ਗੋਆ: ਵਿਰੋਧੀ ਧਿਰ ਦੇ ਸਾਰੇ ਸੱਤ ਮੈਂਬਰ ਦੋ ਦਿਨ ਲਈ ਵਿਧਾਨ ਸਭਾ ’ਚੋਂ ਮੁਅੱਤਲ
ਪਣਜੀ, 31 ਜੁਲਾਈ
ਗੋਆ ਵਿਧਾਨ ਸਭਾ ’ਚ ਮਨੀਪੁਰ ਹਿੰਸਾ ਦੇ ਮੁੱਦੇ ’ਤੇ ਹੰਗਾਮੇ ਕਾਰਨ ਵਿਰੋਧੀ ਧਿਰ ਦੇ ਸਾਰੇ ਸੱਤ ਮੈਂਬਰਾਂ ਨੂੰ ਦੋ ਦਿਨਾਂ ਲਈ ਸਦਨ ’ਚੋਂ ਮੁਅੱਤਲ ਕਰ ਦਿੱਤਾ ਗਿਆ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੀਕਰ ਰਮੇਸ਼ ਤਾਵੜਕਰ ਨੇ ਵਿਰੋਧੀ ਧਿਰ ਦੇ ਰਵੱਈਏ ਦੀ ਨਿਖੇਧੀ ਕੀਤੀ। ਮੁਅੱਤਲ ਕੀਤੇ ਗਏ ਮੈਂਬਰਾਂ ’ਚ ਵਿਰੋਧੀ ਧਿਰ ਦੇ ਆਗੂ ਯੂਰੀ ਅਲੇਮਾਓ, ਕਾਂਗਰਸ ਵਿਧਾਇਕ ਅਲਟੋਨੇ ਡੀਕੋਸਟਾ ਤੇ ਕਾਰਲੋਸ ਫਰੇਰਾ, ‘ਆਪ’ ਦੇ ਵੈਂਜ਼ੀ ਵੀਗਾਸ ਤੇ ਕਰੂਜ਼ ਸਿਲਵਾ, ਗੋਆ ਫਾਰਵਰਡ ਪਾਰਟੀ ਦੇ ਵਿਜੈ ਸਰਦੇਸਾਈ ਅਤੇ ਰੈਵੋਲੂਸ਼ਨਰੀ ਗੋਅਨਜ਼ ਪਾਰਟੀ ਦੇ ਵੀਰੇਸ਼ ਬੋਰਕਰ ਸ਼ਾਮਲ ਹਨ।
ਪ੍ਰਸ਼ਨਕਾਲ ਮਗਰੋਂ ਅਲੇਮਾਓ ਨੇ ਮਨੀਪੁਰ ਮੁੱਦੇ ’ਤੇ ਸਦਨ ’ਚ ਚਰਚਾ ਦੀ ਮੰਗ ਕੀਤੀ ਅਤੇ ਦਾਅਵਾ ਕੀਤਾ ਕਿ ਕਰੂਜ਼ ਸਿਲਵਾ ਵੱਲੋਂ ਬੀਤੇ ਸ਼ੁੱਕਰਵਾਰ ਨੂੰ ਪ੍ਰਾਈਵੇਟ ਮੈਂਬਰ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਜਿਸ ਨੂੰ ਸਪੀਕਰ ਨੇ ਨਾਮਨਜ਼ੂਰ ਕਰ ਦਿੱਤਾ। ਇਸ ਮਗਰੋਂ ਕਾਲੇ ਕੱਪੜਿਆਂ ’ਚ ਆਏ ਸਾਰੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਸਪੀਕਰ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਇਸ ਮੁੱਦੇ ਨਾਲ ਸਿੱਝ ਰਿਹਾ ਹੈ ਅਤੇ ਸੰਸਦ ’ਚ ਵੀ ਇਸ ਬਾਰੇ ਚਰਚਾ ਹੋ ਰਹੀ ਹੈ ਜਿਸ ਕਾਰਨ ਉਹ ਮੁੱਦੇ ’ਤੇ ਵਿਧਾਨ ਸਭਾ ’ਚ ਬਹਿਸ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ ਹਨ। ਜਵਾਬ ਤੋਂ ਨਾਰਾਜ਼ ਮੈਂਬਰ ‘ਮਨੀਪੁਰ, ਮਨੀਪੁਰ’ ਦੇ ਨਾਅਰੇ ਲਾਉਂਦੇ ਹੋਏ ਸਪੀਕਰ ਦੇ ਆਸਣ ਅੱਗੇ ਆ ਗਏ।
ਉਨ੍ਹਾਂ ਐੱਮਜੀਪੀ ਵਿਧਾਇਕ ਜੀਤ ਆਰੋਲਕਰ ਨੂੰ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਨੂੰ ਮਾਰਸ਼ਲਾਂ ਨੇ ਸਦਨ ’ਚੋਂ ਬਾਹਰ ਕੱਢ ਦਿੱਤਾ। ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਵਾਤਾਵਰਨ ਮੰਤਰੀ ਨੀਲੇਸ਼ ਕਬਰਾਲ ਨੇ ਵਿਰੋਧੀ ਧਿਰਾਂ ਦੇ ਆਗੂਆਂ ਖ਼ਿਲਾਫ਼ ਕਾਰਵਾਈ ਮੰਗੀ।
ਇਸ ਮਗਰੋਂ ਸਪੀਕਰ ਨੇ ਸੱਤ ਵਿਧਾਇਕਾਂ ਨੂੰ ਦੋ ਦਿਨਾਂ ਲਈ ਸਦਨ ’ਚੋਂ ਮੁਅੱਤਲ ਕਰ ਦਿੱਤਾ। ਸਪੀਕਰ ਨੇ ਕਿਹਾ ਕਿ ਹੰਗਾਮਾ ਕਰ ਰਹੇ ਵਿਧਾਇਕਾਂ ਨੇ ਪਹਿਲਾਂ ਆਰੋਲਕਰ ਨੂੰ ਰੋਕਿਆ ਅਤੇ ਫਿਰ ਉਹ ਮੁੱਖ ਮੰਤਰੀ ਸਾਵੰਤ ਤੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਵੱਲ ਵੀ ਵਧੇ ਸਨ। ਆਰੋਲਕਰ ਨੇ ਕਿਹਾ ਕਿ ਵਿਧਾਇਕਾਂ ਨੇ ਉਨ੍ਹਾਂ ਦਾ ਮਾਈਕ ਖੋਹ ਲਿਆ ਸੀ। -ਪੀਟੀਆਈ