For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਸ਼ਤਾਬਦੀ ਸਮਾਗਮ ਸ਼ੁਰੂ

09:10 AM Sep 16, 2024 IST
ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਸ਼ਤਾਬਦੀ ਸਮਾਗਮ ਸ਼ੁਰੂ
ਸਮਾਗਮ ਦੇ ਪਹਿਲੇ ਦਿਨ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਪੁੱਜੀ ਸੰਗਤ।
Advertisement

ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 15 ਸਤੰਬਰ
ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਅਤੇ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ਦੇ 450 ਸਾਲ ਪੂਰੇ ਹੋਣ ’ਤੇ ਅੱਜ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਸਮਾਗਮਾਂ ਦੀ ਸ਼ੁਰੂਆਤ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਗੁਰਮਤਿ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਚਾਰ ਰੋਜ਼ਾ ਸ਼ਤਾਬਦੀ ਸਮਾਗਮਾਂ ਦੇ ਪਹਿਲੇ ਦਿਨ ਅੱਜ ਸੰਗਤੀ ਰੂਪ ਵਿੱਚ 3500 ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ।
ਇਸੇ ਦੌਰਾਨ ਸਰਬ ਹਿੰਦ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕਰ ਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਸਹਿਜ ਪਾਠ ਕਰਨ ਵਾਲੀ ਸੰਗਤ ਨੂੰ ਸ੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਅਤੇ ਸਹਿਜ ਪਾਠ ਸੰਸਥਾ ਵੱਲੋਂ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ।
ਇਸ ਦੌਰਾਨ ਸ੍ਰੀ ਬਾਉਲੀ ਸਾਹਿਬ ਵਿਖੇ ਵੱਖ-ਵੱਖ ਇਲਾਕਿਆਂ ਤੋਂ ਨਗਰ ਕੀਰਤਨਾਂ ਦੀ ਵੀ ਆਮਦ ਹੁੰਦੀ ਰਹੀ। ਸਮਾਗਮਾਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ,ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਗੁਰਨਾਮ ਸਿੰਘ, ਮਨਜੀਤ ਸਿੰਘ ਤਲਵੰਡੀ, ਇੰਚਾਰਜ ਸ਼ਤਾਬਦੀ ਸਤਨਾਮ ਸਿੰਘ ਰਿਆੜ, ਮੈਨੇਜਰ ਗੁਰਾ ਸਿੰਘ, ਭਾਈ ਸਰਬਜੀਤ ਸਿੰਘ ਢੋਟੀਆ, ਕੁਲਦੀਪ ਸਿੰਘ ਔਲਖ, ਕੁਲਦੀਪ ਸਿੰਘ ਲਹੌਰੀਆ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਨੁਮਾਇੰਦੇ ਅਤੇ ਸੰਗਤ ਹਾਜ਼ਰ ਸੀ।
ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਸੰਗਤ ਦੀ ਆਮਦ ਦੇ ਮੱਦੇਨਜ਼ਰ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਸ੍ਰੀ ਗੋਇੰਦਵਾਲ ਸਾਹਿਬ ਨੂੰ ਆਉਂਦੇ ਹਰ ਰਸਤੇ ’ਤੇ ਵੱਖ-ਵੱਖ ਜਥੇਬੰਦੀਆਂ, ਕਾਰ ਸੇਵਾ ਸੰਪ੍ਰਦਾਵਾਂ, ਸਭਾ ਸੁਸਾਇਟੀਆਂ, ਸੰਸਥਾਵਾਂ ਤੇ ਸੰਗਤਾਂ ਵੱਲੋਂ ਵੀ ਵਿਸ਼ੇਸ਼ ਲੰਗਰ ਦੇ ਪ੍ਰਬੰਧ ਕਰ ਕੇ ਸੰਗਤ ਦਾ ਸਵਾਗਤ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਵੱਲ ਆਉਂਦੇ ਸਾਰੇ ਰਸਤਿਆਂ ਉੱਤੇ ਸੰਗਤ ਦੇ ਸਵਾਗਤ ਲਈ ਵੱਡੇ ਸਵਾਗਤੀ ਗੇਟ ਲਗਾਏ ਗਏ ਹਨ। ਸ਼ਤਾਬਦੀ ਸਮਾਗਮਾਂ ਦੇ ਮੱਦੇਨਜ਼ਰ ਸ੍ਰੀ ਬਾਉਲੀ ਸਾਹਿਬ ਅਤੇ ਸਬੰਧਤ ਗੁਰ ਅਸਥਾਨਾਂ ਉੱਤੇ ਸੁੰਦਰ ਫੁੱਲਾਂ ਤੇ ਲਾਈਟਾਂ ਆਦਿ ਨਾਲ ਸਜਾਵਟ ਕੀਤੀ ਗਈ ਹੈ।

