ਗੁਲਾਮ ਮੁਸਤਫਾ ਦਾ ਦੋ ਰੋਜ਼ਾ ਉਰਸ ਸਮਾਪਤ
ਪੱਤਰ ਪ੍ਰੇਰਕ
ਸ਼ਾਹਕੋਟ, 22 ਮਈ
ਨਜ਼ਦੀਕੀ ਪਿੰਡ ਸੈਦਪੁਰ ਝਿੜੀ ’ਚ ਪੀਰ ਸੈਦਰਾਣਾ ਅਤੇ ਗੁਲਾਮ ਮੁਸਤਫਾ ਉਰਫ ਮਸਤ ਰਾਮ ਲਾਲ ਦਾ ਦੋ ਰੋਜ਼ਾ ਉਰਸ ਮਨਾਇਆ ਗਿਆ। ਮੇਲੇ ਵਿੱਚ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ, ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ‘ਆਪ’ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਮਹਿਮਾਨਾਂ ਨੇ ਪ੍ਰਬੰਧਕਾਂ ਨੂੰ ਮੇਲੇ ਦੀ ਵਧਾਈ ਦਿੰਦਿਆ ਮਾਲੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਮੇਲੇ ਦੌਰਾਨ ਗਾਇਕੀ ਦੇ ਅਖਾੜੇ ਵਿੱਚ ਸੁਲਤਾਨ ਨੂਰਾਂ, ਮਨਜੀਤ ਸਹੋਤਾ, ਗੁਰਮੇਲ ਭੰਗਾਣੀਆਂ, ਨਿਰਮਲ ਢੰਡੋਵਾਲੀਆ, ਦੀਪ ਨੈਰਬ, ਕਮਲ ਅਤੇ ਮਨਜਿੰਦਰ ਮਨੀ ਤੋਂ ਇਲਾਵਾ ਹੋਰ ਕਲਾਕਾਰਾਂ ਨੇ ਆਪਣੀ ਗਾਇਕੀ ਦੇ ਜੌਹਰ ਦਿਖਾਏ ਪਰ ਕਾਂਸੀ ਨਾਥ ਮੇਲਾ ਲੁੱਟਣ ਵਿੱਚ ਸਫਲ ਰਿਹਾ। ਮਹਿਫਲ ’ਚ ਕੱਵਾਲ ਕਰਾਮਤ ਅਲੀ ਮਲੇਰ ਕੋਟਲਾ, ਪਰਵੇਜ ਅਲੀ, ਤਾਰਿਕ ਹੁਸੈਨ, ਮੁਸਕਾਨ ਅਤੇ ਰਾਹਤ ਅਲੀ ਨੇ ਕੱਵਾਲੀਆਂ ਨਾਲ ਮੇਲੀਆਂ ਨੂੰ ਨਿਹਾਲ ਕੀਤਾ। ਛਿੰਝ ਮੇਲੇ ’ਚ ਸੋਨੂੰ ਸਿਹੋੜਾ ਤੇ ਮੁਕੇਸ਼ ਕੁਹਾਲੀ ਦਰਮਿਆਨ ਹੋਈ ਪਟਕੇ ਦੀ ਕੁਸ਼ਤੀ ਲੰਬੀ ਜੱਦੋ ਜਹਿਦ ਤੋਂ ਬਾਅਦ ਬਰਾਬਰ ਰਹੀ। ਮੇਲੇ ਨੂੰ ਸਫਲ ਬਣਾਉਣ ਵਿਚ ਭੂਸ਼ਨ ਸਿੱਧੂ,ਦੀਪੂ ਸੈਦਪੁਰੀ ਅਤੇ ਬਾਬਾ ਨਿੰਦ ਆਦਿ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ।