ਗੁਰਮੀਤ ਕੌਰ ਬਣੀ ਲਖਮੀਰ ਕੇ ਉਤਾੜ ਦੀ ਸਰਪੰਚ
ਜਸਵੰਤ ਸਿੰਘ ਥਿੰਦ
ਮਮਦੋਟ, 18 ਮਈ
ਬਲਾਕ ਮਮਦੋਟ ਦੀ ਚਰਚਿਤ ਗਰਾਮ ਪੰਚਾਇਤ ਲਖਮੀਰ ਕੇ ਉਤਾੜ ਦੇ ਸਰਪੰਚ ਦੀ ਚੋਣ ਲਈ ਅੱਜ ਵੋਟਾਂ ਪਾਈਆਂ ਗਈਆਂ। ਕੁੱਲ 624 ਵੋਟਾਂ ਵਾਲੀ ਇਸ ਗਰਾਮ ਪੰਚਾਇਤ ਦੀਆਂ ਸ਼ਾਮ ਤੱਕ ਕੁੱਲ 561 ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿੱਚੋਂ ਗੁਰਮੀਤ ਕੌਰ ਨੂੰ 348 ਅਤੇ ਉਸਦੀ ਵਿਰੋਧੀ ਉਮੀਦਵਾਰ ਰਣਜੀਤ ਕੌਰ ਨੂੰ 201 ਵੋਟਾਂ ਹਾਸਲ ਹੋਈਆਂ। ਇਸ ਤਰ੍ਹਾਂ ਇੱਕ ਹੋਰ ਉਮੀਦਵਾਰ ਕੁਸ਼ੱਲਿਆ ਰਾਣੀ ਨੂੰ 11 ਵੋਟਾਂ ਅਤੇ 1 ਵੋਟ ਨੋਟਾ ਨੂੰ ਪਈ। 147 ਵੋਟਾਂ ਦੇ ਫ਼ਰਕ ਨਾਲ ਗੁਰਮੀਤ ਕੌਰ ਪਤਨੀ ਬਲਵੀਰ ਸਿੰਘ ਪਿੰਡ ਦੀ ਸਰਪੰਚ ਚੁਣੀ ਗਈ। ਗੁਰਮੀਤ ਕੌਰ ਦੀ ਜਿੱਤ ਤੋਂ ਬਾਅਦ ਉਸ ਦੇ ਸਮਰੱਥਕਾਂ ਵੱਲੋਂ ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਖੁਸ਼ੀ ਸਾਂਝੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ 2 ਵਾਰ ਇਸ ਗਰਾਮ ਪੰਚਾਇਤ ਦੀ ਚੋਣ ਪੋਲਿੰਗ ਬੂਥ ਦੇ ਬਾਹਰ ਧਰਨਾ ਦਿੱਤੇ ਜਾਣ ਕਾਰਨ ਰੱਦ ਹੋ ਗਈ ਸੀ, ਜੋ ਹੁਣ ਧਰਨਾਕਾਰੀਆਂ ਦੀ ਮੰਗ ਅਨੁਸਾਰ ਗਰਾਮ ਪੰਚਾਇਤ ਵਿੱਚੋਂ ਕੱਟੀਆਂ ਗਈਆਂ 441 ਸ਼ਾਮਲ ਕੀਤੇ ਜਾਣ ਤੋਂ ਬਾਅਦ ਅਮਨ ਸ਼ਾਂਤੀ ਨਾਲ ਇਹ ਚੋਣ ਨੇਪਰੇ ਚੜ੍ਹੀ ਹੈ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ ਹੈ। ਇਸ ਮੌਕੇ ਗੁਰਮੇਲ ਸਿੰਘ ਸੁਆਮੀ, ਨਿਹਾਲ ਸਿੰਘ ਨੰਬਰਦਾਰ, ਬਲਵੀਰ ਸਿੰਘ, ਰਸ਼ਪਾਲ ਸਿੰਘ ਸੁਆਮੀ, ਚੰਨਾ ਸਿੰਘ, ਗੁਰਮੇਜ ਸਿੰਘ ਮੈਂਬਰ ਪੰਚਾਇਤ, ਹਰਪ੍ਰੀਤ ਸਿੰਘ ਹੈਪੀ ਪੱਤਰ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਹਲਵਾਈ, ਅਮਰਜੀਤ ਸਿੰਘ ਸੋਢੀ, ਪੂਰਨ ਸਿੰਘ, ਹੀਰਾ ਸਨ।