ਗੁਜਰਾਤ ਤੋਂ ਲਿਆਂਦੀ 80 ਹਜ਼ਾਰ ਲਿਟਰ ਈਥਾਨੌਲ ਜ਼ਬਤ
ਚਰਨਜੀਤ ਭੁੱਲਰ
ਚੰਡੀਗੜ੍ਹ, 30 ਮਈ
ਪੰਜਾਬ ਸਰਕਾਰ ਨੇ ਅੱਜ ਬਠਿੰਡਾ ਵਿੱਚ ਈਥਾਨੌਲ ਦੀ ਵੱਡੀ ਖੇਪ ਜ਼ਬਤ ਕਰਕੇ ਮਜੀਠਾ ਵਰਗੀ ਘਟਨਾ ਨੂੰ ਟਾਲਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪਿਛਲੇ ਦਿਨਾਂ ’ਚ ਮਜੀਠਾ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਜਾਨਾਂ ਚਲੀਆਂ ਗਈਆਂ ਸਨ ਜਿਸ ਮਗਰੋਂ ਸੂਬਾ ਸਰਕਾਰ ਮੁਸਤੈਦ ਹੋ ਗਈ ਸੀ। ਆਬਕਾਰੀ ਮਹਿਕਮੇ ਨੇ ਲੰਘੀ ਰਾਤ ਨੂੰ ਬਠਿੰਡਾ ਵਿੱਚ ਛਾਪਾ ਮਾਰ ਕੇ ਦੋ ਟਰੱਕਾਂ ਵਿੱਚ ਭਰੀ ਕਰੀਬ 80 ਹਜ਼ਾਰ ਲਿਟਰ ਈਥਾਨੌਲ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਹੈ। ਖੇਪ ਲਿਆਉਣ ਵਾਲੇ ਕਈ ਲੋਕ ਗ੍ਰਿਫ਼ਤਾਰ ਵੀ ਕੀਤੇ ਹਨ।
ਛਾਪੇਮਾਰੀ ਦੌਰਾਨ ਸਾਹਮਣੇ ਆਇਆ ਕਿ ਗੁਜਰਾਤ ਤੋਂ ਪੰਜਾਬ ’ਚ ਈਥਾਨੌਲ ਦੀ ਤਸਕਰੀ ਹੋ ਰਹੀ ਸੀ। ਈਥਾਨੌਲ ਨਾਲ ਫੜੇ ਗਏ ਦੋਵੇਂ ਟਰੱਕ ਗੁਜਰਾਤ ਨੰਬਰ ਦੇ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਈਥਾਨੌਲ ਗੁਜਰਾਤ ਤੋਂ ਹੀ ਲਿਆਂਦਾ ਗਿਆ। ਘਟਨਾ ਨਾਲ ਸਬੰਧਤ ਦੋ ਟੋਇਟਾ ਈਟੀਓਸ ਅਤੇ ਇੱਕ ਇਨੋਵਾ ਐੱਸਯੂਵੀ ਕਾਰ ਵੀ ਜ਼ਬਤ ਕੀਤੀ ਗਈ ਹੈ। ਪੁਲੀਸ ਨੇ ਅੱਠ ਵਿਅਕਤੀ ਗ੍ਰਿਫ਼ਤਾਰ ਕਰ ਲਏ ਹਨ ਜਿਨ੍ਹਾਂ ਵਿੱਚ ਚਾਰ ਬਠਿੰਡਾ ਤੋਂ ਹਨ ਜਦਕਿ ਦੋ ਉਤਰ ਪ੍ਰਦੇਸ਼ ਅਤੇ ਦੋ ਨੇਪਾਲ ਤੋਂ ਹਨ। ਇਨ੍ਹਾਂ ਤੋਂ ਪੁਲੀਸ ਪੁੱਛ ਪੜਤਾਲ ਕਰ ਰਹੀ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ: ਹਰਪਾਲ ਚੀਮਾ
ਆਬਕਾਰੀ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਨਾਜਾਇਜ਼ ਸ਼ਰਾਬ ਬਣਾਉਣ ਤੇ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਸਾਰਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਜਲਦੀ ਤੋਂ ਜਲਦੀ ਆਪਣਾ ਕਾਰੋਬਾਰ ਬੰਦ ਕਰ ਦੇਣ। ਉਨ੍ਹਾਂ ਕਿਹਾ ਕਿ ਕੁਝ ਲੋਕ ਪੰਜਾਬ ’ਚੋਂ ਵੀ ਈਐੱਨਏ (ਇੱਕ ਕੈਮੀਕਲ) ਦੀ ਤਸਕਰੀ ਕਰਦੇ ਹਨ ਅਤੇ ਦੂਜੇ ਸੂਬਿਆਂ ਵਿੱਚ ਸ਼ਰਾਬ ਬਣਾਉਂਦੇ ਹਨ। ਕੁਝ ਲੋਕ ਸੈਨੇਟਾਈਜ਼ਰ ਬਣਾਉਣ ਦੇ ਨਾਮ ’ਤੇ ਸ਼ਰਾਬ ਬਣਾਉਂਦੇ ਹਨ। ਬਹੁਤ ਸਾਰੇ ਉਤਪਾਦ ਹਨ ਜਿਨ੍ਹਾਂ ਰਾਹੀਂ ਈਐੱਨਏ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਮਾਮਲੇ ਵਿੱਚ ਦੀਨਾਨਗਰ ਦੀ ਫ਼ੈਕਟਰੀ ਵੀਆਰਵੀ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਤੋਂ ਦੋਵਾਂ ਟਰੱਕਾਂ ਵਿੱਚ ਈਥਾਨੌਲ ਲੋਡ ਕੀਤਾ ਗਿਆ ਸੀ। ਹੁਣ ਜਾਂਚ ਕੀਤੀ ਜਾ ਰਹੀ ਹੈ ਇਹ ਕਿੱਥੇ ਜਾਣਾ ਸੀ ਅਤੇ ਕਿਸ ਮਕਸਦ ਲਈ ਵਰਤਿਆ ਜਾਣਾ ਸੀ। ਉਨ੍ਹਾਂ ਦੱਸਿਆ ਕਿ ਅੱਜ ਜ਼ਬਤ ਕੀਤੀ ਖੇਪ ਤੋਂ ਲਗਭਗ ਪੌਣੇ ਚਾਰ ਲੱਖ ਬੋਤਲਾਂ ਦੇਸੀ ਅਤੇ ਢਾਈ ਲੱਖ ਬੋਤਲਾਂ ਅੰਗਰੇਜ਼ੀ ਸ਼ਰਾਬ ਬਣ ਸਕਦੀ ਸੀ। ਇਸੇ ਤਰ੍ਹਾਂ ਸੈਨੇਟਾਈਜ਼ਰ ਦੀਆਂ 1.10 ਲੱਖ ਬੋਤਲਾਂ ਬਣਾਈਆਂ ਜਾ ਸਕਦੀਆਂ ਸਨ। ਜੇ ਇਸ ਤੋਂ ਸ਼ਰਾਬ ਤਿਆਰ ਹੁੰਦੀ ਤਾਂ ਹਜ਼ਾਰਾਂ ਜਾਨਾਂ ਖ਼ਤਰੇ ਵਿੱਚ ਪੈ ਜਾਣੀਆਂ ਸਨ।