Advertisement

ਗੁਰਦੁਆਰਾ ਚੁਬਾਰਾ ਸਾਹਿਬ ਤੋਂ ਬਾਉਲੀ ਸਾਹਿਬ ਤੱਕ ਨਗਰ ਕੀਰਤਨ ਸਜਾਇਆ

ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ

ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਅਤੇ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ਦੇ 450 ਸਾਲਾ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਮੌਕੇ ਅੱਜ ਗੁਰਦੁਆਰਾ ਚੁਬਾਰਾ ਸਾਹਿਬ ਤੋਂ ਗੁਰਦੁਆਰਾ ਬਾਉਲੀ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ। ਮੈਨੇਜਰ ਗੁਰਾ ਸਿੰਘ ਮਾਨ ਅਤੇ ਇੰਚਾਰਜ ਸਤਨਾਮ ਸਿੰਘ ਰਿਆੜ ਨੇ ਆਖਿਆ ਕਿ ਪਹਿਲੇ ਦਿਨ ਦੇ ਸਮਾਗਮਾਂ ਦੌਰਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਰਦਾਸ ਕਰ ਕੇ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਕੀਤੀ। ਪੰਜਾਬ ਭਰ ਤੋਂ ਗੁਰਦੁਆਰਾ ਬਾਉਲੀ ਸਾਹਿਬ ਪਹੁੰਚ ਰਹੇ ਨਗਰ ਕੀਰਤਨਾਂ ਦਾ ਜਨਰਲ ਸਕੱਤਰ ਰਾਜਿੰਦਰ ਸਿੰਘ ਮਹਿਤਾ, ਸਕੱਤਰ ਪ੍ਰਤਾਪ ਸਿੰਘ ਅਤੇ ਸਕੱਤਰ ਧਰਮ ਪ੍ਰਚਾਰ ਕਮੇਟੀ ਬਲਵਿੰਦਰ ਸਿੰਘ ਕਾਹਲਵਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸ਼ਤਾਬਦੀ ਸਮਾਗਮਾਂ ਦੌਰਾਨ ਲੰਗਰ ਦੀਆਂ ਸੇਵਾਵਾਂ ਨਿਭਾ ਰਹੀਆਂ ਸੰਪਰਦਾਇਆਂ ’ਚ ਬਾਬਾ ਘੋਲਾ ਸਿੰਘ ਸੰਪਰਦਾਇ ਸਰਹਾਲੀ ਸਾਹਿਬ, ਬਾਬਾ ਗੁਰਨਾਮ ਸਿੰਘ ਯੂਪੀ ਵਾਲੇ, ਸੰਪਰਦਾਇ ਭੂਰੀ ਵਾਲਿਆਂ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਅਤੇ ਬਾਬਾ ਜੋਗਾ ਸਿੰਘ ਤਰਨਾ ਦਲ ਵੱਲੋਂ ਵਿਸ਼ੇਸ਼ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।

Advertisement

Advertisement
Author Image

sukhwinder singh

View all posts

Advertisement