ਗੁਲਦਸਤਾ
ਅਵਨੀਤ ਕੌਰ
ਰਾਜਧਾਨੀ ਵਿੱਚ ਮੇਰੇ ਹੋਸਟਲ ਦੀ ਦੂਜੀ ਮੰਜ਼ਿਲ। ਸਵੇਰ ਸਾਰ ਸੜਕਾਂ ‘ਤੇ ਨਜ਼ਰ ਜਾਂਦੀ ਹੈ। ਕਤਾਰ ਵਿੱਚ ਤੁਰਦੇ ਵਾਹਨ। ਵੱਡੀ ਗਿਣਤੀ ਸਕੂਲ ਵੈਨਾਂ ਜਾਂਦੀਆਂ। ਸਕੂਲ ਜਾਂਦੇ ਨੰਨ੍ਹੇ ਮੁੰਨੇ ਬੱਚੇ ਨਜ਼ਰ ਆਉਂਦੇ ਹਨ। ਨਿਖਰੇ, ਚਮਕਦੇ ਚਿਹਰੇ। ਸਕੂਲ ਦੀਆਂ ਵਰਦੀਆਂ ਵਿੱਚ ਸਜੇ ਫ਼ਬੇ। ਪੁਸਤਕਾਂ ਵਾਲਾ ਬੈਗ, ਪਾਣੀ ਵਾਲੀ ਬੋਤਲ ਤੇ ਖਾਣੇ ਵਾਲਾ ਡੱਬਾ। ਵੈਨ ਦੀ ਉਡੀਕ ਵਿੱਚ ਕੋਠੀਆਂ ਮੂਹਰੇ ਖੜ੍ਹੇ। ਵੈਨਾਂ ਆਉਂਦੀਆਂ, ਰੁਕਦੀਆਂ ਤੇ ਪਾੜ੍ਹਿਆਂ ਨੂੰ ਚੜ੍ਹਾ ਸਕੂਲਾਂ ਵੱਲ ਤੁਰਦੀਆਂ। ਸੜਕਾਂ ‘ਤੇ ਤੁਰਦਾ ਜ਼ਿੰਦਗੀ ਦਾ ਸਫ਼ਰ। ਭਵਿੱਖ ਨੂੰ ਸਾਂਭਣ ਵਾਲੇ ਬੱਚਿਆਂ ਦੀ ਅਜਿਹੀ ਸੁਖਦ ਵਾਟ ਚੰਗੀ ਲੱਗਦੀ ਹੈ। ਮਨ ਦਾ ਰਉਂ ਬਦਲਦਾ ਹੈ। ਕਮਰੇ ਵੱਲ ਅਹੁਲਦੀ ਹਾਂ। ਦਿਲ ਦਿਮਾਗ਼ ਪਿੰਡ ਜਾ ਪਹੁੰਚਦਾ ਹੈ।
ਬਚਪਨ ਦਾ ਸਫ਼ਰ ਯਾਦ ਆਉਣ ਲੱਗਾ। ਸੁਰਤ ਸੰਭਲੀ ਤਾਂ ਵੇਖਿਆ ਪਿੰਡ ਦੀ ਭੀੜੀ ਗਲੀ ਵਿੱਚ ਛੋਟਾ ਪੱਕਾ ਘਰ। ਇੱਕ ਬੈਠਕ ਦੇ ਉੱਪਰ ਚੁਬਾਰਾ। ਬੈਠਕ ਵਿੱਚ ਲੱਗੀ ਰੋਹਬਦਾਰ ਤੇ ਜਗਦੀਆਂ ਅੱਖਾਂ ਵਾਲੀ ਦਾਦਾ ਜੀ ਦੀ ਤਸਵੀਰ। ਦਾਦੀ ਮਾਂ ਘਰ ਦੀ ਮੁਖੀ। ਦੁੱਧ ਚਿੱਟੇ ਵਾਲ। ਆਸਵੰਦ ਚਿਹਰੇ ‘ਤੇ ਲੱਗੀ ਐਨਕ। ਕਦੇ ਵਿਹਲੀ ਨਾ ਬਹਿੰਦੀ। ਮਿੱਠਾ ਬੋਲਦੀ, ਮੋਹ ਦਾ ਸਾਗਰ ਜਾਪਦੀ। ਮੰਮੀ ਨਾਲ ਕੰਮ ਕਾਰ ਵਿੱਚ ਹੱਥ ਵਟਾਉਂਦੀ। ਮੈਨੂੰ ਸਕੂਲ ਤੋਰਦੀ। ਸਮਝਾਉਂਦੀ, ਪ੍ਰੇਰਦੀ, ”ਪੁੱਤ! ਪੜ੍ਹਨ ਲਿਖਣ ਦਾ ਬਹੁਤ ਮੁੱਲ ਐ। ਇਹ ਤਾਂ ਚਾਨਣ ਐ, ਜ਼ਿੰਦਗੀ ਦਾ ਰਾਹ ਰੁਸ਼ਨਾਉਣ ਵਾਲਾ। ਪੜ੍ਹਾਈ ਤੋਂ ਬਿਨਾਂ ਜੀਵਨ ਹਨੇਰ ਵਿੱਚ ਰਹਿੰਦੈ।” ਓਦੋਂ ਇਹ ਗੱਲਾਂ ਮੈਨੂੰ ਸਮਝ ਨਾ ਆਉਂਦੀਆਂ। ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਜਾਂਦੀ। ਨੀਲੀ ਡੱਬੀਆਂ ਵਾਲੀ ਵਰਦੀ ਪਹਿਨ ਸਕੂਲ ਪੁੱਜਦੀ। ਬੈਠ ਕੇ ਨੂੰ ਟਾਟ ਮਿਲਦੇ। ਅਧਿਆਪਕਾਂ ਦੀ ਸਿੱਖਿਆ ਹੱਲਾਸ਼ੇਰੀ ਬਣਦੀ।
ਅਧਿਆਪਕ ਮਾਂ ਦੀ ਦੇਖ-ਰੇਖ ਵਿੱਚ ਖੇਡਦੇ, ਮੱਲਦੇ ਪੰਜ ਜਮਾਤਾਂ ਪਾਸ ਕੀਤੀਆਂ। ਨਾਲ ਹੀ ਵੱਡਾ ਸਕੂਲ ਸੀ। ਮਾਪਿਆਂ ਨੇ ਛੇਵੀਂ ਵਿੱਚ ਏਥੇ ਦਾਖ਼ਲ ਕਰਵਾ ਦਿੱਤਾ। ਸਕੂਲ ਦਾ ਵੱਡਾ ਸਟਾਫ਼, ਚੁਸਤ ਫੁਰਤ ਅਧਿਆਪਕ। ਸਕੂਲ ਦਾ ਕਾਬਲ ਤੇ ਸੁਹਿਰਦ ਪ੍ਰਿੰਸੀਪਲ। ਅਸੂਲਾਂ ਦਾ ਪੱਕਾ ਤੇ ਅਨੁਸ਼ਾਸਨ ਦਾ ਪਾਬੰਦ। ਉਸ ਦੀ ਅਗਵਾਈ ਵਿੱਚ ਸਰਕਾਰੀ ਸਕੂਲ ਦੀ ਆਹਲਾ ਦਰਜੇ ਦੀ ਪੜ੍ਹਾਈ। ਸਾਰੇ ਅਧਿਆਪਕ ਦਿਲ ਲਗਾ ਕੇ ਪੜ੍ਹਾਉਂਦੇ। ਬਗੀਚੀ ਤੇ ਸਕੂਲ ਲਾਇਬਰੇਰੀ ਦੀਆਂ ਗੱਲਾਂ ਹੁੰਦੀਆਂ। ਬਗੀਚੀ ਦੇ ਖਿੜੇ ਹੋਏ ਫੁੱਲ ਮਹਿਕਾਂ ਵੰਡਦੇ। ਆਪਣੇ ਕੋਲ ਬੁਲਾਉਂਦੇ ਪ੍ਰਤੀਤ ਹੁੰਦੇ। ਸਾਰੀਆਂ ਵਿਦਿਆਰਥਣਾਂ ਫੁੱਲਾਂ ਦਾ ਸਾਥ ਮਾਨਣਾ ਲੋਚਦੀਆਂ। ਅੱਧੀ ਛੁੱਟੀ ਵੇਲੇ ਬਗੀਚੀ ਦੇ ਆਸ ਪਾਸ ਘੁੰਮਦੀਆਂ। ਸਕੂਲ ਵਿੱਚ ਜੀਅ ਲੱਗਦਾ। ਪੜ੍ਹਦਿਆਂ ਸਾਰੀ ਛੁੱਟੀ ਦਾ ਪਤਾ ਹੀ ਨਾ ਲੱਗਦਾ। ਮੇਰੀ ਪੜ੍ਹਾਈ ਦੇ ਉਹ ਸੁਨਹਿਰੀ ਦਿਨ ਸਨ। ਨਾ ਡਰ ਨਾ ਦਬਾਅ। ਬੱਸ ਉਤਸ਼ਾਹ ਤੇ ਚਾਅ।
ਸੈਕੰਡਰੀ ਸਕੂਲ ਦੀ ਛੋਟੀ ਲਾਇਬਰੇਰੀ। ਲੇਖਕਾਂ ਦੀਆਂ ਤਸਵੀਰਾਂ ਨਾਲ ਸਜੀ ਹੋਈ। ਪੁਸਤਕਾਂ ਨਾਲ ਭਰੀਆਂ ਅਲਮਾਰੀਆਂ। ਵਿਦਿਆਰਥਣਾਂ ਆਪਣੇ ਲਈ ਪੁਸਤਕਾਂ ਲੈਂਦੀਆਂ। ਪੜ੍ਹਦੀਆਂ ਤੇ ਸਵੇਰ ਦੀ ਸਭਾ ਵਿੱਚ ਭਾਗ ਲੈਂਦੀਆਂ। ਹੋਰਨਾਂ ਨੂੰ ਵੀ ਪ੍ਰੇਰਨਾ ਮਿਲਦੀ। ਪੁਸਤਕਾਂ ਪੜ੍ਹਨ ਵਾਲੀਆਂ ਕੁੜੀਆਂ ਦੀ ਗਿਣਤੀ ਵਧਦੀ ਜਾਂਦੀ। ਸਵੇਰ ਦੀ ਸਭਾ ਸਾਹਿਤਕ ਰੰਗ ਵਿੱਚ ਰੰਗੀ ਹੁੰਦੀ। ਹਰ ਵਿਦਿਆਰਥਣ ਇੱਥੇ ਬੋਲਣ ਦੀ ਉਡੀਕ ਵਿੱਚ ਹੁੰਦੀ। ਬੋਲਣ ਵਾਲਿਆਂ ਨੂੰ ਭਰਵੀਂ ਦਾਦ ਮਿਲਦੀ। ਸਕੂਲ ਸਮੇਂ ਦੀ ਇਹ ਸ਼ੁਰੂਆਤ ਮਨ ਰੁਸ਼ਨਾ ਦਿੰਦੀ। ਸਕੂਲ ਦੇ ਵਕਤ ਮਨ ਪੜ੍ਹਾਈ ਵਿੱਚ ਮਗਨ ਰਹਿੰਦਾ। ਸਕੂਲੋਂ ਘਰ ਪਰਤਦਿਆਂ ਪੜ੍ਹਨ ਵਿੱਚ ਜੁਟ ਜਾਣਾ। ਘਰੇ ਪੜ੍ਹਨ ਲਿਖਣ ਦਾ ਮਾਹੌਲ ਹੁੰਦਾ। ਰਾਤ ਪੈਣ ‘ਤੇ ਦਾਦੀ ਮਾਂ ਦੀ ਸੰਗਤ ਮਿਲਦੀ। ਉਸ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਪ੍ਰੇਰਨਾ ਹੁੰਦੀ। ਮਿਹਨਤ ਨਾਲ ਮੰਜ਼ਿਲ ਪਾਉਣ ਦੀ ਤਾਕੀਦ ਮਿਲਦੀ।
