ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਖੰਨਾ/ਦੋਰਾਹਾ, 13 ਜੂਨ
ਇਥੇ ਦੋਰਾਹਾ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਵਿੱਚ ਅੱਜ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਨਿਤਨੇਮ ਦੀਆਂ ਬਾਣੀਆਂ ਅਤੇ ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪ ਵਿਚ ਪਾਠਾਂ ਦੇ ਭੋਗ ਉਪਰੰਤ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਸਮਾਗਮ ਦੌਰਾਨ ਵੱਖ-ਵੱਖ ਰਾਗੀ ਢਾਡੀ ਜਥਿਆਂ ਨੇ ਕਥਾ ਕੀਰਤਨ ਕੀਤਾ। ਇਸ ਮੌਕੇ ਹਰਪਾਲ ਸਿੰਘ ਜੱਲ੍ਹਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਸਿੱਖ ਧਰਮ ਨਾਲ ਜੋੜਿਆ ਜਾਵੇ ਤਾਂ ਜੋ ਭਵਿੱਖ ਵਿਚ ਉਹ ਆਪਣੇ ਇਤਿਹਾਸ ਨੂੰ ਸੰਭਾਲ ਸਕਣ। ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਸਾਹਿਬ, ਗੁਰਦੁਆਰਾ ਕਲਗੀਧਰ ਸਾਹਿਬ, ਗੁਰਦੁਆਰਾ ਕਟਾਣਾ ਸਾਹਿਬ ਵਿਖੇ ਵੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।
ਇਸ ਤੋਂ ਇਲਾਵਾ ਖੰਨਾ ਦੇ ਲਲਹੇੜੀ ਰੋਡ ਸਥਿਤ ਗੁਰਦੁਆਰਾ ਭਗਤ ਨਾਮਦੇਵ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ੂਰੀ ਰਾਗੀ ਭਾਈ ਪਰਮਜੀਤ ਸਿੰਘ ਦੇ ਜੱਥੇ ਨੇ ਗੁਰਬਾਣੀ ਦੇ ਮਨੋਹਰ ਕੀਤਰਨ ਅਤੇ ਸੰਗਤ ਨਾਲ ਗੁਰੂ ਸਾਹਿਬ ਦੀ ਜੀਵਨੀ ਨਾਲ ਸਬੰਧਤ ਵਿਚਾਰ ਸਾਂਝੇ ਕੀਤੇ। ਮੁੱਖ ਗੰ੍ਰਥੀ ਭਾਈ ਗੁਰਸ਼ਰਨ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪ੍ਰਧਾਨ ਕਰਮਜੀਤ ਸਿੰਘ ਨੇ ਹਾਜ਼ਰ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬਾਨਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਆਪਣਾ ਗੌਰਵਮਈ ਇਤਿਹਾਸ ਸੰਭਾਲਣ ਲਈ ਉਤਸ਼ਾਹਿਆ। ਅੰਤ ਵਿਚ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਜੀਤ ਸਿੰਘ ਬੇਦੀ, ਅਮਰਜੀਤ ਸਿੰਘ ਔਲਖ, ਦਵਿੰਦਰ ਸਿੰਘ ਮੋਹਲ, ਜਰਨੈਲ ਸਿੰਘ ਤੱਗੜ, ਖੁਸ਼ਕਰਨ ਸਿੰਘ, ਗੁਰਦਰਸ਼ਨ ਸਿੰਘ, ਹਰਮੀਤ ਸਿੰਘ, ਮਨਦੀਪ ਸਿੰਘ ਮਰਜਾਰਾ, ਡਾ.ਹਰਭਜਨ ਸਿੰਘ, ਰਾਜਿੰਦਰ ਸਿੰਘ, ਅਰਵਿੰਦਰ ਸਿੰਘ, ਧਰਮ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ ਮਾਨ, ਅਰਵਿੰਦਰ ਸਿੰਘ, ਅੰਮ੍ਰਿਤ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ। ਇਸ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰਦੁਆਰਾ ਰਾਗਮੜ੍ਹੀਆ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਕਲਗੀਧਾਰ ਸਾਹਿਬ, ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿੱਚ ਧਾਰਮਿਕ ਸਮਾਗਮ ਹੋਏ।