ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੈਰ-ਕਾਨੂੰਨੀ ਪਰਵਾਸ ਲਈ ਬਣਦੇ ਨਵੇਂ-ਨਵੇਂ ਰਸਤੇ

08:59 AM Oct 05, 2024 IST

(ਡਾ.) ਕੁਲਵੰਤ ਸਿੰਘ ਫ਼ੁੱਲ

ਭਾਰਤੀਆਂ ਦਾ ਪਰਵਾਸ ਇਤਿਹਾਸ ਇੱਕ ਸਦੀ ਤੋਂ ਵੀ ਵੱਧ ਪੁਰਾਣਾ ਹੈ। ਇਸ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਭਾਰਤੀ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਣਇੱਛਤ ਤੌਰ ’ਤੇ ਅਫਰੀਕਾ, ਕੈਰੇਬੀਅਨ ਅਤੇ ਭਾਰਤੀ ਉਪ ਮਹਾਂਦੀਪ ਦੇ ਵੱਖ-ਵੱਖ ਦੇਸ਼ਾਂ ਵਿੱਚ ਪਰਵਾਸ ਕਰ ਉਥੋਂ ਦੇ ਪੱਕੇ ਨਾਗਰਿਕ ਬਣ ਰਹਿ ਰਹੇ ਹਨ। 21ਵੀਂ ਸਦੀ ਦੇ ਆਰੰਭਕ ਸਾਲਾਂ ਦੌਰਾਨ ਸੰਸਾਰ ਦੇ ਕਈ ਦੇਸ਼ਾਂ ਵਿੱਚ ਉਦਾਰੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਲਾਗੂ ਹੋਣ ਨਾਲ ਵਧਦੇ ਵਿਸ਼ਵ ਪਰਵਾਸ ਦੇ ਮੱਦੇਨਜ਼ਰ ਜ਼ਿਆਦਾਤਰ ਭਾਰਤੀ ਪਰਵਾਸੀ ਹੁਣ ਫਾਰਸ ਦੀ ਖਾੜੀ, ਉੱਤਰੀ ਅਮਰੀਕਾ ਅਤੇ ਯੂਰੋਪ ਦੇ ਦੇਸ਼ਾਂ ਵੱਲ ਆਕਰਸ਼ਿਤ ਹੋ ਰਹੇ ਹਨ। ਦੁਨੀਆ ਭਰ ਦੇ ਹਰੇਕ 20 ਪਰਵਾਸੀਆਂ ਵਿੱਚੋਂ ਇੱਕ ਭਾਰਤ ਵਿੱਚ ਪੈਦਾ ਹੋਇਆ ਹੋਣ ਕਰ ਕੇ ਦੇਸ਼ ਵਿਸ਼ਵਵਿਆਪੀ ਪਰਵਾਸ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਵਿਸ਼ਵ ਪਰਵਾਸ ਰਿਪੋਰਟ-2024 ਮੁਤਾਬਕ 2022 ਤੱਕ ਭਾਰਤ ਵਿੱਚ ਪੈਦਾ ਹੋਏ ਲਗਭਗ 18 ਮਿਲੀਅਨ ਲੋਕ ਸੰਸਾਰ ਦੇ ਦੂਜੇ ਦੇਸ਼ਾਂ ਵਿੱਚ ਰਹਿ ਰਹੇ ਹਨ। ਸਾਲ 1990 ਜਦੋਂ ਤੋਂ ਸੰਯੁਕਤ ਰਾਸ਼ਟਰ ਨੇ ਪਰਵਾਸੀ ਮੂਲ ਦਾ ਪਤਾ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਭਾਰਤ ਲਗਾਤਾਰ ਵਿਸ਼ਵ ਦੇ ਮੁੱਖ ਮੂਲ ਪਰਵਾਸੀ ਦੇਸ਼ਾਂ ਵਿੱਚੋਂ ਇੱਕ ਰਿਹਾ ਹੈ। ਪਿਛਲੇ 25 ਸਾਲਾਂ ਦੌਰਾਨ ਭਾਰਤੀ ਪਰਵਾਸੀਆਂ ਦੀ ਗਿਣਤੀ ਦੁੱਗਣੀ ਤੋਂ ਵੀ ਵਧ ਗਈ ਹੈ ਜੋ ਵਿਸ਼ਵ ਦੇ ਕੁੱਲ ਪਰਵਾਸੀਆਂ ਨਾਲੋਂ ਦੁੱਗਣੀ ਤੇਜ਼ੀ ਨਾਲ ਵਧ ਰਹੀ ਹੈ। ਜ਼ਿਆਦਾਤਰ ਭਾਰਤੀ ਵੱਡੇ ਡਾਇਸਪੋਰਾ ਨਾਲ ਸੰਯੁਕਤ ਅਰਬ ਅਮੀਰਾਤ, ਅਮਰੀਕਾ ਅਤੇ ਸਾਊਦੀ ਅਰਬ ਵਿੱਚ ਰਹਿ ਰਹੇ ਹਨ। ਇਸ ਸਮੇਂ ਸਭ ਤੋਂ ਵੱਧ ਲਗਭਗ 3.5 ਮਿਲੀਅਨ ਭਾਰਤੀ ਪਰਵਾਸੀ ਸੰਯੁਕਤ ਅਰਬ ਅਮੀਰਾਤ ਵਿੱਚ ਜ਼ਿਆਦਾਤਰ ਮਜ਼ਦੂਰਾਂ ਵਜੋਂ ਕਾਰਜਸ਼ੀਲ ਹਨ। ਇਸ ਤੋਂ ਬਾਅਦ ਅਮਰੀਕਾ ਅਤੇ ਸਾਊਦੀ ਅਰਬ ਵਿੱਚ ਕ੍ਰਮਵਾਰ ਲਗਭਗ 2.7 ਅਤੇ 2.5 ਮਿਲੀਅਨ ਭਾਰਤੀ ਪਰਵਾਸੀ ਰਹਿੰਦੇ ਹਨ। ਭਾਰਤੀ-ਅਮਰੀਕੀਆਂ ਵਿੱਚ ਤਕਰੀਬਨ ਹਰ ਦਸ ਵਿੱਚੋਂ ਨੌਂ ਭਾਰਤ ਵਿੱਚ ਪੈਦਾ ਹੋਏ ਪਰਵਾਸੀ ਰਹਿੰਦੇ ਹਨ ਅਤੇ ਭਾਈਚਾਰੇ ਦੇ ਤੌਰ ’ਤੇ ਇੰਡੋ-ਅਮਰੀਕਨ ਸਭ ਤੋਂ ਵੱਧ ਪੜ੍ਹੇ-ਲਿਖੇ ਤੇ ਅਮਰੀਕਾ ਵਿੱਚ ਰਹਿਣ ਵਾਲੀਆਂ ਸਾਰੀਆਂ ਨਸਲਾਂ ਤੇ ਨਸਲੀ ਸਮੂਹਾਂ ਵਿੱਚ ਸਭ ਤੋਂ ਵੱਧ ਆਮਦਨੀ ਵਾਲੇ ਲੋਕ ਹਨ।
ਕੋਵਿਡ-19 ਤੋਂ ਬਾਅਦ ਤਾਂ ਬਿਹਤਰ ਆਰਥਿਕ ਮੌਕਿਆਂ, ਵਿੱਤੀ ਸੁਰੱਖਿਆ ਅਤੇ ਸਥਿਰਤਾ ਦੀ ਭਾਲ ਵਿੱਚ ਲੋਕਾਂ ਦੇ ਵਿਸ਼ਵਵਿਆਪੀ ਪਰਵਾਸ ਵਿੱਚ ਸਮੁੱਚੇ ਤੌਰ ’ਤੇ ਵਾਧਾ ਹੋ ਰਿਹਾ ਹੈ; ਭਾਰਤ ਵੀ ਇਸ ਦਾ ਅਪਵਾਦ ਨਹੀਂ ਰਿਹਾ। ਬਹੁਤ ਸਾਰੇ ਭਾਰਤੀ ਖਾਸ ਕਰ ਕੇ ਵਧੇਰੇ ਉਤਸ਼ਾਹੀ ਨੌਜਵਾਨ, ਵਿਦੇਸ਼ਾਂ ਵਿੱਚ ਬਿਹਤਰ ਆਰਥਿਕ ਸੰਭਾਵਨਾਵਾਂ ਲਈ ਦਿਨ-ਬਦਿਨ ਪਰਵਾਸ ਕਰ ਰਹੇ ਹਨ। ਭਾਰਤ ਵਿੱਚ ਧਾਰਮਿਕ, ਜਾਤ, ਨਸਲ ਜਾਂ ਰਾਜਨੀਤੀ ਦੇ ਆਧਾਰ ’ਤੇ ਘੱਟ ਗਿਣਤੀਆਂ ਨਾਲ ਹੋ ਰਹੇ ਵਿਤਕਰੇ ਨੇ ਵੀ ਕਈਆਂ ਨੂੰ ਆਪਣੇ ਵਤਨ ਤੋਂ ਭੱਜਣ ਲਈ ਮਜਬੂਰ ਕੀਤਾ ਹੈ ਪਰ ਭਾਰਤ ਤੋਂ ਅਮਰੀਕਾ ਵੱਲ ਪਰਵਾਸ ਕਰਨ ਦਾ ਰੁਝਾਨ ਕੁਝ ਖਾਸ ਕਾਰਨਾਂ ਕਰ ਕੇ ਜਿ਼ਆਦਾ ਹੀ ਹੈ ਜਿਵੇਂ ਅਮਰੀਕਾ ਲਈ ਕਾਨੂੰਨੀ ਇਮੀਗ੍ਰੇਸ਼ਨ ਚੈਨਲਾਂ ਨੂੰ ਅਕਸਰ ਮਹੱਤਵਪੂਰਨ ਬੈਕਲਾਗ ਦਾ ਸਾਹਮਣਾ ਕਰਨਾ ਪੈਂਦਾ ਹੈ। ਨਤੀਜੇ ਵਜੋਂ ਵਿਜ਼ਟਰ ਵੀਜ਼ਾ ਜਾਂ ਪਰਿਵਾਰ ਦੁਆਰਾ ਸਪਾਂਸਰ ਕੀਤੇ ਵੀਜਿ਼ਆਂ ਲਈ ਲੰਮੇ ਉਡੀਕ ਸਮੇਂ ਕਾਰਨ ਵੀ ਕਈਆਂ ਨੂੰ ਬਦਲਵੇਂ ਅਣਅਧਿਕਾਰਤ ਗੈਰ-ਕਾਨੂੰਨੀ ਰਸਤੇ ਅਪਣਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਅਣਅਧਿਕਾਰਤ ਏਜੰਟ ਜਾਂ ਤਸਕਰ ਵੀ ਪਰਵਾਸ ਕਰਵਾਉਣ ਲਈ ਵੱਧ ਤੋਂ ਵੱਧ ਆਧੁਨਿਕ ਤਰੀਕੇ ਵਰਤ ਰਹੇ ਹਨ ਅਤੇ ਭਾਰਤ ਤੋਂ ਅਮਰੀਕਾ ਤੱਕ ਪੁੱਜਣ ਲਈ ਵੱਖ-ਵੱਖ ਦੇਸ਼ਾਂ ਵਿੱਚੋਂ ਲੰਘਦੇ ਨਵੇਂ-ਨਵੇਂ ਰਸਤੇ ਅਪਣਾਉਂਦੇ ਰਹਿੰਦੇ ਹਨ।
ਅਮਰੀਕਾ ਦੀ ਮੈਕਸਿਕੋ ਨਾਲ ਲਗਦੀ ਦੱਖਣ-ਪੱਛਮੀ ਸਰਹੱਦ ਤਾਂ ਇਸ ਸਮੇਂ ਦੁਨੀਆ ਭਰ ਦੇ ਪਰਵਾਸੀਆਂ ਲਈ ਖ਼ਾਸ ਮੰਚ ਬਣੀ ਹੋਈ ਹੈ। ਪਿਛਲੇ ਕੁਝ ਸਾਲਾਂ ਦੌਰਾਨ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਗੈਰ-ਕਾਨੂੰਨੀ ਭਾਰਤੀ ਪਰਵਾਸੀਆਂ ਦੀ ਗਿਣਤੀ ਵਿੱਚ ਕਈ ਉਤਰਾਅ-ਚੜ੍ਹਾਅ ਦੇਖੇ ਗਏ ਹਨ। ਯੂਐੱਸ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਅਨੁਸਾਰ ਪਹਿਲੀ ਜਨਵਰੀ 2022 ਤੱਕ ਲਗਭਗ 11.0 ਮਿਲੀਅਨ ਅਣਅਧਿਕਾਰਤ ਪਰਵਾਸੀ ਅਮਰੀਕਾ ਵਿੱਚ ਰਹਿ ਰਹੇ ਸਨ ਜੋ 2010 ਵਿੱਚ 11.6 ਮਿਲੀਅਨ ਅਣਅਧਿਕਾਰਤ ਪਰਵਾਸੀਆਂ ਦੇ ਮੁਕਾਬਲੇ ਘਟੇ ਹਨ ਪਰ ਜਨਵਰੀ 2020 ਵਿੱਚ 10.5 ਮਿਲੀਅਨ ਅਣਅਧਿਕਾਰਤ ਪਰਵਾਸੀਆਂ ਨਾਲੋਂ ਵਧੇਰੇ ਹਨ। ਮੈਕਸਿਕੋ ਅਤੇ ਅਲ ਸਲਵਾਡੋਰ ਤੋਂ ਬਾਅਦ ਅਮਰੀਕਾ ਵਿੱਚ ਲਗਭਗ 7,25,000 ਅਣਅਧਿਕਾਰਤ ਭਾਰਤੀ ਪਰਵਾਸੀ ਗੈਰ-ਕਾਨੂੰਨੀ ਪਰਵਾਸੀਆਂ ਦੀ ਤੀਜੀ ਸਭ ਤੋਂ ਵੱਡੀ ਆਬਾਦੀ ਹਨ। ਯੂਐੱਸ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਡੇਟਾ ਮੁਤਾਬਕ ਵਿੱਤੀ ਸਾਲ 2021-22 ਦੌਰਾਨ ਯੂਐੱਸ ਅਧਿਕਾਰੀਆਂ ਦਾ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਦਾਖਲ ਹੋਏ 63,927 ਭਾਰਤੀਆਂ ਨਾਲ ਸਾਹਮਣਾ ਹੋਇਆ ਜਿਹੜੇ ਪਿਛਲੇ ਵਿੱਤੀ ਸਾਲ ਨਾਲੋਂ ਜ਼ਿਆਦਾ ਸਨ।
ਅਮਰੀਕਾ ਦੀਆਂ ਸਰਹੱਦਾਂ ਪੈਦਲ ਪਾਰ ਕਰਨ ਵਾਲੇ ਗੈਰ-ਕਾਨੂੰਨੀ ਭਾਰਤੀ ਪਰਵਾਸੀਆਂ ਦੀ ਗਿਣਤੀ ਵਿੱਚ ਤਾਂ ਕਮਾਲ ਦਾ ਵਾਧਾ ਰਿਹਾ ਹੈ। ਇਸ ਦੇ ਤਾਜ਼ਾ ਅੰਕੜਿਆਂ ਮੁਤਾਬਕ ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਲਈ ਰਿਕਾਰਡ ਗਿਣਤੀ ਵਿੱਚ 96,917 