ਸਕੂਲ ਵਿੱਚ ਮਾਂ ਬੋਲੀ ਦੇ ਲੈਕਚਰਰ ਦੀਆਂ ਗੱਲਾਂ ਮਨ ਨੂੰ ਭਾਉਂਦੀਆਂ, ”ਪੜ੍ਹਨਾ ਇਕੱਲਾ ਨੰਬਰ ਹਾਸਲ ਕਰਨਾ ਨਹੀਂ ਹੁੰਦਾ। ਨਾ ਹੀ ਨੌਕਰੀ ਪ੍ਰਾਪਤ ਕਰਨਾ ਹੁੰਦੈ। ਪੜ੍ਹਨਾ ਜ਼ਿੰਦਗੀ ਤੇ ਸਮਾਜ ਨੂੰ ਸਮਝਣਾ ਵੀ ਹੁੰਦਾ ਹੈ। ਆਸ ਪਾਸ ਹੋਣ ਵਾਲੇ ਵਰਤਾਰਿਆਂ ਬਾਰੇ ਬੋਲਣਾ ਵੀ ਹੁੰਦਾ ਹੈ। ਪੜ੍ਹਾਈ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਵੀ ਜਗਾਉਂਦੀ ਹੈ। ਆਪਣੇ ਜਿਉਣ ਦੇ ਨਾਲ ਨਾਲ ਹੋਰਨਾਂ ਦੇ ਕੰਮ ਆਉਣਾ ਵੀ ਜ਼ਿੰਦਗੀ ਦਾ ਕਰਮ ਹੁੰਦਾ ਹੈ। ਘਰ ਦੇ ਕੰਮਾਂ ਤੱਕ ਸੀਮਤ ਰਹਿਣ ਵਾਲੇ ਲੋਕ ਕਦੇ ਰਾਹ ਦਸੇਰੇ ਨਹੀਂ ਬਣਦੇ। ਮਿਲ ਬੈਠ ਕੇ ਸਾਂਝਾਂ ਪੁਗਾਉਣ ਵਾਲੇ ਲੋਕ ਹੀ ਸਮਾਜ ਲਈ ਸੇਧਗਾਰ ਬਣਦੇ ਹਨ’।
ਵਿਦਿਆਰਥਣਾਂ ਸਕੂਲ ਤੋਂ ਮਿਲੇ ਅਜਿਹੇ ਸਬਕ ਘਰੇ ਸਾਂਝੇ ਕਰਦੀਆਂ। ਮਾਪੇ ਖ਼ੁਸ਼ ਹੁੰਦੇ ਤੇ ਮਾਣ ਕਰਦੇ। ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਭੈਣ ਭਰਾ ਸੁਣਦੇ। ਆਪੋ ਆਪਣੇ ਸਕੂਲਾਂ ਵਿੱਚੋਂ ਮਿਲਦੀ ਨਿਰਾਸ਼ਾ, ਹਤਾਸ਼ਾ ਬਿਆਨ ਕਰਦੇ। ਕਲਪਦੇ, ਕੁੜ੍ਹਦੇ ਦੱਸਦੇ ਕਿ ਸਾਨੂੰ ਤਾਂ ਵੱਧ ਨੰਬਰ ਲੈਣ ਵਾਲੀਆਂ ਮਸ਼ੀਨਾਂ ਬਣਾਇਆ ਜਾਂਦਾ। ਸਕੂਲ ਸਟਾਫ਼ ਨੂੰ ਤਾਂ ਫੀਸ ਤੇ ਆਪਣੇ ਕੰਮ ਨਾਲ ਮਤਲਬ ਹੁੰਦਾ ਹੈ। ਸਾਡੀ ਪੜ੍ਹਾਈ ਤਾਂ ਉਸ ਕਿਰਾਏ ਦੇ ਮਕਾਨ ਵਰਗੀ ਜਿਹੀ ਹੈ ਜਿਸ ਦੀਆਂ ਛੱਤਾਂ ਚੋਂਦੀਆਂ ਹੋਣ ਤੇ ਮਾਲਕ ਬੇਪਰਵਾਹ ਹੋਵੇ। ਅਸੀਂ ਸੁਣਦੀਆਂ ਹੈਰਾਨ ਹੁੰਦੀਆਂ। ਸੋਚਦੀਆਂ ‘ਚਮਕ ਦਮਕ’ ਏਦਾਂ ‘ਬੇਰੰਗ’ ਕਿਵੇਂ ਹੋ ਸਕਦੀ ਹੈ!
