ਗੁਰੂ ਨਾਨਕ ਚੇਅਰ ਸਥਾਪਤ ਕਰਨ ’ਤੇ ਸਹਿਮਤੀ
ਅੰਮ੍ਰਿਤਸਰ, 1ਜੂਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਕਾਦਮਿਕ ਖੇਤਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ, ਕੈਲੀਫੋਰਨੀਆ ਸਥਿਤ ਪ੍ਰਸਿੱਧ ਅਟਾਰਨੀ ਅਤੇ ਸਮਾਜ ਸੇਵੀ ਜਸਪ੍ਰੀਤ ਸਿੰਘ ਨਾਲ ਇੱਕ ਇਤਿਹਾਸਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਉਨ੍ਹਾਂ ਯੂਨੀਵਰਸਿਟੀ ਵਿੱਚ ‘ਗੁਰੂ ਨਾਨਕ ਚੇਅਰ’ ਸਥਾਪਤ ਕਰਨ ਦਾ ਐਲਾਨ ਕੀਤਾ ਹੈ, ਜਿਸ ਦੀ ਪੰਜ ਸਾਲਾਂ ਲਈ ਪੂਰੀ ਫੰਡਿੰਗ ਉਹ ਖੁਦ ਕਰਨਗੇ। ਇਸ ਚੇਅਰ ਦਾ ਮੰਤਵ ਗੁਰੂ ਨਾਨਕ ਦੇਵ ਦੀਆਂ ਸਰਬ- ਵਿਆਪਕ ਸਿੱਖਿਆਵਾਂ - ਸਮਾਨਤਾ, ਦਇਆ, ਸੇਵਾ ਅਤੇ ਮਨੁੱਖਤਾ ਦੀ ਏਕਤਾ ਦਾ ਡੂੰਘਾਈ ਨਾਲ ਅਧਿਐਨ ਅਤੇ ਪ੍ਰਸਾਰ ਕਰਨਾ ਹੋਵੇਗਾ। ਇਸ ਲਈ 3 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ ਇੱਕ ਪੂਰਨ-ਸਮੇਂ ਦੇ ਚੇਅਰ ਪ੍ਰੋਫੈਸਰ, ਖੋਜ ਸਹਾਇਕ ਅਤੇ ਹੋਰ ਅਕਾਦਮਿਕ ਸਰੋਤਾਂ ਦੀ ਨਿਯੁਕਤੀ ਕੀਤੀ ਜਾਵੇਗੀ।ਇਸ ਦੇ ਨਾਲ ਹੀ, ਉਨ੍ਹਾਂ ਸਿੱਖ ਅਧਿਐਨ ਅਤੇ ਸਮਾਜਿਕ ਉੱਨਤੀ ਨਾਲ ਜੁੜੇ ਖੋਜ ਕਾਰਜਾਂ ਲਈ 10 ਵਿਦਿਆਰਥੀਆਂ ਨੂੰ ਹਰ ਮਹੀਨੇ 8,000 ਰੁਪਏ ਦੀ ਖੋਜ ਸਕਾਲਰਸ਼ਿਪ ਦੇਣ ਦਾ ਵੀ ਐਲਾਨ ਕੀਤਾ ਹੈ, ਤਾਂ ਜੋ ਨੌਜਵਾਨ ਖੋਜਾਰਥੀ ਬਿਨਾਂ ਕਿਸੇ ਵਿੱਤੀ ਰੁਕਾਵਟ ਦੇ ਅਰਥਪੂਰਨ ਕੰਮ ਕਰ ਸਕਣ। ਇਹ ਸਮਝੌਤਾ ਸੈਕਰਾਮੈਂਟੋ, ਕੈਲੀਫੋਰਨੀਆ ਸਥਿਤ ਜਸਪ੍ਰੀਤ ਸਿੰਘ ਦੇ ਦਫ਼ਤਰ ਵਿੱਚ ਉਨ੍ਹਾਂ ਦੀ ਟੀਮ ਅਤੇ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਹਾਜ਼ਰੀ ਵਿੱਚ ਸਮਾਪਤ ਹੋਇਆ।