ਗੁਲਾਬੀ ਸੁੰਡੀ ਦੀ ਮਾਰ: ਕਿਸਾਨਾਂ ਵੱਲੋਂ ਸਰਕਾਰ ਵਿਰੁੱਧ ਮੁਜ਼ਾਹਰਾ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 11 ਦਸੰਬਰ
ਕਣਕ ਦੀ ਫ਼ਸਲ ਗੁਲਾਬੀ ਸੁੰਡੀ ਦੀ ਭੇਟ ਚੜ੍ਹਨ ’ਤੇ ਪਿੰਡ ਚੀਮਾ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਬੀਕੇਯੂ ਉਗਰਾਹਾਂ ਦੇ ਆਗੂ ਦਰਸ਼ਨ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਕਹਿਣ ਅਨੁਸਾਰ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਏ ਬਗੈਰ ਕਣਕ ਦੀ ਬਿਜਾਈ ਕੀਤੀ ਸੀ ਪ੍ਰੰਤੂ ਹੁਣ ਕਿਸਾਨਾਂ ਦੀ ਫ਼ਸਲ ਗੁਲਾਬੀ ਸੁੰਡੀ ਨੇ ਖਾ ਲਈ ਹੈ। ਉਨ੍ਹਾਂ ਕਿਹਾ ਕਿ ਔਖੀ ਘੜੀ ਵਿੱਚ ਖੇਤੀਬਾੜੀ ਵਿਭਾਗ ਵੀ ਕਿਸਾਨਾਂ ਦਾ ਸਾਥ ਛੱਡ ਗਿਆ ਹੈ ਕਿਉਂਕਿ ਕਿਸੇ ਵੀ ਅਧਿਕਾਰੀ ਨੇ ਕਿਸਾਨਾਂ ਦੇ ਖੇਤਾਂ ਦਾ ਜਾਇਜ਼ਾ ਨਹੀਂ ਲਿਆ। ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਸਿਫ਼ਾਰਿਸ਼ ਅਨੁਸਾਰ ਸਪਰੇਆਂ ਵੀ ਕਰ ਕੇ ਦੇਖ ਲਈਆਂ ਹਨ, ਪ੍ਰੰਤੂ ਗੁਲਾਬੀ ਸੁੰਡੀ ਖ਼ਤਮ ਨਹੀਂ ਹੋ ਰਹੀ ਜਿਸ ਕਰਕੇ ਹੁਣ ਕਿਸਾਨਾਂ ਕੋਲ ਇਸਦਾ ਹੱਲ ਫ਼ਸਲ ਨੂੰ ਵਾਹੁਣ ਤੋਂ ਬਜਾਏ ਕੁਝ ਨਹੀਂ ਬਚਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਚੀਮਾ ਦੇ ਕਿਸਾਨ ਮਿੱਠੂ ਸਿੰਘ ਲਿਬੜਾ, ਗੋਰਾ ਸਿੰਘ, ਭੋਲਾ ਸਿੰਘ, ਜੱਗੀ ਸਿੰਘ ਢਿੱਲਵਾਂ ਤੋਂ ਇਲਾਵਾ 50 ਦੇ ਕਰੀਬ ਕਿਸਾਨਾਂ ਦੇ ਕਰੀਬ 300 ਤੋਂ ਏਕੜ ਤੋਂ ਵੱਧ ਫ਼ਸਲ ਗੁਲਾਬੀ ਸੁੰਡੀ ਦੀ ਲਪੇਟ ਵਿੱਚ ਹੈ। ਕਿਸਾਨਾਂ ਨੂੰ ਇਸ ਸੁੰਡੀ ਕਾਰਨ ਵੱਡਾ ਬੋਝ ਝੱਲਣਾ ਪੈ ਰਿਹਾ ਹੈ। ਉਨ੍ਹਾਂ ਜੱਥੇਬੰਦੀ ਵੱਲੋਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਜਾਂ ਪ੍ਰਸ਼ਾਸਨ ਨੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਕੋਈ ਸਾਰ ਨਾ ਲਈ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।