ਗੁਰਦੁਆਰਾ ਨਥਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ
ਘਨੌਰ (ਖੇਤਰੀ ਪ੍ਰਤੀਨਿਧ): ਗੁਰੂ ਅਮਰਦਾਸ ਦੇ ਚਰਨਛੋਹ ਪਾਵਨ ਅਸਥਾਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਇਤਿਹਾਸਕ ਗੁਰਦੁਆਰਾ ਨਥਾਣਾ ਸਾਹਿਬ ਵਿਖੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੰਤ੍ਰਿੰਗ ਕਮੇਟੀ ਮੈਂਬਰ (ਸ਼੍ਰੋਮਣੀ ਕਮੇਟੀ) ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਲੜੂ ਦੀ ਅਗਵਾਈ ਵਿਚ ਉਲੀਕੇ ਗਏ ਸਮਾਗਮ ਦੌਰਾਨ ਕਵੀਸ਼ਰੀ ਅਤੇ ਕਥਾ ਪ੍ਰਵਾਹ ਵੀ ਚਲਾਇਆ ਗਿਆ। ਭਾਰਤ ਪਾਕਿ ਦੌਰਾਨ ਤਣਾਅ ਦੇ ਤਹਿਤ ਮਾਨਵਤਾ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਮੇਤ ਹੋਰ ਸਖਸੀਅਤਾਂ ਨੂੰ ਗੁਰਦਵਾਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਮੈਨੇਜਰ ਭਾਗ ਸਿੰਘ ਚੌਹਾਨ ਨੇ ਸਿਰੋਪਾਓ ਭੇਟ ਕੀਤੇ। ਜਸਮੇਰ ਸਿੰਘ ਲਾਲੜੂ ਨੇ ਸੰਗਤ ਨੂੰ ਸ਼ਬਦ ਗੁਰੂ ਨਾਲ ਜੁੜਨ ਦੀ ਅਪੀਲ ਕੀਤੀ। ਗਿਆਨੀ ਪ੍ਰਣਾਮ ਸਿੰਘ ਤੇ ਪ੍ਰਚਾਰਕ ਪਰਵਿੰਦਰ ਸਿੰਘ ਰਿਉਂਦ ਨੇ ਕਥਾ ਪ੍ਰਵਾਹ ਤਹਿਤ ਸੰਗਤ ਨੂੰ ਇਤਿਹਾਸ ਨਾਲ ਜੋੜਿਆ। ਸਟੇਜ ਸੰਚਾਲਨ ਸਿੱਖ ਪ੍ਰਚਾਰਕ ਭਾਈ ਪਰਵਿੰਦਰ ਸਿੰਘ ਬਰਾੜਾ ਨੇ ਨਿਭਾਈ। ਸੁਰਿੰਦਰ ਸਿੰਘ ਘੁਮਾਣਾ ਤੇ ਕੁਲਵਿੰਦਰ ਸਿੰਘ ਸੋਨੂ ਤੇ ਹੋਰ ਵੀ ਮੌਜੂਦ ਸਨ।