ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ
ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਇਥੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸਥਾਨਕ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਤੋਂ ਸਵੇਰ ਸਮੇਂ ਆਰੰਭ ਹੋਇਆ। ਇਸ ਮੌਕੇ ਫੁੱਲਾਂ ਨਾਲ ਸਜੀ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕੀਤਾ ਗਿਆ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰੇ ਆ ਕੇ ਸਮਾਪਤ ਹੋਇਆ।
ਨਗਰ ਕੀਰਤਨ ਦਾ ਵੱਖ-ਵੱਖ ਬਾਜ਼ਾਰਾਂ ਵਿੱਚ ਸਤਿਕਾਰ ਨਾਲ ਭਰਵਾਂ ਸਵਾਗਤ ਹੋਇਆ। ਸੰਗਤ ਨੇ ਕਈ ਥਾਈਂ ਚਾਹ, ਫਲਾਂ ਸਮੇਤ ਹੋਰ ਲੰਗਰ ਲਾਏ ਹੋਏ ਸਨ। ਨਗਰ ਕੀਰਤਨ ਦੇ ਅੱਗੇ ਨੌਜਵਾਨ ਝਾੜੂ ਦੀ ਸੇਵਾ ਕਰਦੇ ਚੱਲ ਰਹੇ ਸਨ। ਉਨ੍ਹਾਂ ਦੇ ਪਿੱਛੇ ਗਤਕਾ ਪਾਰਟੀਆਂ ਆਪਣੀ ਕਲਾ ਦਾ ਜੌਹਰ ਦਿਖਾ ਰਹੀਆਂ ਸਨ। ਸੰਗਤ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੀ ਨਾਲ ਚੱਲ ਰਹੀ ਸੀ ਜਦਕਿ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਵੀ ਕੀਰਤਨ ਕਰਦੀਆਂ ਹੋਈਆਂ ਟਰਾਲੀ ’ਤੇ ਸਵਾਰ ਸਨ। ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐਸਆਰ ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਬਾਬਾ ਅਰਵਿੰਦਰ ਸਿੰਘ ਨਾਨਕਸਰ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਸਮੇਤ ਹੋਰਨਾਂ ਆਗੂਆਂ ਨੇ ਵੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਸੁਭਾਸ਼ ਗੇਟ, ਅਨਾਰਕਲੀ ਬਾਜ਼ਾਰ, ਕਮਲ ਚੌਕ, ਲਾਜਪਤ ਰਾਏ ਰੋਡ, ਰੇਲਵੇ ਰੋਡ, ਲਿੰਕ ਰੋਡ, ਤਹਿਸੀਲ ਰੋਡ, ਰਾਣੀ ਝਾਂਸੀ ਚੌਕ, ਪੁਰਾਣੀ ਸਬਜ਼ੀ ਮੰਡੀ ਹੁੰਦਾ ਹੋਇਆ ਨਗਰ ਕੀਰਤਨ ਵਾਪਸ ਗੁਰਦੁਆਰਾ ਮੋਰੀ ਗੇਟ ਪਹੁੰਚਿਆ। ਇਸ ਸਮੇਂ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪ੍ਰਿੰ. ਚਰਨਜੀਤ ਸਿੰਘ ਭੰਡਾਰੀ, ਪ੍ਰਧਾਨ ਬਿੰਦਰ ਮਨੀਲਾ, ਰਵਿੰਦਰਪਾਲ ਸਿੰਘ ਰਾਜੂ, ਇੰਦਰਜੀਤ ਸਿੰਘ ਲਾਂਬਾ, ਹਰਵਿੰਦਰ ਸਿੰਘ ਚਾਵਲਾ, ਦਵਿੰਦਰਜੀਤ ਸਿੰਘ ਸਿੱਧੂ, ਦੀਪਇੰਦਰ ਭੰਡਾਰੀ, ਹਰਦੇਵ ਬੌਬੀ ਆਦਿ ਵੀ ਨਗਰ ਕੀਰਤਨ ਵਿੱਚ ਸ਼ਾਮਲ ਸਨ।