ਗੈਂਗਸਟਰ ਰਿਸ਼ਭ ਬੈਨੀਪਾਲ ਉਰਫ਼ ਨਾਨੂ ਖ਼ਿਲਾਫ਼ ਕੁੱਲ 26 ਕੇਸ ਦਰਜ
ਗਗਨਦੀਪ ਅਰੋੜਾ
ਲੁਧਿਆਣਾ, 9 ਨਵੰਬਰ
ਸ਼ਹਿਰ ਵਿੱਚ ਗੈਂਗਟਰ ਨਾਨੂ ਦੇ ਨਾਂ ਨਾਲ ਜਾਣਿਆ ਜਾਂਦਾ ਰਿਸ਼ਭ ਬੈਨੀਪਾਲ ਹੁਣ ਤੱਕ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਮਾਮੂਲੀ ਕੁੱਟਮਾਰ ਦਾ ਕੇਸ ਦਰਜ ਹੋਣ ਮਗਰੋਂ ਮੱਧਵਰਗੀ ਪਰਿਵਾਰ ਨਾਲ ਸਬੰਧਤ ਇਹ ਨੌਜਵਾਨ ਸਦਾ ਲਈ ਜੁਰਮ ਦੀ ਦੁਨੀਆਂ ਵੱਲ ਵੱਧ ਗਿਆ। ਹੌਲੀ ਹੌਲੀ ਅਪਰਾਧਾਂ ਦੀ ਤਾਸੀਰ ਵੀ ਵੱਧਦੀ ਚਲੀ ਗਈ ਤੇ ਉਹ ਜੁਰਮ ਵੱਲ ਹੋਰ ਡੂੰਘਾ ਉਤਰਦਾ ਗਿਆ।
ਗੈਂਗਸਟਰ ਨਾਨੂ ਦੀ ਉਮਰ ਇਸ ਵੇਲੇ 27 ਸਾਲ ਹੈ ਜਿਸ ਖ਼ਿਲਾਫ਼ ਸ਼ਹਿਰ ਦੇ ਵੱਖ ਵੱਖ ਥਾਣਿਆਂ ਵਿੱਚ ਕਈ ਗੰਭੀਰ ਦੋਸ਼ਾਂ ਸਮੇਤ ਕੁਲ 26 ਕੇਸ ਦਰਜ ਹਨ। ਉਹ ਕਈ ਵਾਰ ਜੇਲ੍ਹ ਜਾ ਚੁੱਕਾ ਹੈ ਤੇ ਹਾਲੇ ਪਿਛਲੇ ਸਾਲ ਹੀ ਉਹ ਪਟਿਆਲਾ ਜੇਲ੍ਹ ਤੋਂ ਜ਼ਮਾਨਤ ’ਤੇ ਬਾਹਰ ਆਇਆ ਹੈ। ਬਾਹਰ ਆ ਕੇ ਗੈਂਗਸਟਰ ਨਾਨੂ ਨੇ ਮੁੜ ਅਪਰਾਧਕ ਗਤੀਵਿਧੀਆਂ ਵਿੱਚ ਹਿੱਸੇਦਾਰੀ ਵਧਾ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਭਾਨੀ ਬਿਲਡਿੰਗ ਇਲਾਕੇ ’ਚ ਗੋਲੀ ਚੱਲਣ ਦੀ ਵਾਰਦਾਤ ਵਿੱਚ ਵੀ ਗੈਂਗਸਟਰ ਨਾਨੂ ਦਾ ਹੀ ਨਾਂ ਸਾਹਮਣੇ ਆਇਆ ਸੀ। ਕੁਝ ਦਿਨ ਪਹਿਲਾਂ ਬਸਤੀ ਜੋਧੇਵਾਲ ਇਲਾਕੇ ’ਚ ਜੂਏ ਦੀ ਲੁੱਟ ਦੇ ਮਾਮਲੇ ’ਚ ਵੀ ਉਸ ਦਾ ਨਾਂ ਆਇਆ ਹੈ ਤੇ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਉਸ ਦੀ ਤਲਾਸ਼ ਵੀ ਕੀਤੀ ਜਾ ਰਹੀ ਸੀ ਪਰ ਪੁਲੀਸ ਹੱਥ ਲੱਗਣ ਤੋਂ ਪਹਿਲਾਂ ਹੀ ਉਸ ਨੇ ਬੀਤੇ ਕੱਲ੍ਹ ਮੁੜ ਇੱਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜ਼ਿਕਰਯੋਗ ਹੈ ਕਿ ਰਿਸ਼ਭ ਬੈਨੀਪਾਲ ਖ਼ਿਲਾਫ਼ ਵੱਖ ਵੱਖ ਥਾਣਿਆਂ ਵੱਚ ਦਰਜ ਕੇਸਾਂ ਵਿੱਚੋਂ ਕਈ ਗੰਭੀਰ ਅਪਰਾਧਾਂ ਨਾਲ ਸਬੰਧਤ ਹਨ ਜਿਨ੍ਹਾਂ ਵਿੱਚ ਲੜਾਈ-ਝਗੜੇ ਜਾਂ ਕੁੱਟਮਾਰ ਨਾਲੋਂ ਕਿਤੇ ਵੱਧ ਹਥਿਆਰਾਂ ਦੀ ਵਰਤੋਂ ਕਰਕੇ ਕਤਲ ਕਰਨ ਦੀ ਕੋਸ਼ਿਸ਼ ਤਹਿਤ ਕੀਤੇ ਗਏ ਹਮਲੇ ਵੀ ਸ਼ਾਮਲ ਹਨ।