... ਗੁੰਮ ਅਸਮਾਨ ਦਿਸਿਆ
ਅੰਤਰਰਾਸ਼ਟਰੀ ਸੰਸਥਾ ਔਕਸਫੈਮ ਦੀ ਕੁਝ ਸਮਾਂ ਪਹਿਲਾਂ ਜਾਰੀ ਕੀਤੀ ਗਈ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਭਾਰਤ ਵਿਚ ਦੇਸ਼ ਦੀ ਦੌਲਤ ਦਾ 40 ਫ਼ੀਸਦੀ ਹਿੱਸਾ ਸਿਖ਼ਰਲੇ ਇਕ ਫ਼ੀਸਦੀ ਅਮੀਰਾਂ ਕੋਲ ਹੈ ਜਦੋਂਕਿ ਹੇਠਲੇ 50 ਫ਼ੀਸਦੀ ਲੋਕਾਂ ਦਾ ਦੇਸ਼ ਦੀ ਦੌਲਤ ਵਿਚ ਹਿੱਸਾ ਸਿਰਫ਼ 3 ਫ਼ੀਸਦੀ ਹੈ। ਔਕਸਫੈਮ ਅਨੁਸਾਰ ਮਾਰਚ 2020 ਦੇ ਮੁਕਾਬਲੇ ਨਵੰਬਰ 2022 ਵਿਚ ਭਾਰਤ ਦੇ ਖਰਬਪਤੀਆਂ ਦੀ ਆਮਦਨ 151 ਫ਼ੀਸਦੀ ਵੱਧ ਸੀ ਭਾਵ ਨਵੰਬਰ ਵਿਚ ਉਨ੍ਹਾਂ ਦੀ ਕਮਾਈ ਮਾਰਚ 2020 ਦੀ ਕਮਾਈ ਤੋਂ 3608 ਕਰੋੜ ਰੁਪਏ ਪ੍ਰਤੀ ਦਿਨ ਵੱਧ ਸੀ।
ਸਾਡੀ ਸੂਝ-ਸਮਝ ਵੀ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਅਸੀਂ ਸੋਚਦੇ ਹਾਂ ਕਿ ਇਸ ਤਰ੍ਹਾਂ ਦੀਆਂ ਰਿਪੋਰਟਾਂ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਨੇ; ਇਨ੍ਹਾਂ ਕਾਰਨ ਨਾ ਤਾਂ ਹਕੀਕਤ ਬਦਲਣੀ ਹੈ, ਨਾ ਹੀ ਸਰਕਾਰਾਂ ਦੀਆਂ ਨੀਤੀਆਂ ਅਤੇ ਨਾ ਹੀ ਗ਼ਰੀਬੀ ਵਿਚ ਪਿਸਦੀ ਲੋਕਾਈ ਨੂੰ ਗੁੱਸਾ ਆਉਣਾ ਏ। … ਤੇ ਹੋ ਵੀ ਕੁਝ ਏਦਾਂ ਹੀ ਰਿਹਾ ਹੈ ਪਰ ਪਿਛਲੇ ਦਿਨੀਂ ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਜੋ ਹਾਲ ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਹੋਇਆ ਹੈ, ਉਸ ਨੇ ਮੱਧ ਵਰਗ ਦੇ ਲੋਕਾਂ ਅਤੇ ਅਰਥ ਸ਼ਾਸਤਰੀਆਂ ਦੇ ਦਿਮਾਗ਼ਾਂ ਨੂੰ ਜ਼ਰੂਰ ਹਲੂਣਿਆ ਹੈ; ਇਉਂ ਲੱਗਦਾ ਹੈ ਜਿਵੇਂ ਉਹ ਕਿਸੇ ਡੂੰਘੀ ਨੀਂਦ ਤੋਂ ਜਾਗ ਪਏ ਹੋਣ। ਉਨ੍ਹਾਂ ਨੂੰ ਦੇਖ ਕੇ ਮੁਨੀਰ ਨਿਆਜ਼ੀ ਦਾ ਸ਼ਿਅਰ ਯਾਦ ਆਉਂਦਾ ਹੈ, ”ਬੱਦਲ ਉੱਡੇ ਤੇ ਗੁੰਮ ਅਸਮਾਨ ਦਿਸਿਆ/ ਪਾਣੀ ਉਤਰੇ ਤੇ ਆਪਣਾ ਮਕਾਨ ਦਿਸਿਆ।”
ਵੱਖ ਵੱਖ ਅਨੁਮਾਨਾਂ ਅਨੁਸਾਰ ਪਿਛਲੇ ਕੁਝ ਦਿਨਾਂ ਵਿਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ 120 ਬਿਲੀਅਨ ਡਾਲਰ (12 ਹਜ਼ਾਰ ਕਰੋੜ ਡਾਲਰ ਭਾਵ ਲਗਭਗ 9.84 ਲੱਖ ਕਰੋੜ ਰੁਪਏ) ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਹ ਵੇਖ ਕੇ ਲੋਕਾਂ ਦੇ ਮਨਾਂ ਵਿਚ ਅਚਾਨਕ ਝਟਕਾ ਜਿਹਾ ਲੱਗਿਆ ਹੈ: ਏਨਾ ਨੁਕਸਾਨ? ਕਿੱਥੋਂ ਆਏ ਸਨ ਏਨੇ ਪੈਸੇ? ਉਹ ਕਿਹੋ ਜਿਹੇ ਕਾਰੋਬਾਰ ਹਨ ਜਿਨ੍ਹਾਂ ਵਿਚ ਇਕ ਘਰਾਣੇ ਦੀ ਦੌਲਤ 1612 ਕਰੋੜ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਵਧਦੀ ਹੈ (ਸਤੰਬਰ 2022 ਦੀ ਆਈਆਈਐੱਫਐੱਲ ਵੈਲਥ ਹੁਰੁਨ ਇੰਡੀਆ ਰਿਚ ਲਿਸਟ ਰਿਪੋਰਟ ਅਨੁਸਾਰ 2021-22 ਵਿਚ) ਅਤੇ ਉਹ ਕਿਹੜੇ ਵਪਾਰ ਤੇ ਧੰਦੇ ਹਨ ਜਿਨ੍ਹਾਂ ਕਾਰਨ ਇਕ ਘਰਾਣਾ ਪੰਜ ਸਾਲਾਂ (2017-22) ਵਿਚ ਆਪਣੀ ਦੌਲਤ 14 ਗੁਣਾ ਵਧਾਉਂਦਾ ਹੈ? ਉਨ੍ਹਾਂ ਸਾਲਾਂ ਵਿਚ ਜਦੋਂ ਮੱਧ ਵਰਗ ਅਤੇ ਨਿਮਨ ਮੱਧ ਵਰਗ ਦੇ ਲੋਕਾਂ ਦੀ ਆਮਦਨ ਲਗਾਤਾਰ ਘਟਦੀ ਹੈ; ਉਨ੍ਹਾਂ ਸਮਿਆਂ ਵਿਚ ਜਦੋਂ ਮਿਹਨਤਕਸ਼ਾਂ ਦੀ ਉਜਰਤ ਲਗਾਤਾਰ ਘਟਦੀ ਹੈ? ਇਸ ਰਿਪੋਰਟ ਨਾਲ ਇਕ ਦੌਲਤਮੰਦ ਦੀ ਦੌਲਤ ਨੂੰ ਢਕਦੇ ਹੋਏ ਬੱਦਲ ਖਿੰਡਦੇ ਹਨ ਅਤੇ ਲੋਕਾਂ ਨੂੰ ਅਸਮਾਨ ਦਿਸਦਾ ਹੈ; ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਅਡਾਨੀ ਦੀਆਂ ਕੰਪਨੀਆਂ ਵਿਚ ਹਜ਼ਾਰਾਂ ਕਰੋੜ ਰੁਪਏ ਜੀਵਨ ਬੀਮਾ ਨਿਗਮ (Life Insurance Corporation- ਐੱਲਆਈਸੀ) ਨੇ ਲਗਾਏ ਹਨ; ਉਹ ਅਦਾਰਾ ਜਿਸ ਬਾਰੇ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮਾਜਿਕ ਸੁਰੱਖਿਆ ਦੇਵੇਗਾ। ਇਨ੍ਹਾਂ ਕੰਪਨੀਆਂ ਵਿਚ ਜਨਤਕ ਬੈਂਕਾਂ ਨੇ ਵੀ ਵੱਡੀ ਪੱਧਰ ‘ਤੇ ਪੈਸੇ ਲਗਾਏ ਹਨ।
ਅਚਾਨਕ ਟੈਲੀਵਿਜ਼ਨ ਚੈਨਲਾਂ, ਅਖ਼ਬਾਰਾਂ, ਸੋਸ਼ਲ ਮੀਡੀਆ ਤੇ ਵਿਚਾਰਾਂ ਦੇ ਪ੍ਰਗਟਾਵੇ ਦੇ ਹੋਰ ਸਾਧਨਾਂ ਨੂੰ ਜ਼ਬਾਨ ਮਿਲ ਗਈ ਹੈ। ਚੈਨਲਾਂ ਦੇ ਐਂਕਰ, ਅਰਥ ਸ਼ਾਸਤਰੀ ਤੇ ਹਰ ਤਰ੍ਹਾਂ ਦੇ ਮਾਹਿਰ ਚੀਖ ਚੀਖ ਕੇ ਦੱਸ ਰਹੇ ਨੇ ਕਿ ਕਿਵੇਂ ਕੰਪਨੀਆਂ ਸੱਤਾਧਾਰੀਆਂ ਦੀ ਮਦਦ ਨਾਲ ਬੈਂਕਾਂ ਤੇ ਹੋਰ ਸੰਸਥਾਵਾਂ ਤੋਂ ਪੈਸਾ ਲੈ ਕੇ ਆਪਣੇ ਕਾਰੋਬਾਰਾਂ ਵਿਚ ਲਗਵਾਉਂਦੀਆਂ ਹਨ; ਕਿਵੇਂ ਧੋਖਾਧੜੀ ਕਰ ਕੇ ਪੈਸੇ ਮਾਰੀਸ਼ਸ, ਸਾਈਪ੍ਰਸ, ਸੰਯੁਕਤ ਅਰਬ ਅਮੀਰਾਤ, ਕੈਰੇਬੀਅਨ ਟਾਪੂਆਂ ਦੇ ਦੇਸ਼ਾਂ ਆਦਿ ਵਿਚ ਪਹੁੰਚਾਉਂਦੀਆਂ ਤੇ ਫਿਰ ਫ਼ਰਜ਼ੀ ਕੰਪਨੀਆਂ ਦੇ ਜਾਲ ਰਾਹੀਂ ਵਾਪਸ ਲਿਆ ਕੇ ਆਪਣੇ ਸ਼ੇਅਰ ਖ਼ੁਦ ਖ਼ਰੀਦਦੀਆਂ ਤੇ ਉਨ੍ਹਾਂ ਦੀ ਕੀਮਤ ਵਧਾਉਂਦੀਆਂ ਹਨ; ਉਹ ਸ਼ੇਅਰ ਬੈਂਕਾਂ ਕੋਲ ਗਿਰਵੀ ਰੱਖ ਕੇ ਹੋਰ ਪੈਸਾ ਲਿਆ ਜਾਂਦਾ ਹੈ ਅਤੇ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਅਤੇ ਦੌਲਤ ਹੋਰ ਵਧਦੀ ਹੈ। ਮਾਹਿਰ ਦੱਸ ਰਹੇ ਹਨ ਇਹ ਧੋਖਾਧੜੀ ਹੈ; ਇਹ ਦੇਸ਼ ਅਤੇ ਲੋਕਾਂ ਨਾਲ ਧੋਖਾ ਹੈ।
ਕੁਝ ਮਹੀਨੇ ਪਹਿਲਾਂ ਦੇ ਅਖ਼ਬਾਰ ਤੇ ਟੈਲੀਵਿਜ਼ਨ ਚੈਨਲਾਂ ‘ਤੇ ਹੋਈਆਂ ਬਹਿਸਾਂ ਦੇਖੋ। ਉਨ੍ਹਾਂ ਵਿਚ ਇਹੀ ਮਾਹਿਰ ਦੱਸ ਰਹੇ ਸਨ ਕਿ ਫਲਾਂ ਦੌਲਤਮੰਦ ਦੁਨੀਆ ਵਿਚ ਏਨੇ ਨੰਬਰ ਦਾ ਦੌਲਤਮੰਦ ਬਣ ਗਿਆ ਹੈ ਤੇ ਫਲਾਂ ਦੌਲਤਮੰਦ ਏਨੇ ਨੰਬਰ ਦਾ; ਇਹ ਤੇਜ਼ੀ ਨਾਲ ਤਰੱਕੀ ਕਰ ਰਹੇ ਦੇਸ਼ ਦੇ ਪ੍ਰਤੀਕ ਹਨ। ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਜਾ ਰਿਹਾ ਸੀ ਕਿ ਜਦੋਂ ਦੇਸ਼ ਦੇ ਸਿਖ਼ਰਲੇ ਅਮੀਰ ਦੁਨੀਆ ਦੇ ਸਭ ਤੋਂ ਵੱਧ ਅਮੀਰ ਬਣ ਰਹੇ ਹਨ ਤਾਂ ਨਿਸ਼ਚੇ ਹੀ ਇਹ ਵਰਤਾਰਾ ਇਸ ‘ਤੱਥ’ ਦੀ ਨਿਸ਼ਾਨਦੇਹੀ ਹੈ ਕਿ ਦੇਸ਼ ‘ਅਮੀਰ’ ਹੋ ਰਿਹਾ ਹੈ; ਇਹ ਵੱਖਰੀ ਗੱਲ ਹੈ ਕਿ ਸਰਕਾਰ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦੇ ਕੇ ਅਸਿੱਧੇ ਰੂਪ ਵਿਚ ਸਵੀਕਾਰ ਕਰ ਰਹੀ ਹੈ ਕਿ ਏਨੀ ਵੱਡੀ ਗਿਣਤੀ ਲੋਕਾਂ ਕੋਲ ਆਪਣੇ ਲਈ ਪੂਰਾ ਭੋਜਨ ਖ਼ਰੀਦਣ ਦੀ ਸਮਰੱਥਾ ਨਹੀਂ।
ਸਰਕਾਰਾਂ ਨੇ ਅਜਿਹੀਆਂ ਰਿਪੋਰਟਾਂ ਜਿਹੜੀਆਂ ਦੇਸ਼ ਵਿਚ ਵਧ ਰਹੀ ਨਾਬਰਾਬਰੀ ‘ਤੇ ਉਂਗਲ ਰੱਖਦੀਆਂ ਹਨ, ਨੂੰ ਕਦੇ ਵੀ ਨਹੀਂ ਗੌਲਿਆ। ਇਹ ਲੋਕਾਂ ਦੀ ਵੱਡੀ ਗਿਣਤੀ ਨੂੰ ਮਾਣ-ਸਨਮਾਨ ਦੇ ਜੀਵਨ ਤੋਂ ਵਾਂਝਿਆਂ ਕਰਨ ਵਾਲੀ ਨਾਬਰਾਬਰੀ ਹੈ। ਆਤਮ-ਸਨਮਾਨ ਪੈਦਾ ਕਰਨ ਵਾਲਾ ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਅਸਮਰੱਥ ਸਰਕਾਰਾਂ ਦੀਆਂ ਨੀਤੀਆਂ ਲੋਕਾਂ ਨੂੰ ਲਗਾਤਾਰ ਨਿਤਾਣੇ ਤੇ ਬੌਣੇ ਬਣਾ ਰਹੀਆਂ ਹਨ। ਅਸੀਂ ਕਦੀ ਵੀ ਅਸਲੀਅਤ ਦੇ ਅਸਮਾਨ ਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਹੁਣ ਟੈਲੀਵਿਜ਼ਨ ਚੈਨਲਾਂ, ਅਖ਼ਬਾਰਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਭੂਚਾਲ ਆਇਆ ਹੋਇਆ ਹੈ।
ਇਸ ਭੂਚਾਲ ਵਿਚ ਕਈ ਤਰ੍ਹਾਂ ਦੀਆਂ ਆਵਾਜ਼ਾਂ ਹਨ; ਸਰਕਾਰਾਂ ਅਤੇ ਸਿਸਟਮ ਦੀ ਸਹੀ ਆਲੋਚਨਾ ਹੈ; ਗੁੱਸਾ ਤੇ ਰੋਹ ਹੈ ਪਰ ਕਈ ਆਵਾਜ਼ਾਂ ਭਰਮ ਪੈਦਾ ਕਰਨ ਵਾਲੀਆਂ ਵੀ ਹਨ, ਭਰਮ ਦੇ ਬੱਦਲ ਤੇ ਧੁੰਦ ਪੈਦਾ ਕਰਨ ਵਾਲੀਆਂ; ਉਨ੍ਹਾਂ ਵਿਚ ਇਕ ਆਵਾਜ਼ ਇਸ ਤਰਕ ‘ਤੇ ਆਧਾਰਿਤ ਹੈ ਕਿ ਇਹ ਵਰਤਾਰਾ ਕਰੋਨੀ ਪੂੰਜੀਵਾਦ ਦਾ ਵਰਤਾਰਾ ਹੈ। ਇਹ ਤਰਕ ਦੇਣ ਵਾਲੇ ਮਾਹਿਰ ਦੱਸ ਰਹੇ ਹਨ ਕਿ ਉਹ ਤਾਂ ਹਮੇਸ਼ਾਂ ਹੀ ਇਸ ਵਰਤਾਰੇ ਦੇ ਵਿਰੁੱਧ ਸਨ ਅਤੇ ਹੁਣ ਵੀ ਹਨ।
ਕਰੋਨੀ ਪੂੰਜੀਵਾਦ ਕੀ ਹੈ? ਕਰੋਨੀ (Crony) ਸ਼ਬਦ ਦੇ ਅਰਥ ਹਨ, ਲੰਗੋਟੀਆ ਯਾਰ, ਗੂੜ੍ਹਾ ਮਿੱਤਰ, ਜਿਗਰੀ ਦੋਸਤ ਆਦਿ। ਕੈਪੀਟਲਿਜ਼ਮ ਨਾਲ ਜੁੜ ਕੇ ਇਸ ਦੇ ਅਰਥ ‘ਆਪਣੇ ਕਰੀਬੀਆਂ ਨੂੰ ਫ਼ਾਇਦਾ ਪਹੁੰਚਾਉਣ ਵਾਲਾ ਪੂੰਜੀਵਾਦ’ ਬਣਦੇ ਹਨ। ਇਹ ਸ਼ਬਦ 1980-90ਵਿਆਂ ਵਿਚ ਪ੍ਰਚਲਿਤ ਹੋਇਆ ਖ਼ਾਸ ਕਰਕੇ ਫਿਲਪੀਨਜ਼ ਦੇ ਸੰਦਰਭ ਵਿਚ, ਫਰਡੀਨੈਂਡ ਮਾਰਕੋਸ ਦੀ ਤਾਨਾਸ਼ਾਹ ਹਕੂਮਤ ਦੌਰਾਨ। 1972 ਵਿਚ ਮਾਰਸ਼ਲ ਲਾਅ ਲਗਾਉਣ ਤੋਂ ਬਾਅਦ ਉਸ ਨੇ ਕੁਝ ਵੱਡੇ ਵਪਾਰਕ ਘਰਾਣਿਆਂ ਨੂੰ ਵੱਡੇ ਫ਼ਾਇਦੇ ਪਹੁੰਚਾਏ ਜਿਨ੍ਹਾਂ ਕਾਰਨ ਰਾਬਰਟੋ ਬੈਨੇਡਿਕਟੋ ਨੇ ਚੀਨੀ/ਖੰਡ ਦੀ ਸਨਅਤ, ਡਾਂਡਿੰਗ ਕੋਜੂਆਨਕੋ ਨੇ ਨਾਰੀਅਲ ਦੀ ਖੇਤੀ, ਅੰਨਟੋਨਿਓ ਫਲੋਏਰੈਂਡੋ ਨੇ ਕੇਲੇ ਦੀ ਪੈਦਾਵਾਰ ਅਤੇ ਇਸ ਨਾਲ ਜੁੜੀ ਸਨਅਤ ਵਿਚ ਇਜਾਰੇਦਾਰੀਆਂ ਕਾਇਮ ਕਰ ਲਈਆਂ। ਸਾਨੂੰ ਦੱਸਿਆ ਜਾਂਦਾ ਹੈ ਕਿ ਅਜਿਹੇ ਵਰਤਾਰੇ ਦੱਖਣੀ ਕੋਰੀਆ, ਥਾਈਲੈਂਡ, ਰੂਸ ਅਤੇ ਕਈ ਹੋਰ ਦੇਸ਼ਾਂ ਵਿਚ ਵੀ ਵਾਪਰੇ। ਇਸ ਵਰਤਾਰੇ ਤਹਿਤ ਸਰਕਾਰਾਂ ਅਜਿਹੀਆਂ ਨੀਤੀਆਂ ਬਣਾਉਂਦੀਆਂ ਤੇ ਫ਼ੈਸਲੇ ਕਰਦੀਆਂ ਹਨ ਜਿਨ੍ਹਾਂ ਤਹਿਤ ਉਹ ਆਪਣੇ ਨਜ਼ਦੀਕੀ ਵਪਾਰਕ ਘਰਾਣਿਆਂ ਦੇ ਮੁਨਾਫ਼ੇ ਵਧਾਉਂਦੀਆਂ, ਜਨਤਕ ਬੈਂਕਾਂ ਤੇ ਸੰਸਥਾਵਾਂ ਰਾਹੀਂ ਉਨ੍ਹਾਂ (ਕਰੀਬੀ ਵਪਾਰਕ ਅਦਾਰਿਆਂ) ਵਿਚ ਪੈਸਾ ਲਗਾਉਂਦੀਆਂ, ਟੈਕਸ ਛੋਟਾਂ ਦਿੰਦੀਆਂ, ਜ਼ਮੀਨ ਮੁਹੱਈਆ ਕਰਵਾਉਂਦੀਆਂ, ਕਰਜ਼ੇ ਮੁਆਫ਼ ਕਰਦੀਆਂ ਜਾਂ ਪਿੱਛੇ ਪਾਉਂਦੀਆਂ ਤੇ ਹੋਰ ਫ਼ਾਇਦੇ ਪਹੁੰਚਾਉਂਦੀਆਂ ਹਨ। ਇਸ ਤਰ੍ਹਾਂ ਇਹ ਕਾਰੋਬਾਰੀ ਘਰਾਣੇ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਦੇ ਹਨ; ਉਨ੍ਹਾਂ ਦੇ ਮੁਨਾਫ਼ੇ ਅਸਮਾਨ ਨੂੰ ਛੂੰਹਦੇ ਅਤੇ ਉਨ੍ਹਾਂ ਦੇ ਕਾਰੋਬਾਰਾਂ ਦਾ ਸਾਮਰਾਜ ਲਗਾਤਾਰ ਵਧਦਾ ਹੈ; ਦੂਸਰੇ ਕਾਰੋਬਾਰੀ, ਸਨਅਤਕਾਰ ਤੇ ਵਪਾਰੀ ਪਿੱਛੇ ਰਹਿ ਜਾਂਦੇ ਹਨ; ਮੁਕਾਬਲਾ ਘਟਦਾ ਅਤੇ ਇਜਾਰੇਦਾਰੀਆਂ ਕਾਇਮ ਹੁੰਦੀਆਂ ਹਨ। ਛੋਟੇ ਸਨਅਤਕਾਰਾਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਦੇ ਇਵਜ਼ ਵਿਚ ਫ਼ਾਇਦਾ ਲੈਣ ਵਾਲੇ ਸਨਅਤਕਾਰ ਅਤੇ ਕਾਰੋਬਾਰੀ ਸੱਤਾਧਾਰੀ ਪਾਰਟੀਆਂ ਨੂੰ ਚੋਣਾਂ ਲੜਨ ਲਈ ਸਰਮਾਇਆ ਮੁਹੱਈਆ ਕਰਦੇ ਹਨ; ਸਿਆਸੀ ਪਾਰਟੀਆਂ ਤੇ ਸਰਕਾਰੀ ਅਧਿਕਾਰੀਆਂ ਨੂੰ ਵੱਡੀਆਂ ਰਿਸ਼ਵਤਾਂ ਦਿੱਤੀਆਂ ਜਾਂਦੀਆਂ ਜਾਂ ਅਸਿੱਧੇ ਰੂਪ ਵਿਚ ਮਾਲੀ ਫ਼ਾਇਦੇ ਪਹੁੰਚਾਏ ਜਾਂਦੇ ਹਨ; ਧਨ ਵਿਦੇਸ਼ਾਂ ਦੇ ਬੈਂਕਾਂ ਵਿਚ ਜਮ੍ਹਾਂ ਕਰਾਇਆ ਜਾਂਦਾ ਹੈ।
ਸਾਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਡਾਨੀ ਗਰੁੱਪ ਦੀ ਤਰੱਕੀ ਕਰੋਨੀ ਪੂੰਜੀਵਾਦ ਦੀ ਮਿਸਾਲ ਹੈ; ਉਸ ਨੇ ਇਹ ਤਰੱਕੀ ਇਸ ਲਈ ਕੀਤੀ ਕਿਉਂਕਿ ਉਹ ਸੱਤਾਧਾਰੀ ਪਾਰਟੀ ਦਾ ਨਜ਼ਦੀਕੀ ਸੀ; ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਇਹ ਸਹੀ ਹੈ ਕਿ ਇਹ ਸਾਰਾ ਵਰਤਾਰਾ ਗ਼ਲਤ ਸੀ; ਇਸ ਦੀ ਪੜਤਾਲ ਹੋਣੀ ਚਾਹੀਦੀ ਹੈ ਜਿਵੇਂ ਵਿਰੋਧੀ ਪਾਰਟੀਆਂ ਮੰਗ ਕਰ ਰਹੀਆਂ ਹਨ, ਸਾਂਝੀ ਸੰਸਦੀ ਕਮੇਟੀ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਪਰ ਇਸ ਬਿਰਤਾਂਤ ਰਾਹੀਂ ਸਾਨੂੰ ਇਹ ਦੱਸਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਰੋਨੀ ਪੂੰਜੀਵਾਦ, ਭਾਵ ਸਰਕਾਰ ਦੁਆਰਾ ਕੁਝ ਖ਼ਾਸ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣਾ ਗ਼ਲਤ ਹੈ, ਬਾਕੀ ਸਭ ਕੁਝ ਸਹੀ ਹੈ ਭਾਵ ਵਿਕਾਸ ਦਾ ਮੌਜੂਦਾ ਪੂੰਜੀਵਾਦੀ ਮਾਡਲ ਸਹੀ ਹੈ; ਸਰਕਾਰ ਨੂੰ ਨਿਰਪੱਖਤਾ ਨਾਲ ਸਭ ਨੂੰ ਬਰਾਬਰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਇੱਥੇ ‘ਸਭ ਨੂੰ’ ਦਾ ਮਤਲਬ ਸਾਰੇ ਲੋਕ ਨਹੀਂ ਸਿਰਫ਼ ਸਾਰੇ ਵੱਡੇ ਸਨਅਤਕਾਰ, ਵਪਾਰਕ ਘਰਾਣੇ ਅਤੇ ਕਾਰੋਬਾਰੀ ਹਨ।
ਮੌਜੂਦਾ ਵਿਕਾਸ ਮਾਡਲ ਵੱਡੀਆਂ ਆਰਥਿਕ ਨਾਬਰਾਬਰੀਆਂ ਖੜ੍ਹੀਆਂ ਕਰ ਰਿਹਾ ਹੈ ਜਿਸ ਕਾਰਨ ਸਮਾਜਿਕ ਕਲੇਸ਼, ਬੇਰੁਜ਼ਗਾਰੀ, ਮਹਿੰਗਾਈ ਤੇ ਭੁੱਖਮਰੀ ਵਧ ਰਹੀ ਹੈ। ਅਡਾਨੀ ਗਰੁੱਪ ਦੀਆਂ ਕੰਪਨੀਆਂ ਦੀ ਜਾਂਚ ਦੇ ਨਾਲ ਨਾਲ ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਇਸ ਵਿਕਾਸ ਮਾਡਲ ਨੂੰ ਬਦਲਣ ਲਈ ਏਕਾ ਕਾਇਮ ਕਰਨ ਦੀ ਜ਼ਰੂਰਤ ਹੈ। ਅਡਾਨੀ ਗਰੁੱਪ ਦੀਆਂ ਕੰਪਨੀਆਂ ‘ਤੇ ਆਏ ਸੰਕਟ ਨੇ ਸਾਨੂੰ ਹਕੀਕਤਾਂ ਦਾ ਅਸਮਾਨ ਦੇਖਣ ਦਾ ਮੌਕਾ ਦਿੱਤਾ ਹੈ। ਅਜਿਹੇ ਮੌਕਿਆਂ ਦੇ ਆਧਾਰ ‘ਤੇ ਲੋਕ-ਚੇਤਨਾ ਨੂੰ ਵਧਾਇਆ ਜਾਣਾ ਚਾਹੀਦਾ ਹੈ ਅਤੇ ਇਹ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਕਿ ਕਿਵੇਂ ਮੌਜੂਦਾ ਵਿਕਾਸ ਮਾਡਲ ਅਤੇ ਸਿਆਸਤ ਲੋਕਾਂ ਨੂੰ ਅੰਧ-ਰਾਸ਼ਟਰਵਾਦ ਪਰੋਸ ਕੇ ਆਰਥਿਕ ਨਾਬਰਾਬਰੀ ਵਧਾ ਰਹੇ ਹਨ। ਇਹ ਜਾਗਰੂਕਤਾ ਹੀ ਜਨ-ਅੰਦੋਲਨਾਂ ਲਈ ਕਰਮ-ਭੂਮੀ ਤਿਆਰ ਕਰ ਸਕਦੀ ਹੈ।
– ਸਵਰਾਜਬੀਰ