ਉਹ ਰੰਗ ਏਸ ਪੜ੍ਹਾਈ ਵਿੱਚੋਂ ਨਦਾਰਦ ਹੈ। ਮਤਲਬ ਹੈ ਤਾਂ ਸਾਂਝ ਹੈ। ਹਰ ਕੋਈ ਦੂਸਰੇ ਤੋਂ ਅੱਗੇ ਲੰਘਣ ਦੀ ਤਾਂਘ ਵਿੱਚ ਹੈ। ਸਨੇਹ ਸੁਆਰਥ ਨਾਲ ਹੈ। ਮਿਲ ਬੈਠਣ ਦਾ ਸਬੱਬ ਮਤਲਬ ਹੀ ਬਣਾਉਂਦਾ ਹੈ। ਕਿਸੇ ਦੇ ਕੰਮ ਦੇ ਹੋ ਤਾਂ ਠੀਕ, ਨਹੀਂ ਤਾਂ ਤੁਹਾਡੀ ਕੋਈ ਪਹਿਚਾਣ ਨਹੀਂ। ਮਨ ਨਿਰਾਸ਼ਾ ਦੇ ਬੱਦਲਾਂ ਵਿੱਚ ਭਟਕਦਾ ਹੈ ਪਰ ਮਨ ਮਸਤਕ ‘ਤੇ ਉਕਰੇ ਬੋਲ ਜਗਦੇ ਹਨ ਜਿਹੜੇ ਸਕੂਲ ਵਿੱਚ ਰੂ-ਬ-ਰੂ ਹੋਏ ਲੇਖਕ ਨੇ ਸਮਝਾਏ ਸਨ, ”ਇਸ ਜੀਵਨ ਦੇ ਕਈ ਰੰਗ ਨੇ। ਹਰ ਰੰਗ ਦਾ ਆਪਣਾ ਅਸਰ ਹੈ। ਜਿਵੇਂ ਗੁਲਦਸਤੇ ਵਿੱਚ ਵੱਖ ਵੱਖ ਫੁੱਲਾਂ ਦੇ ਰੰਗ ਉਸ ਦੀ ਪਹਿਚਾਣ ਬਣਦੇ ਹਨ, ਉਸੇ ਤਰ੍ਹਾਂ ਸਨੇਹ, ਸਹਿਯੋਗ ਤੇ ਏਕਾ ਜ਼ਿੰਦਗੀ ਦਾ ਗੁਲਦਸਤਾ ਹਨ। ਇਸ ਵਿੱਚ ਰਿਸ਼ਤਿਆਂ ਦੀ ਸੁੱਚਮ ਹੈ। ਮੰਜ਼ਿਲਾਂ ਨੂੰ ਸਰ ਕਰਨ ਦਾ ਬਲ ਹੈ। ਹੱਕਾਂ ਹਿਤਾਂ ਦੇ ਸੰਘਰਸ਼ ਦੀ ਲੋਅ ਹੈ। ਸਫ਼ਲਤਾ ਵੱਲ ਜਾਂਦਾ ਰਾਹ ਹੈ।” ਗੁਲਦਸਤੇ ਦੇ ਇਹ ਸ਼ੋਖ ਰੰਗ ਜ਼ਿੰਦਗੀ ਦਾ ਜਲੌਅ ਜਾਪਦੇ ਹਨ ਜਿਹੜੇ ਜਿਉਣਾ ਸਾਰਥਕ ਕਰਦੇ ਹਨ।
ਸੰਪਰਕ: salamzindgi88@gmail.com