ਗੁਰੂ ਨਾਨਕ ਨੈਸ਼ਨਲ ਕਾਲਜ ਤੇ ਸਕੂਲ ’ਚ ਸਮਾਗਮ
ਪੱਤਰ ਪ੍ਰੇਰਕ
ਦੋਰਾਹਾ, 6 ਜੂਨ
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਵਾਤਾਵਰਨ ਦਿਵਸ ਨੂੰ ਸਮਰਪਿਤ ਈਕੋ ਕਲੱਬ, ਐੱਨਐੱਸਐੱਸ ਯੂਨਿਟ ਵੱਲੋਂ ‘ਪਲਾਸਟਿਕ ਪ੍ਰਦੂਸ਼ਣ ਵਿਰੁੱਧ ਲੜਾਈ’ ਵਿਸ਼ੇ ’ਤੇ ਜਾਗਰੂਕਤਾ ਗਤੀਵਿਧੀ ਕਰਵਾਈ ਗਈ। ਇਸ ਮੌਕੇ ਡਾ. ਲਵਲੀਨ ਬੈਂਸ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਸਮੇਂ ਪਲਾਸਟਿਕ ਦੀ ਵਰਤੋਂ ਬਹੁਤ ਵੱਧ ਚੁੱਕੀ ਹੈ ਜਿਸ ਵਿਚੋਂ ਕੁਝ ਫ਼ੀਸਦ ਹੀ ਰੀਸਾਈਕਲ ਕੀਤਾ ਜਾਂਦਾ ਹੈ ਅਤੇ ਬਾਕੀ ਝੀਲਾਂ, ਨਦੀਆਂ ਤੇ ਸਮੁੰਦਰਾਂ ਵਿਚ ਰਲ ਕੇ ਪਾਣੀ ਦੇ ਸਰੋਤਾਂ ਨੂੰ ਗੰਧਲਾ ਕਰਦਾ ਹੈ। ਪਲਾਸਟਿਕ ਪ੍ਰਦੂਸ਼ਣ ਕਾਰਨ ਦਿਨੋਂ ਦਿਨ ਭਿਆਨਕ ਬਿਮਾਰੀਆਂ ਵੱਧ ਰਹੀਆਂ ਹਨ ਜਿਨ੍ਹਾਂ ਤੇ ਕਾਬੂ ਪਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣਾ ਸਮੇਂ ਦੀ ਮੁੱਖ ਲੋੜ ਹੈ।
ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਐਡਵੋਕੇਟ ਅਭਯ ਬੈਕਟਰ ਅਤੇ ਪ੍ਰਿੰਸੀਪਲ ਡਾ.ਸਰਵਜੀਤ ਕੌਰ ਬਰਾੜ ਨੇ ਕਾਲਜ ਕੈਂਪਸ ਵਿਚ ਛਾਂਦਾਰ ਅਤੇ ਫਲਦਾਰ ਬੂਟੇ ਲਾਉਂਦਿਆਂ ਵਿਦਿਆਰਥੀਆਂ ਨੂੰ ਇਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੇ ਦੁਸ਼ਪ੍ਰਭਾਵਾਂ ਤੋਂ ਸੁਚੇਤ ਕਰਦਿਆਂ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਕੱਪੜੇ ਦੇ ਥੈਲੇ ਵੰਡੇ ਗਏ। ਇਸ ਮੌਕੇ ਪ੍ਰੋ. ਅਮਨਦੀਪ ਚੀਮਾ, ਡਾ. ਗੁਰਪ੍ਰੀਤ ਸਿੰਘ, ਡਾ. ਕਰਮਜੀਤ ਸਿੰਘ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਰੋਹਿਤ ਕੁਮਾਰ ਅਤੇ ਜਰਨੈਲ ਸਿੰਘ ਹਾਜ਼ਰ ਸਨ।
ਇਸੇ ਤਰ੍ਹਾਂ ਗੁਰੂ ਨਾਨਕ ਕਾਲਜ ਵਿੱਚ ਵਾਤਾਵਰਨ ਦਿਵਸ ਨੂੰ ਸਮਰਪਿਤ ਲੋਕਾਂ ਵਿੱਚ ਜਲਵਾਯੂ ਪਰਿਵਰਤਨ, ਮਨੁੱਖੀ ਸਿਹਤ, ਜੰਗਲੀ ਜੀਵਾਂ ਅਤੇ ਬਨਸਪਤੀ ਤੇ ਇਸਦੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ। ਪ੍ਰਿੰਸੀਪਲ ਡੀ. ਪੀ ਠਾਕੁਰ ਨੇ ਕਿਹਾ ਕਿ ਬਦਲਦਾ ਵਾਤਾਵਰਣ ਸਾਡੀ ਸਿਹਤ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ ਇਸ ਲਈ ਹਰ ਵਿਅਕਤੀ ਨੂੰ ਘੱਟੋਂ ਘੱਟ ਇਕ ਬੂਟਾ ਲਾ ਕੇ ਉਸ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ।