬੀਪੁਰ ’ਚ ਗੰਦੇ ਪਾਣੀ ਦੀ ਨਿਕਾਸੀ ਦੀ ਤਰਸਯੋਗ ਹਾਲਤ ਹੋਣ ਕਾਰਨ ਦੁਖੀ ਹੋਏ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ। ਦਵਿੰਦਰ ਸਿੰਘ ਬੀਬੀਪੁਰ ਨੇ ਕਿਹਾ ਕਿ ਜਦੋ ਤੱਕ ਮਸਲਾ ਹੱਲ ਨਹੀਂ ਹੁੰਦਾ, ਧਰਨਾ ਜਾਰੀ ਰਹੇਗਾ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪ੍ਰਸਾਸ਼ਨ ’ਤੇ ਲੋਕ ਸਮੱਸਿਆਵਾਂ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕ ਦੀ ਕਥਿਤ ਸ਼ੈਅ ’ਤੇ ਟੋਭੇ ਉੱਤੇ ਹੋਏ ਕਬਜ਼ੇ ਕਾਰਨ ਇਹ ਸਮੱਸਿਆ ਆ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪ੍ਰਸਾਸ਼ਨ ਅਤੇ ਸਰਕਾਰ ਨੂੰ ਪੱਤਰ ਭੇਜਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।
ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਖੇੜਾ ਚੰਦ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਥਾਪਰ ਮਾਡਲ ਆਧਾਰਤ ਪ੍ਰਾਜੈਕਟ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਰਸਾਤ ਕਾਰਨ ਪਾਣੀ ਇਕੱਠਾ ਹੋ ਗਿਆ ਸੀ, ਜੋ ਕੱਢਵਾ ਦਿੱਤਾ ਹੈ। ਉਨ੍ਹਾਂ ਨਿਕਾਸੀ ਰੋਕਣ ਵਾਲਿਆਂ ਨੂੰ ਚਿਤਾਵਨੀ ਦਿੱਤੀ।