ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 26 ਮਈ
ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਨਾਨਕ ਦਰਬਾਰ ਵਿੱਚ ਪੰਜ ਸਮਾਗਮਾਂ ਦੀ ਲੜੀ ਤਹਿਤ ਅੱਜ ਪਹਿਲੇ ਦਿਨ ਦੇ ਸਮਾਗਮ ਦੀ ਸ਼ੁਰੂਆਤ ਪੰਥਕ ਕਵੀ ਗੁਰਸ਼ਰਨ ਸਿੰਘ ਪਰਵਾਨਾ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਤੋਂ ਪਹਿਲਾਂ ਗੁਰਦੁਆਰਾ ਸ਼ਾਹਿਬ ਦੇ ਸੀਨੀਅਰ ਮੀਤ ਗ੍ਰੰਥੀ ਗਿਆਨੀ ਸ਼ੁਬੇਗ ਸਿੰਘ ਨੇ ਰਹਿਰਾਸ ਸਾਹਿਬ ਦਾ ਪਾਠ ਕੀਤਾ। ਉਪਰੰਤ ਹਜ਼ੂਰੀ ਰਾਗੀ ਭਾਈ ਪਵਨਦੀਪ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਸ਼ਬਦ ਬਾਣੀ ਨਾਲ ਨਿਹਾਲ ਕੀਤਾ। ਇਸ ਮੌਕੇ ਗਿਆਨੀ ਸ਼ੁਬੇਗ ਸਿੰਘ ਨੇ ਕਿਹਾ ਕਿ ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਪਹਿਲੀ ਤੇ ਦੁਨੀਆਂ ਦੇ ਇਤਿਹਾਸ ਵਿਚ ਇਕ ਲਾਸਾਨੀ ਸ਼ਹਾਦਤ ਹੈ ਜਿਸ ਦੇ ਨਾਲ ਸਿੱਖ ਇਤਿਹਾਸ ਵਿਚ ਸ਼ਹੀਦੀਆਂ ਦਾ ਇਕ ਨਵਾਂ ਅਧਿਆਏ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਪੰਚਮ ਪਾਤਸ਼ਾਹ ਦਾ ਸਾਰਾ ਜੀਵਨ ਹੀ ਪਰਉਪਕਾਰ ਵਿਚ ਕਿਸੇ ਉੱਚੇ ਆਦਰਸ਼ ਲਈ ਬਤੀਤ ਹੋਇਆ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿ ਮੌਜੂਦਾ ਸਮੇਂ ਵਿਚ ਨੌਜਆਨ ਪੀੜ੍ਹੀ ਗੁਰੂ ਅਰਜਨ ਦੇਵ ਵਲੋਂ ਬਖਸ਼ੇ ਭਗਤੀ ਦੇ ਸੰਕਲਪ ਤੋਂ ਸੇਧ ਲੈ ਕੇ ਬਾਣੀ ਤੇ ਬਾਣੇ ਦੀ ਧਾਰਨੀ ਬਣੇ। ਕਵੀ ਦਰਬਾਰ ਦੀ ਸ਼ੁਰੂਆਤ ਪ੍ਰਸਿੱਧ ਕਵੀ ਗੁਰਚਰਨ ਸਿੰਘ ਜੋਗੀ ਦੀ ਕਵਿਤਾ ਨਾਲ ਹੋਈ। ਇਸ ਮਗਰੋਂ ਕਵੀ ਇੰਜਨੀਅਰ ਕਰਮਜੀਤ ਸਿੰਘ ਨੂਰ ਨੇ ਆਪਣੀ ਸੁਣਾਈ। ਕਵੀ ਕੁਲਵੰਤ ਸਿੰਘ ਰਫੀਕ ਨੇ ਸਿੱਖ ਸ਼ਹੀਦਾਂ ਬਾਰੇ ਕਵਿਤਾ ਸੁਣਾਈ। ਇਸ ਤੋਂ ਇਲਾਵਾ ਕਵਿੱਤਰੀ ਪੂਜਾ ਆਦਿ ਹੋਰ ਕਵੀਆਂ ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪੰਥ ਪ੍ਰਸਿੱਧ ਵਿਦਵਾਨ ਗਿਆਨੀ ਸਾਹਿਬ ਸਿੰਘ ਨੇ ਆਏ ਕਵੀਆਂ ਦਾ ਸਨਮਾਨ ਕੀਤਾ।
ਮੰਚ ਦਾ ਸੰਚਾਲਨ ਕੁਲਵੰਤ ਸਿੰਘ ਰਫੀਕ ਨੇ ਬਾਖੂਬੀ ਕੀਤਾ। ਇਸ ਮੌਕੇ ਐੱਨਪੀ ਸਿੰਘ, ਗੁਰਵਿੰਦਰ ਸਿੰਘ ਸਿੰਘ ਚੁੱਘ, ਨਰਿੰਦਰ ਸਿੰਘ ਭਿੰਡਰ, ਜਥੇਦਾਰ ਨਿਰੰਜਨ ਸਿੰਘ, ਮਨਜੀਤ ਸਿੰਘ ਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।