ਖੇਤਰੀ ਪ੍ਰਤੀਨਿਧਲੁਧਿਆਣਾ, 12 ਦਸੰਬਰਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪਰਵਾਸੀ ਪੰਜਾਬੀ ਲੇਖਕ ਮਿਲਣੀ ਕਰਵਾਈ ਗਈ। ਇਸ ਮਿਲਣੀ ਵਿੱਚ ਅਮਰੀਕਾ ਤੋਂ ਐਸ਼ਕੁਮ ਐਸ਼, ਇੰਗਲੈਂਡ ਤੋਂ ਨਛੱਤਰ ਸਿੰਘ ਭੋਗਲ, ਕੈਨੇਡਾ ਦੇ ਸ਼ਹਿਰ ਸਰੀ ਤੋਂ ਬਿੰਦੂ ਦਲਵੀਰ ਕੌਰ ਅਤੇ ਕੈਲਗਰੀ ਤੋਂ ਗੁਰਚਰਨ ਕੌਰ ਥਿੰਦ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਕਾਲਜ ਕੌਂਸਲ ਦੇ ਪ੍ਰਧਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸਪੀ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਿਹਾ ਅਤੇ ਕੇਂਦਰ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ।ਲੇਖਕ ਐਸ਼ਕੁਮ ਐਸ਼ ਨੇ ਪੰਜਾਬੀ ਵਿੱਚ ਇੱਕ ਨਵੀਂ ਕਾਵਿ ਵਿਧਾ ਅੱਖਰਵਿਤਾ ਜੋ ਅੰਗਰੇਜ਼ੀ ਵਿਧਾ ਦੇ ਸਮਾਂਤਰ ਹੈ, ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ। ਇਸ ਕਾਵਿ ਵਿਧਾ ਨੂੰ ਲੈ ਕੇ ਇੱਕ ਉਸਾਰੂ ਵਿਚਾਰ ਚਰਚਾ ਵੀ ਹੋਈ ਜਿਸ ਵਿੱਚ ਉੱਘੇ ਅਲੋਚਕ ਡਾ. ਗੁਰਇਕਬਾਲ ਸਿੰਘ, ਡਾਇਰੈਕਟਰ ਜੀਜੀਐਨਆਈਐਮਟੀ ਪ੍ਰੋਫ਼ੈਸਰ ਮਨਜੀਤ ਸਿੰਘ ਛਾਬੜਾ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸੁਸ਼ਮਿੰਦਰਜੀਤ ਕੌਰ ਨੇ ਹਿੱਸਾ ਲਿਆ। ਲੇਖਕ ਨਛੱਤਰ ਸਿੰਘ ਭੋਗਲ ਨੇ ਆਪਣੀ ਸਾਹਿਤ ਸਿਰਜਣਾ ਦੇ ਸਫਰ ਬਾਰੇ, ਪਰਵਾਸ ਦੇ ਅਨੁਭਵ ਬਾਰੇ ਅਤੇ ਇੰਗਲੈਂਡ ਤੇ ਕੈਨੇਡਾ ਵਿੱਚ ਸਰਗਰਮ ਸਾਹਿਤ ਸਭਾਵਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ। ਬਿੰਦੂ ਦਲਵੀਰ ਕੌਰ ਨੇ ਸਰੋਤਿਆਂ ਨਾਲ ਆਪਣੀਆਂ ਦੋ ਗਜ਼ਲਾਂ ਸਾਂਝੀਆਂ ਕੀਤੀਆਂ। ਲੇਖਕਾ ਗੁਰਚਰਨ ਕੌਰ ਥਿੰਦ ਨੇ ਆਪਣੀ ਪਾਕਿਸਤਾਨ ਫੇਰੀ ਦੇ ਅਨੁਭਵ ਸਾਂਝੇ ਕੀਤੇ।ਕਾਲਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਦੀ ਪਰਵਾਸੀ ਲੇਖਕ ਮਿਲਣੀ ਇੱਕ ਉਸਾਰੂ ਵਿਚਾਰ ਚਰਚਾ ਦਾ ਮਾਧਿਅਮ ਬਣੀ ਹੈ ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਆਏ ਲੇਖਕਾਂ ਨੇ ਸ਼ਿਰਕਤ ਕਰਕੇ ਸਾਡੀ ਇਸ ਸੰਸਥਾ ਨੂੰ ਮਾਣ ਬਖਸ਼ਿਆ ਹੈ। ਪਰਵਾਸੀ ਸਹਿਤ ਅਧਿਐਨ ਕੇਂਦਰ ਵੱਲੋਂ ਲੇਖਕਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ । ਪ੍ਰੋਗਰਾਮ ਦਾ ਸੰਚਾਲਨ ਕੇਂਦਰ ਦੇ ਕੋਆਰਡੀਨੇਟਰ ਡਾ. ਤਜਿੰਦਰ ਕੌਰ ਨੇ ਕੀਤਾ।