ਗੁਰਦੁਆਰਾ ਆਲਮਗੀਰ ਵਿੱਚ ਲੱਗਾ ਖੂਨਦਾਨ ਕੈਂਪ
ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ, ਆਲਮਗੀਰ ਵਿੱਚ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਭਾਈ ਘੱਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਲਗਾਏ 773ਵੇਂ ਖੂਨਦਾਨ ਕੈਂਪ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਨੇ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀਆਂ ਸ਼ਹਾਦਤਾਂ ਇੱਕ ਫਿਰਕੇ, ਧਰਮ ਜਾਂ ਇਕ ਦੇਸ਼ ਦੀ ਖਾਤਰ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੇ ਖਾਤਰ ਹੋਈਆਂ ਸਨ। ਇਸ ਸਮੇਂ ਇਕਬਾਲ ਸਿੰਘ ਗਿੱਲ ਡੀਆਈਜੀ ਅਤੇ ਡਾ. ਇੰਦਰਜੀਤ ਸਿੰਘ ਢੀਂਗਰਾ ਮੈਂਬਰ ਵਰਲਡ ਹੈਲਥ ਔਰਗਨਾਈਜੇਸ਼ਨ ਨੇ ਖੂਨਦਾਨੀਆ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਜਥੇਦਾਰ ਚਰਨ ਸਿੰਘ ਆਲਮਗੀਰ ਅਤੇ ਮੈਨੇਜਰ ਲਖਬੀਰ ਸਿੰਘ ਰੰਧਾਵਾ ਸਮੇਤ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਸੇਵਾਦਾਰ ਗੁਰਮੀਤ ਸਿੰਘ ਬੋਬੀ ਨੇ ਦਸਿਆ ਕਿ ਗੁਰੂ ਨਾਨਕ ਹਸਤਪਾਲ ਦੀ ਟੀਮ ਵੱਲੋਂ ਇਕੱਤਰ ਕੀਤਾ ਗਿਆ 73 ਯੂਨਿਟ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਹੈਡ ਗ੍ਰੰਥੀ ਬਲਵਿੰਦਰ ਸਿੰਘ, ਡਾ. ਬਲਵਿੰਦਰ ਸਿੰਘ ਪਲਾਹਾ, ਗੁਰਦੀਪ ਸਿੰਘ ਰਾਜੂ, ਭੁਪਿੰਦਰ ਸਿੰਘ, ਹਰਦੀਪ ਸਿੰਘ ਮੀਤ, ਜਗਦੀਸ਼ ਸਿੰਘ ਸੰਤ, ਸੁਖਵੰਤ ਸਿੰਘ ਚੋਧਰੀ ਅਤੇ ਰਾਜ ਬਲਵੰਤ ਸਿੰਘ ਵੀ ਹਾਜ਼ਰ ਸਨ।