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ 2019 ਤੋਂ 2020 ਦੀ ਇਸੇ ਮਿਆਦ ਦੇ ਮੁਕਾਬਲੇ ਪੰਜ ਗੁਣਾ ਵਧੇਰੇ ਹਨ। ਹਰ ਮਹੀਨੇ ਔਸਤਨ 8000 ਭਾਰਤੀ ਗ੍ਰਿਫਤਾਰ ਕੀਤੇ ਜਾ ਰਹੇ ਸਨ ਅਤੇ ਅਪਰੈਲ 2023 ਵਿਚ ਸਭ ਤੋਂ ਵੱਧ 12,537 ਗ੍ਰਿਫਤਾਰੀਆਂ ਦਰਜ ਕੀਤੀਆਂ ਗਈਆਂ ਪਰ ਇਸ ਰਿਕਾਰਡ ਗਿਣਤੀ ਦੇ ਬਾਵਜੂਦ ਅਮਰੀਕੀ ਸਰਹੱਦਾਂ ’ਤੇ ਗ੍ਰਿਫਤਾਰ ਕੀਤੇ ਗਏ ਗੈਰ-ਕਾਨੂੰਨੀ ਭਾਰਤੀਆਂ ਦੇ ਅੰਕੜੇ ਹੋਰ ਦੇਸ਼ਾਂ, ਖਾਸ ਕਰ ਕੇ ਲਾਤੀਨੀ ਅਮਰੀਕਾ ਦੇ ਮੁਕਾਬਲੇ ਬਹੁਤ ਘੱਟ ਹਨ; ਉਦਾਹਰਨ ਲਈ, ਇਸੇ ਸਮੇਂ ਦੌਰਾਨ 7.35 ਲੱਖ ਮੈਕਸਿਕਨ ਅਤੇ 2.16 ਲੱਖ ਹੌਂਡੂਰਸ ਦੇ ਵਿਅਕਤੀ ਫੜੇ ਗਏ ਸਨ।
ਅਸਾਧਾਰਨ ਮੂਲ ਦੇਸ਼ਾਂ ਤੋਂ ਵਧ ਰਹੀ ਗੈਰ-ਕਾਨੂੰਨੀ ਆਮਦ ਕਰ ਕੇ ਅਮਰੀਕਾ ਵਿੱਚ ਅਣਅਧਿਕਾਰਤ ਪਰਵਾਸ ਲਗਾਤਾਰ ਚੁਣੌਤੀ ਅਤੇ ਪ੍ਰਮੁੱਖ ਨੀਤੀ ਮੁੱਦਾ ਬਣਿਆ ਰਿਹਾ ਹੈ। 2022 ਵਿੱਚ ਯੂਐੱਸ-ਮੈਕਸਿਕੋ ਸਰਹੱਦ ’ਤੇ ਸਭ ਤੋਂ ਵੱਧ, ਰਿਕਾਰਡ 2.4 ਮਿਲੀਅਨ ਮੁਕਾਬਲੇ ਹੋਏ। ਇਹਨਾਂ ਵਿੱਚ ਬਹੁਤ ਸਾਰੇ ਪਰਵਾਸੀ ਅਜਿਹੇ ਵੀ ਸ਼ਾਮਲ ਸਨ ਜਿਨ੍ਹਾਂ ਨੇ ਕਈ ਵਾਰ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸਿ਼ਸ਼ ਕੀਤੀ। ਕਈ ਸਾਲਾਂ ਤੋਂ ਜਿ਼ਆਦਾਤਰ ਅਜਿਹੇ ਅਨਿਯਮਿਤ ਪਰਵਾਸੀ ਲਾਤੀਨੀ-ਅਮਰੀਕੀ ਦੇਸ਼ਾਂ ਮੈਕਸਿਕੋ, ਗੁਆਟੇਮਾਲਾ, ਅਲ ਸਲਵਾਡੋਰ ਅਤੇ ਹੌਂਡੂਰਸ ਵਰਗੇ ਦੇਸ਼ਾਂ ਤੋਂ ਆ ਰਹੇ ਸਨ ਪਰ ਸਾਲ 2022 ਵਿੱਚ ਪਹਿਲੀ ਵਾਰ ਵੈਨੇਜ਼ੁਏਲਾ, ਕਿਊਬਾ ਅਤੇ ਨਿਕਾਰਾਗੁਆ ਦੇ ਬੋਲੀਵਾਰੀਅਨ ਗਣਰਾਜ ਦੇ ਪਰਵਾਸੀਆਂ ਨਾਲ ਵਧੇਰੇ ਮੁਕਾਬਲੇ ਹੋਏ ਸਨ। ਹੈਤੀ, ਬ੍ਰਾਜ਼ੀਲ ਅਤੇ ਇਸ ਖੇਤਰ ਤੋਂ ਬਾਹਰਲੇ ਦੇਸ਼ਾਂ ਜਿਵੇਂ ਭਾਰਤ ਅਤੇ ਯੂਕਰੇਨ ਤੋਂ ਵੀ ਬਹੁਤ ਸਾਰੇ ਪਰਵਾਸੀ ਆ ਰਹੇ ਸਨ।
ਪ੍ਰਸਿੱਧ ਖ਼ਬਰ ਏਜੰਸੀ ਰਾਇਟਰਜ਼ ਅਨੁਸਾਰ, ਹਾਲ ਹੀ ਵਿੱਚ ਯੂਐੱਸ ਅਤੇ ਅਲ ਸਲਵਾਡੋਰ ਦੇ ਅਧਿਕਾਰੀਆਂ ਨੇ ਅਲ ਸਲਵਾਡੋਰ ਵਿੱਚ ਚਾਰਟਰ ਜਹਾਜ਼ਾਂ ਦੀ ਲੈਂਡਿੰਗ ਦਾ ਅਸਾਧਾਰਨ ਰੁਝਾਨ ਦੇਖਿਆ ਜਿਸ ਵਿੱਚ ਮੁੱਖ ਤੌਰ ’ਤੇ ਭਾਰਤੀ ਨਾਗਰਿਕ ਸਵਾਰ ਸਨ। ਇਹ ਹਵਾਈ ਜਹਾਜ਼ ਯਾਤਰੀਆਂ ਨਾਲ ਭਰੇ ਆਉਂਦੇ ਹਨ ਪਰ ਖਾਲੀ ਵਾਪਸ ਰਵਾਨਾ ਹੁੰਦੇ ਹਨ; ਇਥੋਂ ਤੱਕ ਕਿ ਕਈ ਵਿਅਕਤੀ ਹਫ਼ਤਿਆਂ ਬੱਧੀ ਯਾਤਰਾ ਵਾਸਤੇ ਸਿਰਫ਼ ਇੱਕ ਬੈਕਪੈਕ ਨਾਲ ਲੈ ਕੇ ਜਾਣ ਦੇ ਬਾਵਜੂਦ ਸੈਲਾਨੀ ਹੋਣ ਦਾ ਦਾਅਵਾ ਕਰਦੇ ਹਨ। ਜਾਂਚ ਤੋਂ ਪਤਾ ਲੱਗਾ ਕਿ ਇਹਨਾਂ ਚਾਰਟਰ ਯਾਤਰੀਆਂ ਵਿੱਚੋਂ ਲਗਭਗ ਸਾਰੇ ਸੈਨ ਸਲਵਾਡੋਰ (ਅਲ ਸਲਵਾਡੋਰ ਦੀ ਰਾਜਧਾਨੀ) ਵਿੱਚ ਉਤਰਨ ਤੋਂ ਬਾਅਦ ਸਰਹੱਦ ਪਾਰ ਕਰ ਕੇ ਅਮਰੀਕਾ ਵਿੱਚ ਜਾ ਰਹੇ ਸਨ। ਇਹ ਵਰਤਾਰਾ ਅਮਰੀਕਾ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਨਵੇਂ ਮਾਰਗ ਦਰਸਾਉਂਦਾ ਹੈ। ਲਾਤੀਨੀ ਅਮਰੀਕਾ ਤੋਂ ਬਾਹਰਲੇ ਖੇਤਰਾਂ ਦੇ ਆ ਰਹੇ ਜਿ਼ਆਦਾਤਰ ਪਰਵਾਸੀ ਯਾਤਰਾ ਪੈਕੇਜਾਂ ਲਈ ਤਸਕਰਾਂ ਦੇ ਨੈੱਟਵਰਕ ਨੂੰ ਮੋਟੀ ਰਕਮ ਅਦਾ ਕਰ ਰਹੇ ਹਨ ਜਿਸ ਵਿੱਚ ਮੱਧ ਅਮਰੀਕਾ ਲਈ ਹਵਾਈ ਉਡਾਣਾਂ ਵਾਸਤੇ ਏਅਰਲਾਈਨ ਟਿਕਟਾਂ ਦੇ ਨਾਲ-ਨਾਲ ਅਮਰੀਕਾ-ਮੈਕਸਿਕੋ ਸਰਹੱਦ ਦੇ ਰਸਤੇ ਵਿੱਚ, ਬੱਸਾਂ ਅਤੇ ਹੋਟਲਾਂ ਵਿੱਚ ਰਿਹਾਇਸ਼ ਦੇ ਖਰਚੇ ਵਗੈਰਾ ਸ਼ਾਮਲ ਹੈ। ਇੱਥੋਂ ਤੱਕ ਕਿ ਕੁਝ ਚਾਰਟਰ ਟਰਾਂਸਪੋਰਟੇਸ਼ਨ ਕੰਪਨੀਆਂ ਵੀ ਬਹੁਤ ਜਿ਼ਆਦਾ ਕੀਮਤਾਂ ਵਸੂਲ ਕਰ ਕੇ ਅਮਰੀਕਾ ਵਿੱਚ ਅਨਿਯਮਿਤ ਪਰਵਾਸ ਦੀ ਸਹੂਲਤ ਦੇ ਕੇ ਕਮਜ਼ੋਰ ਪਰਵਾਸੀਆਂ ਦਾ ਸ਼ੋਸ਼ਣ ਕਰ ਰਹੀਆਂ ਹਨ।
ਸਿੱਟੇ ਵਜੋਂ ਦੱਖਣ-ਪੱਛਮੀ ਅਮਰੀਕੀ ਸਰਹੱਦ ’ਤੇ ਪਰਵਾਸੀਆਂ ਦੀ ਗ੍ਰਿਫਤਾਰੀ ਦੀ ਗਿਣਤੀ ਪਿਛਲੇ ਵਿੱਤੀ ਸਾਲ ਦੇ ਰਿਕਾਰਡ ਉੱਚ ਪੱਧਰ ਦੋ ਮਿਲੀਅਨ ਤੋਂ ਵੀ ਵੱਧ ’ਤੇ ਪਹੁੰਚ ਗਈ ਹੈ। ਇਹ ਨਵੰਬਰ ਵਿੱਚ ਹੋ ਰਹੀਆਂ ਯੂਐੱਸ ਰਾਸ਼ਟਰਪਤੀ ਚੋਣਾਂ ਵਿੱਚ ਮਹੱਤਵਪੂਰਨ ਮੁੱਦਾ ਹੈ। ਯੂਐੱਸ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਡੇਟਾ ਅਨੁਸਾਰ ਵਿੱਤੀ ਸਾਲ 2023 ਵਿੱਚ ਲਗਭਗ 1,88,000 ਵਿਅਕਤੀਆਂ, ਭਾਵ, ਨੌਂ ਫੀਸਦੀ ਅਨਿਯਮਿਤ ਦਾਖ਼ਲਿਆਂ ਵਿੱਚ ਗੈਰ-ਲਾਤੀਨੀ ਅਮਰੀਕੀ ਪਰਵਾਸੀ ਸ਼ਾਮਲ ਸਨ। ਦਹਾਕਾ ਪਹਿਲਾਂ ਗੈਰ-ਲਾਤੀਨੀ ਅਮਰੀਕੀ ਪਰਵਾਸੀਆਂ ਦੀ ਅਨਿਯਮਿਤ ਸਰਹੱਦੀ ਆਮਦ ਦਾ ਸਿਰਫ ਇੱਕ ਫ਼ੀਸਦੀ ਸੀ। ਪਿਛਲੇ ਸਾਲ ਸਰਹੱਦ ’ਤੇ ਸਾਹਮਣਾ ਕਰਨ ਵਾਲੇ ਗੈਰ-ਅਮਰੀਕੀ ਨਾਗਰਿਕਾਂ ਵਿੱਚੋਂ ਸਭ ਤੋਂ ਵੱਡਾ ਸਮੂਹ ਲਗਭਗ 42000 ਭਾਰਤੀ ਨਾਗਰਿਕਾਂ ਦਾ ਸੀ। ਇਸ ਤੋਂ ਇਲਾਵਾ 15 ਹੋਰ ਪੱਛਮੀ ਅਫਰੀਕੀ ਦੇਸ਼ਾਂ ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਸੇਨੇਗਲ ਅਤੇ ਮੌਰਟਾਨੀਆ ਸ਼ਾਮਿਲ ਸਨ, ਤੋਂ 39700 ਹੋਰ ਪਰਵਾਸੀਆਂ ਨੇ ਆਮਦ ਕੀਤੀ।
