ਗੈਸ ਫੈਕਟਰੀ ’ਚੋਂ ਸਾਮਾਨ ਚੁੱਕੇ ਜਾਣ ਦੇ ਬਾਵਜੂਦ ਧਰਨਾ ਜਾਰੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਮਈ
ਭੂੰਦੜੀ ਵਿੱਚ ਲੱਗਣ ਵਾਲੀ ਗੈਸ ਫੈਕਟਰੀ ਦਾ ਰੱਫੜ ਵਧ ਜਾਣ ਮਗਰੋਂ ਫੈਕਟਰੀ ਮਾਲਕਾਂ ਨੇ ਫੈਕਟਰੀ ਵਾਲੀ ਥਾਂ ਤੋਂ ਆਪਣਾ ਸਾਮਾਨ ਚੁੱਕ ਲਿਆ ਹੈ। ਗੈਸ ਫੈਕਟਰੀ ਵਿੱਚ ਲੱਗੀ ਮਸ਼ੀਨਰੀ ਤੇ ਪਿਆ ਸਾਮਾਨ ਚੁੱਕ ਲਏ ਜਾਣ ਦੇ ਬਾਵਜੂਦ ਧਰਨਾ ਅੱਜ ਵੀ ਜਾਰੀ ਰਿਹਾ। ਇਸ ਗੈਸ ਫੈਕਟਰੀ ਖ਼ਿਲਾਫ਼ ਚੱਲਦੇ ਧਰਨੇ ਨੂੰ ਅੱਜ ਇਕ ਸਾਲ ਤੇ ਦੋ ਮਹੀਨੇ ਪੂਰੇ ਹੋ ਗਏ ਹਨ। ਇੱਕ ਸਾਲ ਤੱਕ ਲਗਾਤਾਰ ਧਰਨਾ ਜਾਰੀ ਰਹਿਣ ਅਤੇ ਪਿੰਡ ਵਾਸੀਆਂ ਦੇ ਫੈਕਟਰੀ ਨਾ ਲੱਗਣ ’ਤੇ ਬਜ਼ਿੱਦ ਹੋਣ ਕਰਕੇ ਫੈਕਟਰੀ ਮਾਲਕ ਨੇ ਹੀ ਪੈਰ ਪਿਛਾਂਹ ਖਿੱਚ ਲਏ ਜਾਪਦੇ ਹਨ। ਉਂਝ ਇਸ ਤੋਂ ਪਹਿਲਾਂ ਸਰਕਾਰ ਤੇ ਪ੍ਰਸ਼ਾਸਨ ਨੇ ਜਬਰਨ ਪੱਕਾ ਮੋਰਚਾ ਉਖਾੜਨ ਦਾ ਹੰਭਲਾ ਵੀ ਮਾਰਿਆ ਸੀ। ਪੁਲੀਸ ਦੀਆਂ ਲਾਠੀਆਂ ਅੱਗੇ ਬੀਬੀਆਂ ਡਟ ਗਈਆਂ ਅਤੇ ਕੁਝ ਦਿਨਾਂ ਬਾਅਦ ਮੋਰਚਾ ਫੇਰ ਲੱਗ ਗਿਆ। ਧਰਨਾਕਾਰੀਆਂ ਨੇ ਅੱਜ ਵੀ ਦੋਸ਼ ਦਹੁਰਾਏ ਕਿ ਗੈਸ ਫੈਕਟਰੀ ਪਿੰਡ ਦੀ ਆਬਾਦੀ ਦੇ ਬਿਲਕੁਲ ਨੇੜੇ ਨਿਯਮ ਛਿੱਕੇ ਟੰਗ ਕੇ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਮਸਲਾ ਫ਼ਸਲਾਂ ਤੇ ਨਸਲਾਂ ਦਾ ਸੀ ਜਿਸ ਕਰਕੇ ਸਾਰਾ ਪਿੰਡ ਇੱਕਜੁੱਟ ਹੋ ਕੇ ਵਿਰੋਧ ਵਿੱਚ ਡਟ ਗਿਆ। ਗੈਸ ਫੈਕਟਰੀ ਵਿਰੋਧੀ ਤਾਲਮੇਲ ਸ਼ੰਘਰਸ ਕਮੇਟੀ ਦੇ ਕੋ-ਆਰਡੀਨੇਟਰ ਡਾ. ਸੁਖਦੇਵ ਭੂੰਦੜੀ ਤੇ ਸਾਝੀ ਸ਼ੰਘਰਸ ਕਮੇਟੀ ਦੇ ਨੁਮਾਇੰਦਿਆਂ ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਸੂਬੇਦਾਰ ਬਲਵੀਰ ਸਿੰਘ, ਸਿਕੰਦਰ ਸਿੰਘ ਮੁਕੰਦਪੁਰ, ਸਤਵੰਤ ਸਿੰਘ ਸਿਵੀਆ ਨੇ ਦੱਸਿਆ ਕਿ ਅੱਜ ਕੈਂਸਰ ਗੈਸ ਫੈਕਟਰੀ ਭੂੰਦੜੀ ਖ਼ਿਲਾਫ਼ ਲੱਗੇ ਪੱਕੇ ਮੋਰਚੇ ਨੂੰ ਇੱਕ ਸਾਲ ਦੋ ਮਹੀਨੇ ਹੋ ਗਏ ਹਨ। ਭਾਵੇਂ ਫੈਕਟਰੀ ਮਾਲਕ ਆਪਣਾ ਸਾਮਾਨ ਲੈ ਕੇ ਚਲਾ ਗਿਆ ਹੈ ਪਰ ਲਿਖਤੀ ਦਸਤਾਵੇਜ਼ ਹੱਥ ਆਉਣ ਤੋਂ ਬਿਨਾ ਉਹ ਧਰਨਾ ਨਹੀਂ ਚੁੱਕਣਗੇ। ਧਰਨੇ ਦੌਰਾਨ ਅੱਜ ਵੀ ‘ਗੈਸ ਫੈਕਟਰੀ ਬੰਦ ਕਰੋ’ਦੇ ਨਾਅਰੇ ਗੂੰਜੇ। ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ’ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਡਾ. ਬਲਵਿੰਦਰ ਸਿੰਘ ਔਲਖ ਨੇ ਆਪਣੀ ਕੈਂਸਰ ਥਿਊਰੀ ਨੂੰ ਲੈ ਕੇ ਦਲੀਲ ਪੂਰਬਕ ਵਿਆਖਿਆ ਕੀਤੀ। ਡਾ. ਸਤਸੰਗ ਨੇ ਲੋਕਾਂ ਦੇ ਲੰਮੇ ਸੰਘਰਸ਼ ਦੀ ਸ਼ਲਾਘਾ ਕੀਤੀ ਗੈਸ ਫੈਕਟਰੀਆਂ ਕਰਕੇ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ। ਇਸ ਮੌਕੇ ਹਰਪਾਲ ਸਿੰਘ ਬੱਗੇ ਕਲਾਂ, ਜੈਪਾਲ ਅਹਿਮਦਗੜ੍ਹ, ਭੋਲਾ ਸਿੰਘ ਕਾਉਂਕੇ, ਸਤਪਾਲ ਸਿੰਘ, ਹਰਪ੍ਰੀਤ ਸਿੰਘ ਹੈਪੀ, ਸੁਖਦੇਵ ਸਿੰਘ ਬੂਰਾ, ਚਮਕੌਰ ਸਿੰਘ ਹਾਂਸ, ਜਸਵਿੰਦਰ ਸਿੰਘ ਲਤਾਲਾ, ਤੁਲਸੀ ਸਿੰਘ, ਨਛੱਤਰ ਸਿੰਘ ਗੋਰਾਹੂਰ ਤੇ ਗੁਰਦੇਵ ਸਿੰਘ ਲਤਾਲਾ ਆਦਿ ਹਾਜ਼ਰ ਸਨ।