ਗੁਰੂਘਰਾਂ ’ਚ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ
ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਸਬੰਧੀ ਵੱਖ-ਵੱਖ ਗੁਰੂਘਰਾਂ ਵਿੱਚ ਗੁਰਮਤਿ ਸਮਾਗਮ ਹੋਏ ਜਿਨ੍ਹਾਂ ਵਿੱਚ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ। ਗੁਰਦੁਆਰਾ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਹੋਏ ਸਮਾਗਮ ਵਿੱਚ ਕੀਰਤਨੀਏ ਭਾਈ ਦਵਿੰਦਰ ਸਿੰਘ ਖਾਲਸਾ ਸੁਹਾਣੇ ਵਾਲੇ, ਭਾਈ ਉਂਕਾਰ ਸਿੰਘ, ਭਾਈ ਰਾਜੇਸ਼ ਸਿੰਘ, ਭਾਈ ਬਲਦੇਵ ਸਿੰਘ ਭੂਲਪੁਰ, ਭਾਈ ਜਸਵੰਤ ਸਿੰਘ ਤੇ ਭਾਈ ਗਗਨਦੀਪ ਸਿੰਘ ਲੁਧਿਆਣਾ ਦੇ ਕੀਰਤਨੀ ਜਥਿਆਂ ਸਮੇਤ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ।
ਗਰਦਆਰਾ ਗੁਰੂ ਤੇਗ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਨਗਰ ਵਿੱਚ ਵੀ ਸਮਾਗਮ ਕਰਵਾਏ ਗਏ ਜਿਸ ਵਿੱਚ ਕਥਾ ਵਾਚਕ ਭਾਈ ਅਵਤਾਰ ਸਿੰਘ ਅਤੇ ਭਾਈ ਦਵਿੰਦਰਪਾਲ ਸਿੰਘ ਨੇ ਕਥਾ ਵਿਚਾਰਾਂ ਰਾਹੀਂ ਸਿੱਖ ਇਤਿਹਾਸ ’ਤੇ ਚਾਨਣਾ ਪਾਇਆ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਤੋਂ ਇਲਾਵਾ ਭਾਈ ਸਾਹਿਬ ਸਿੰਘ ਅਤੇ ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਕੀਰਤਨ ਕੀਤਾ। ਡਾ. ਅਮਨਦੀਪ ਕੌਰ ਸਰਨਾ ਵੱਲੋਂ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ। ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਅਖੰਡ ਪਾਠ ਦੇ ਭੋਗ ਮਗਰੋਂ ਗੁਰ ਸ਼ਬਦ ਕੀਰਤਨ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਕੀਤੇ। ਟਕਸਾਲ ਦੇ ਮੌਜੂਦਾ ਮੁਖੀ ਬਾਬਾ ਅਮੀਰ ਸਿੰਘ ਨੇ ਗੁਰੂ ਅਰਜਨ ਦੇਵ ਦੇ ਜੀਵਨ ਤੇ ਸ਼ਹੀਦੀ ਸਬੰਧੀ ਰੋਸ਼ਨੀ ਪਾਈ।