ਗੁਰੂ ਨਾਨਕ ਕਾਲਜ ’ਚ ਵਾਤਾਵਰਨ ਜਾਗਰੂਕਤਾ ਮੁਹਿੰਮ
ਦੋਰਾਹਾ, 25 ਦਸੰਬਰ
ਇੱਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਰਾਸ਼ਟਰੀ ਸੇਵਾ ਯੋਜਨਾ ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ ਵਾਤਾਵਰਨ ਜਾਗਰੂਕਤਾ ਮੁਹਿੰਮ ਤਹਿਤ ਪੌਦੇ ਲਾਏ ਗਏ। ਇਸ ਮੌਕੇ ਡਾ. ਲਵਲੀਨ ਬੈਂਸ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਕਾਲਜ ਕੈਂਪਸ ਵਿੱਚ ਬੂਟੇ ਲਗਾ ਕੇ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੱਤਾ। ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਵਿਦਿਆਰਥੀਆਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਦੀ ਸੇਵਾ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜੌਕੇ ਸਮੇਂ ਦਿਨੋਂ-ਦਿਨ ਗੰਧਲੇ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਇੱਕ ਬੂਟਾ ਲਾ ਕੇ ਉਸਦੀ ਸੇਵਾ ਸੰਭਾਲ ਕਰੇ। ਇਸ ਮੌਕੇ ਪ੍ਰੋ. ਜਗਰੂਪ ਸਿੰਘ, ਪ੍ਰੋ. ਮਾਲਤੀ ਤਿਵਾੜੀ, ਅਮਨਦੀਪ ਕੌਰ ਚੀਮਾ, ਡਾ. ਮਨੋਜ ਕੁਮਾਰ ਚੌਧਰੀ, ਡਾ.ਗੁਰਪ੍ਰੀਤ ਸਿੰਘ, ਜਗਦੀਪ ਸਿੰਘ, ਰਾਮ ਅਨੰਦ, ਸੁਖਵੀਰ ਸਿੰਘ, ਸਰਬਜੀਤ ਕੌਰ ਤੇ ਸ਼ਿਖਾ ਅਰੋੜਾ ਨੇ ਵਿਦਿਆਰਥੀਆਂ ਨੂੰ ਪੌਦਿਆਂ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਵਿਦਿਆਰਥੀਆਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।