ਦੂਸਰੇ ਪਾਸੇ, ਅਮਰੀਕੀ ਪ੍ਰਸ਼ਾਸਨ ਗੈਰ-ਕਾਨੂੰਨੀ ਪਰਵਾਸੀਆਂ ਦੀ ਆਮਦ ਨਾਲ ਨਜਿੱਠਣ ਲਈ ਖੇਤਰੀ ਸਰਕਾਰਾਂ ਅਤੇ ਟਰੈਵਲ ਕੰਪਨੀਆਂ ਨਾਲ ਸਹਿਯੋਗ ਕਰ ਰਿਹਾ ਹੈ ਤੇ ਚਾਰਟਰ ਏਅਰਲਾਈਨਾਂ ਤੇ ਹੋਰ ਸ਼ੱਕੀ ਸੰਸਥਾਵਾਂ ਦੇ ਮਾਲਕਾਂ ਤੇ ਕਾਰਜਕਾਰੀ ਅਧਿਕਾਰੀਆਂ ਦੇ ਯੂਐੱਸ ਵੀਜ਼ਾ ਰੱਦ ਕਰਨ ਤੱਕ ਵਰਗੇ ਕੁਝ ਸਖ਼ਤ ਕਦਮ ਵੀ ਉਠਾ ਚੁੱਕਾ ਹੈ। ਯੂਐੱਸ ਸਰਕਾਰ ਦੇ ਅੰਕੜਿਆਂ ਮੁਤਾਬਕ ਗੁਆਂਢੀ ਮੈਕਸਿਕੋ ਸਰਕਾਰ ਦੁਆਰਾ ਅਮਰੀਕੀ ਸਰਹੱਦ ਵੱਲ ਸਖਤੀ ਵਰਤਣ ਕਰ ਕੇ ਦਸੰਬਰ 2023 ਦੇ ਮੁਕਾਬਲੇ ਅਪਰੈਲ 2024 ਵਿੱਚ ਸਰਹੱਦੀ ਆਮਦ ਵਿੱਚ 48 ਫ਼ੀਸਦੀ ਦੀ ਕਮੀ ਆਈ ਹੈ। ਇਸ ਤੋਂ ਇਲਾਵਾ ਅਲ ਸਲਵਾਡੋਰ ਸਰਕਾਰ ਵਲੋਂ ਅਕਤੂਬਰ 2023 ਤੋਂ ਭਾਰਤ ਅਤੇ ਕਈ ਅਫਰੀਕੀ ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ ਲੋੜਾਂ ਅਤੇ ਟ੍ਰਾਂਜਿ਼ਟ ਫੀਸ 1000 ਅਮਰੀਕੀ ਡਾਲਰ ਵਧਾ ਦਿੱਤੀ ਜਿਸ ਨਾਲ ਸੈਨ ਸਲਵਾਡੋਰ ਤੋਂ ਲੰਘਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਕਮੀ ਆਈ ਹੈ, ਫਿਰ ਵੀ ਜਦੋਂ ਕਿਤੇ ਗੈਰ-ਕਾਨੂੰਨੀ ਪਰਵਾਸ ਲਈ ਕੋਈ ਰਸਤਾ ਰੁਕਦਾ ਹੈ ਤਾਂ ਅਜਿਹੇ ਪਰਵਾਸੀ ਕੋਈ ਹੋਰ ਨਵਾਂ ਰਸਤਾ ਲੱਭ ਲੈਂਦੇ ਹਨ।

Advertisement

ਸੰਪਰਕ: 94637-63331

Advertisement
Advertisement