ਗੋਬਿੰਦਗੜ੍ਹ ਤੋਂ ਤਖ਼ਤ ਹਜ਼ੂਰ ਸਾਹਿਬ ਲਈ ਕਣਕ ਦੇ ਟਰੱਕ ਰਵਾਨਾ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 17 ਮਈ
ਇਲਾਕੇ ਦੇ ਗਿਆਰਾਂ ਪਿੰਡਾਂ ਤੋਂ ਕਣਕ ਇਕੱਠੀ ਕਰ ਕੇ ਪਿੰਡ ਗੋਬਿੰਦ ਦੇ ਗੁਰਦੁਆਰਾ ਕਲਗ਼ੀਧਰ ਸਾਹਿਬ ਤੋਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਲੰਗਰਾਂ ਲਈ ਦੋ ਟਰੱਕ ਰਵਾਨਾ ਕੀਤੇ ਗਏ। ਗੁਰਦੁਆਰਾ ਕਲਗ਼ੀਧਰ ਸਾਹਿਬ ਵਿੱਚ ਕਰਵਾਏ ਗਏ ਧਾਰਮਿਕ ਸਮਾਗਮ ਮੌਕੇ ਕਣਕ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਾਬਕਾ ਸਰਪੰਚ ਡਾ. ਸੁਖਦੇਵ ਸਿੰਘ ਕੇ.ਡੀ ਅਨੁਸਾਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਲੰਗਰਾਂ ਲਈ ਜਥੇਦਾਰ ਕੁਲਵੰਤ ਸਿੰਘ ਦੀ ਪ੍ਰੇਰਨਾ ਸਦਕਾ 23 ਸਾਲਾਂ ਤੋਂ ਕਣਕ ਭੇਜਣ ਦੀ ਸੇਵਾ ਜਾਰੀ ਹੈ। ਪਿੰਡ ਗੋਬਿੰਦਗੜ੍ਹ ਤੋਂ ਇਲਾਵਾ ਦੱਧਾਹੂਰ, ਮਹਿਲ ਕਲਾਂ, ਗੰਗੋਹਰ, ਰਾਜਗੜ੍ਹ, ਜਲਾਲਦੀਵਾਲ, ਢੋਲਣ, ਬਾਰਦੇਕੇ, ਹਾਂਸ ਕਲਾਂ, ਭੈਣੀ ਬੜਿੰਗਾਂ, ਗੱਗੜਾ (ਨੇੜੇ ਮੋਗਾ) ਪਿੰਡਾਂ ਦੀ ਸੰਗਤ ਵੱਲੋਂ ਯੋਗਦਾਨ ਪਾਇਆ ਗਿਆ। ਸਾਬਕਾ ਸਰਪੰਚ ਸੁਖਦੇਵ ਸਿੰਘ ਕੇ.ਡੀ ਨੇ ਕਣਕ ਇਕੱਠੀ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸਰਪੰਚ ਜਗਜੀਤ ਸਿੰਘ ਮਾਂਗਟ ਗੋਬਿੰਦਗੜ੍ਹ, ਹੈੱਡ ਗ੍ਰੰਥੀ ਬਾਬਾ ਜਗਤਾਰ ਸਿੰਘ, ਸਿਮਰਦੀਪ ਸਿੰਘ ਗਿੱਲ ਅਤੇ ਬਿੱਕਰ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਅਨੇਕਾਂ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ।