ਗੁਆਂਢੀ ਦੇਸ਼ ਨੇਪਾਲ ਜਿਹੋ ਜਿਹਾ ਮੈਂ ਦੇਖਿਆ
ਕੇ.ਐੱਸ.ਅਮਰ
ਹਿਮਾਚਲ ਪ੍ਰਦੇਸ਼ ਦੀਆਂ ਅਣਗਿਣਤ ਸੈਰਗਾਹਾਂ ਦੀਆਂ ਯਾਦਾਂ ਮੇਰੇ ਜ਼ਿਹਨ ਦਾ ਹਿੱਸਾ ਬਣ ਚੁੱਕੀਆਂ ਹਨ। ਪਿਛਲੀ ਵਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਅਸੀਂ ਗੁਆਂਢੀ ਦੇਸ਼ ਨੇਪਾਲ ਜਾਣ ਦਾ ਪ੍ਰੋਗਰਾਮ ਉਲੀਕਿਆ। ‘ਇੱਕ ਪੰਥ ਦੋ ਕਾਜ’ ਮੁਹਾਵਰੇ ਵਾਂਗ ਸਾਨੂੰ ਲਖਨਊ ਵਿੱਚ ਵਿਆਹ ਦਾ ਸੱਦਾ ਸੀ। ਆਪਣੀ ਭਾਣਜੀ ਦੇ ਘਰ ਵਿਆਹ ਵਿੱਚ ਸ਼ਾਮਲ ਹੋਣ ਲਈ ਮੈਂ ਆਪਣੇ ਅਜ਼ੀਜ਼ ਦੋਸਤ ਨਾਲ ਪਰਿਵਾਰ ਸਮੇਤ ਲਖਨਊ ਪਹੁੰਚਿਆ। ਇੱਥੋਂ ਹੀ ਅਸੀਂ ਅੱਗੇ ਨੇਪਾਲ ਜਾਣ ਦਾ ਪ੍ਰੋਗਰਾਮ ਉਲੀਕਿਆ ਸੀ। ਬੱਚਿਆਂ ਵਿੱਚ ਨੇਪਾਲ ਘੁੰਮਣ ਦਾ ਬਹੁਤ ਉਤਸ਼ਾਹ ਸੀ। ਵਿਆਹ ਦੇ ਸਾਰੇ ਪ੍ਰੋਗਰਾਮ ਮੁਕੰਮਲ ਹੋਣ ਤੋਂ ਬਾਅਦ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਇਨੋਵਾ ਗੱਡੀ ਕਿਰਾਏ ’ਤੇ ਕਰ ਲਈ। ਗੱਡੀ ਦਾ ਡਰਾਈਵਰ ਸਾਡੇ ਜਵਾਈ ਦਾ ਜਾਣਕਾਰ ਸੀ। ਸਾਨੂੰ ਵੀ ਉਸ ’ਤੇ ਪੂਰਾ ਭਰੋਸਾ ਸੀ। ਅਸੀਂ ਲਖਨਊ ਤੋਂ ਗੋਰਖਪੁਰ ਹੁੰਦੇ ਹੋਏ (ਜੋ ਲਗਭਗ ਪੌਣੇ ਤਿੰਨ ਸੌ ਕਿਲੋਮੀਟਰ ਦਾ ਸਫ਼ਰ ਸੀ) ਬਿਹਾਰ ਦੇ ਰਖਸੋਲ ਬਾਰਡਰ ਰਾਹੀਂ ਨੇਪਾਲ ਅੰਦਰ ਦਾਖਲ ਹੋਏ ਸੀ। ਰਖਸੋਲ ਬਾਰਡਰ ਉੱਪਰ ਕਾਗ਼ਜ਼ੀ ਕਾਰਵਾਈ ਅਤੇ ਨੇਪਾਲ ਪਰਮਿਟ ਦਾ ਕੰਮ ਕਰਨ ਉਪਰੰਤ ਨੇਪਾਲੀ ਕਰੰਸੀ ਪ੍ਰਾਪਤ ਕੀਤੀ। ਭਾਰਤੀ 30,000 ਰੁਪਏ ਬਦਲੇ ਸਾਨੂੰ ਨੇਪਾਲ ਦੇ 48,000 ਰੁਪਏ ਪ੍ਰਾਪਤ ਹੋਏ। ਨੇਪਾਲ ਬਾਰਡਰ ਰਾਤ 10 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਅਸੀਂ ਸਾਢੇ ਨੌਂ ਵਜੇ ਬਾਰਡਰ ਪਾਰ ਕਰ ਚੁੱਕੇ ਸੀ। ਨੇਪਾਲ ਵਿੱਚ ਦਾਖਲ ਹੋਣ ਦੀ ਦਿਲਚਸਪੀ ਨੇ ਸਾਡੇ ਸਫ਼ਰ ਦੀ ਸਾਰੀ ਥਕਾਵਟ ਦੂਰ ਕਰ ਦਿੱਤੀ ਸੀ। ਬੱਚੇ ਨੇਪਾਲ ਪੁੱਜਣ ’ਤੇ ਖ਼ੁਸ਼ੀ ’ਚ ਖੀਵੀ ਹੋ ਰਹੇ ਸਨ। ਲਗਭਗ ਦੋ ਘੰਟੇ ਦਾ ਸਫ਼ਰ ਕਰਨ ਉਪਰੰਤ ਨੇਪਾਲ ਦਾ ਪਹਿਲਾ ਸ਼ਹਿਰ ਪਰਵਾਨੀਪੁਰ ਆਇਆ। ਰਾਤ ਦੇ 11.30 ਵੱਜ ਚੁੱਕੇ ਸਨ। ਤਕਰੀਬਨ ਸਾਰਾ ਬਾਜ਼ਾਰ ਤੇ ਹੋਟਲ ਬੰਦ ਹੋ ਚੁੱਕੇ ਸਨ। ਰਾਤ ਕੱਟਣ ਲਈ ਸਾਨੂੰ ਕੋਈ ਵੀ ਹੋਟਲ ਨਾ ਮਿਲਿਆ। ਦੋਵੇਂ ਪਰਿਵਾਰਾਂ ਲਈ ਇਹ ਪਰੇਸ਼ਾਨੀ ਦਾ ਕਾਰਨ ਸੀ ਕਿਉਂਕਿ ਬੱਚੇ ਭੁੱਖ ਨਾਲ ਵਿਲਕ ਰਹੇ ਸਨ। ਕਾਫ਼ੀ ਮੁਸ਼ੱਕਤ ਕਰਨ ਉਪਰੰਤ ਦੋ ਨੇਪਾਲੀ ਔਰਤਾਂ ਦੇ ਛੋਟੇ ਛੋਟੇ ਢਾਬੇ ਵਿਖਾਈ ਦਿੱਤੇ। ਅਸੀਂ ਉਨ੍ਹਾਂ ਦੋਵਾਂ ਕੋਲ ਬਚਿਆ ਥੋੜ੍ਹਾ ਥੋੜ੍ਹਾ ਖਾਣਾ ਲੈ ਕੇ ਰਾਤ ਦਾ ਡੰਗ ਟਪਾ ਲਿਆ।
ਨੇਪਾਲੀ ਢਾਬਿਆਂ ਉੱਪਰ ਜ਼ਿਆਦਾਤਰ ਔਰਤਾਂ ਹੀ ਕੰਮ ਕਰਦੀਆਂ ਹਨ। ਭਾਰਤੀ ਯਾਤਰੀ ਉਨ੍ਹਾਂ ਲਈ ਚੰਗੇ ਗਾਹਕ ਸਾਬਤ ਹੁੰਦੇ ਹਨ। ਨੇਪਾਲ ਦੀ ਕਰੰਸੀ ਭਾਰਤੀ ਰੁਪਏ ਦੇ ਮੁਕਾਬਲੇ ਕਮਜ਼ੋਰ ਹੈ, ਪਰ ਭਾਰਤੀਆਂ ਲਈ ਨੇਪਾਲੀ ਰੁਪਏ ਵੀ ਮਹਿੰਗੇ ਸਾਬਤ ਹੁੰਦੇ ਹਨ। ਸਾਧਾਰਨ ਖਾਣੇ ਦਾ ਬਿਲ 2200 ਰੁਪਏ ਬਣ ਗਿਆ ਸੀ। ਖਾਣਾ ਖਾਣ ਮਗਰੋਂ ਅਸੀਂ ਟੈਕਸੀ ਵਿੱਚ ਬੈਠੇ ਤਾਂ ਰਾਤ ਦੇ ਦੋ ਵੱਜ ਚੁੱਕੇ ਸਨ ਕਿ ਅਚਾਨਕ ਭਾਰੀ ਵਰਖਾ ਸ਼ੁਰੂ ਹੋ ਗਈ। ਨੇਪਾਲ ਵਿੱਚ ਇਹ ਸਾਡੀ ਪਹਿਲੀ ਰਾਤ ਸੀ ਜੋ ਬਿਨਾਂ ਸੌਣ ਤੋਂ ਬੀਤ ਰਹੀ ਸੀ ਅਤੇ ਅਸੀਂ ਟੈਕਸੀ ਵਿੱਚ ਬੈਠ ਕੇ ਦੋ ਘੰਟੇ ਬਤੀਤ ਕੀਤੇ। ਬੱਚੇ ਠੰਢ ਨਾਲ ਪਰੇਸ਼ਾਨ ਹੋ ਰਹੇ ਸਨ। ਅਸੀਂ ਬਿਨਾਂ ਆਰਾਮ ਕੀਤੇ ਹੀ ਸਵੇਰੇ ਚਾਰ ਵਜੇ ਅਗਲੇ ਸਫ਼ਰ ’ਤੇ ਚੱਲਣ ਦਾ ਮਨ ਬਣਾਇਆ ਕਿਉਂਕਿ ਉਸ ਵੇਲੇ ਇਹ ਫ਼ੈਸਲਾ ਲੈਣਾ ਹੀ ਉਚਿਤ ਸੀ। ਨੇਪਾਲ ਵੇਖਣ ਦੀ ਤਾਂਘ ਨੇ ਸਾਨੂੰ ਪਰੇਸ਼ਾਨ ਨਹੀਂ ਹੋਣ ਦਿੱਤਾ ਸੀ। ਅਸੀਂ ਅਗਲੇ ਸਫ਼ਰ ਲਈ ਬਿਲਕੁਲ ਤਰੋਤਾਜ਼ਾ ਮਹਿਸੂਸ ਕਰ ਰਹੇ ਸੀ। ਨੇਪਾਲ ਦੀ ਰਾਜਧਾਨੀ ਕਾਠਮੰਡੂ ਸਾਡੀ ਮੰਜ਼ਿਲ ਦਾ ਸਿਖਰ ਸੀ। ਇਸ ਲਈ ਅਸੀਂ ਸਵੇਰੇ 4 ਵਜੇ ਆਪਣਾ ਸਫ਼ਰ ਸ਼ੁਰੂ ਕੀਤਾ। ਪਿਪਰਾ ਸਮਾਰਾ, ਅਮਲੋਕ ਗੰਜ, ਭੈਂਸੇ ਟਿਊਸਡੀਡ, ਦਿਉਰਾਨੀ, ਨੋਵੀਸ ਅਤੇ ਚੰਦਨਗਿਰੀ ਵਰਗੇ ਛੋਟੇ ਛੋਟੇ ਸ਼ਹਿਰਾਂ ਵਿੱਚੋਂ ਲੰਘਦੇ ਹੋਏ ਅਸੀਂ ਲਗਭਗ ਦੋ ਵਜੇ ਕਾਠਮੰਡੂ ਪਹੁੰਚ ਗਏ।
ਕਾਠਮੰਡੂ ਤੱਕ ਦਾ ਸਫ਼ਰ ਬਹੁਤ ਹੀ ਦਿਲਚਸਪ ਅਤੇ ਰੋਚਿਕ ਸੀ ਜੋ ਨੇਪਾਲੀ ਲੋਕਾਂ ਦੇ ਸੰਘਰਸ਼ ਦੀ ਕਹਾਣੀ ਬਿਆਨ ਕਰਦਾ ਸੀ। ਉਨ੍ਹਾਂ ਦੇ ਖਾਣ ਪੀਣ, ਪਹਿਨਣ ਤੇ ਮਿਹਨਤ ਮੁਸ਼ੱਕਤ ਕਰਨ ਤੋਂ ਉਨ੍ਹਾਂ ਦੀ ਵਿਰਾਸਤ ਅਤੇ ਸੱਭਿਆਚਾਰ ਦੀ ਝਲਕ ਦੇਖੀ ਜਾ ਸਕਦੀ ਹੈ। ਉੱਚੇ-ਉੱਚੇ ਪਹਾੜਾਂ ’ਤੇ ਨਜ਼ਰ ਪੈਂਦਿਆਂ ਹੀ ਖੇਤਾਂ ਵਿਚਲੀਆਂ ਹਰੀਆਂ-ਭਰੀਆਂ ਫ਼ਸਲਾਂ ਅਦਭੁੱਤ ਨਜ਼ਾਰਾ ਪੇਸ਼ ਕਰਦੀਆਂ ਹਨ। ਔਰਤਾਂ ਦਾ ਸੰਘਰਸ਼ ਉਨ੍ਹਾਂ ਦੇ ਕਿਰਦਾਰ ਦੀ ਪਛਾਣ ਹੈ। ਕਾਠਮੰਡੂ ਪਹੁੰਚਦਿਆਂ ਹੀ ਅਸੀਂ ਸਭ ਤੋਂ ਪਹਿਲਾਂ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ। ਹੋਟਲ ਵਿੱਚ ਸਾਨੂੰ ਦੋ ਕਮਰੇ ਮਿਲ ਗਏ। ਹੋਟਲ ਦੇ ਮੈਨੇਜਰ ਨੇ ਸਾਡੇ ਕਹਿਣ ’ਤੇ ਸਾਨੂੰ ਪ੍ਰਦੀਪ ਨਾਂ ਦਾ ਮੁੰਡਾ ਗਾਈਡ ਵਜੋਂ ਦੇ ਦਿੱਤਾ, ਜਿਸ ਦੀ ਨੇਪਾਲੀ 500 ਰੁਪਏ ਰੋਜ਼ਾਨਾ ਦੀ ਫੀਸ ਸੀ। ਨੇਪਾਲ ਘੁੰਮਣ ਦੇ ਸ਼ੌਕੀਨ ਸੈਲਾਨੀਆਂ ਦੀ ਜਾਣਕਾਰੀ ਹਿੱਤ ਇਹ ਦੱਸਣਾ ਜ਼ਰੂਰੀ ਹੈ ਕਿ ਗਾਈਡ ਬਿਨਾਂ ਇੱਥੇ ਘੁੰਮਣ ਦਾ ਆਨੰਦ ਨਹੀਂ ਮਿਲਦਾ। ਕਾਠਮੰਡੂ ਸਾਡੇ ਗੁਆਂਢੀ ਦੇਸ਼ ਨੇਪਾਲ ਦੀ ਰਾਜਧਾਨੀ ਹੈ, ਜਿਸ ਦੇ ਚਾਰੇ ਪਾਸੇ ਮਨਮੋਹਕ ਅਤੇ ਸੁੰਦਰ ਪਹਾੜ ਹਨ। ਬਰਫ਼ ਨਾਲ ਢੱਕੀਆਂ ਚੋਟੀਆਂ ਦੇ ਪਹਾੜਾਂ ਨਾਲ ਘਿਰੀ ਇਹ ਵਾਦੀ ਜਾਦੂਈ ਨਜ਼ਾਰਾ ਪੇਸ਼ ਕਰਦੀ ਹੈ। ਇਹ ਸ਼ਹਿਰ ਲਗਭਗ 1800 ਸਾਲ ਪੁਰਾਣਾ ਹੈ। ਇਸ ਦਾ ਪਹਿਲਾ ਨਾਂ ਕਾਂਤੀਪੁਰ ਸੀ, ਜਿਸ ਦਾ ਨਾਂ ਕਾਠਮੰਡੂ 16ਵੀਂ ਸਦੀ ਵਿੱਚ ਗੋਰਖ ਨਾਥ ਦੇ ਪ੍ਰਸਿੱਧ ਲੱਕੜੀ ਦੇ ਮੰਦਰ ਕਾਰਨ ਪਿਆ। ਇਸ ਨੂੰ ਕਾਠ ਮੰਦਰ ਵੀ ਕਿਹਾ ਜਾਂਦਾ ਹੈ। ਇਸ ਮੰਦਰ ਦੀ ਪ੍ਰਸਿੱਧੀ ਕਾਰਨ ਹੀ ਕਾਂਤੀਪੁਰ ਨੂੰ ਕਾਠਮੰਡੂ ਕਿਹਾ ਜਾਣ ਲੱਗਾ। ਕਾਠਮੰਡੂ ਸਮੁੰਦਰੀ ਤਲ ਤੋਂ 4500 ਫੁੱਟ ਦੀ ਉਚਾਈ ’ਤੇ ਸਥਿਤ ਹੈ। ਇੱਥੇ ਪਹੁੰਚਣ ਲਈ ਬਿਹਾਰ ਦਾ ਰਖਸੋਲ ਬਾਰਡਰ ਜਾਂ ਯੂਪੀ ਦਾ ਸੋਨਾਲੀ ਬਾਰਡਰ ਪਾਰ ਕਰਨਾ ਪੈਂਦਾ ਹੈ। ਹਵਾਈ ਜਹਾਜ਼ ਰਾਹੀਂ ਵੀ ਕਾਠਮੰਡੂ ਪਹੁੰਚਿਆ ਜਾ ਸਕਦਾ ਹੈ। ਸਫ਼ਾਈ ਦੇ ਪੱਖ ਤੋਂ ਇਹ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਸ਼ਹਿਰ ਦੀਆਂ ਸੜਕਾਂ ਸਾਫ਼ ਸੁਥਰੀਆਂ ਹਨ। ਸੜਕਾਂ ਉੱਪਰ ਥੁੱਕਣਾ ਮਨ੍ਹਾਂ ਹੈ ਅਤੇ ਗੱਡੀਆਂ ਮੋਟਰਾਂ ਦੇ ਹਾਰਨ ਮਾਰਨਾ ਵੀ ਵਰਜਿਤ ਹੈ। ਸ਼ਹਿਰ ਵਿੱਚ ਅਣਗਿਣਤ ਮੰਦਰ ਹਨ। ਵਿਸ਼ਵ ਪ੍ਰਸਿੱਧ ਮੰਦਰ ਪਸ਼ੂਪਤੀਨਾਥ, ਸਵੈਂਭੂਨਾਥ ਅਤੇ ਸੰਘਾ ਬਨਿਆਂਗ ਭਗਤਪੁਰ ਇਸ ਸ਼ਹਿਰ ਦੀ ਧਰੋਹਰ ਹਨ, ਜਿਨ੍ਹਾਂ ਨੂੰ ਆਲਮੀ ਵਿਰਾਸਤ ਦਾ ਦਰਜਾ ਪ੍ਰਾਪਤ ਹੈ। ਸਫ਼ਰ ਦੀ ਥਕਾਵਟ ਦੂਰ ਕਰਨ ਲਈ ਇੱਕ ਦਿਨ ਆਰਾਮ ਕਰਨ ਦਾ ਫ਼ੈਸਲਾ ਕੀਤਾ। ਅਗਲੇ ਦਿਨ ਘੁੰਮਣ ਦੀ ਰੂਪ ਰੇਖਾ ਉਲੀਕਣ ਉਪਰੰਤ ਅਸੀਂ ਆਪੋ ਆਪਣੇ ਕਮਰਿਆਂ ਵਿੱਚ ਸੌਣ ਲਈ ਚਲੇ ਗਏ।
ਅਗਲੇ ਦਿਨ ਦੀ ਸਵੇਰ ਬਹੁਤ ਹੀ ਖ਼ੂਬਸੂਰਤ ਸੀ। ਇਹ ਸਾਰਾ ਦਿਨ ਸਿਰਫ਼ ਕਾਠਮੰਡੂ ਵੇਖਣ ਲਈ ਹੀ ਰਾਖਵਾਂ ਰੱਖਿਆ ਸੀ। ਅਸੀਂ ਸਭ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਪ੍ਰਾਚੀਨ ਪਸ਼ੂਪਤੀਨਾਥ ਮੰਦਰ ਵੇਖਣ ਦਾ ਮਨ ਬਣਾਇਆ। ਹਿੰਦੂ ਧਰਮ ਨਾਲ ਸੰਬੰਧਿਤ ਇਹ ਵਿਸ਼ਵ ਪ੍ਰਸਿੱਧ ਮੰਦਰ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਚਾਰ ਕਿਲੋਮੀਟਰ ਦੀ ਦੂਰੀ ਉੱਤੇ ਪੂਰਬ ਦਿਸ਼ਾ ਵਿੱਚ ਬਾਗਮਤੀ ਨਦੀ ਕਿਨਾਰੇ ਬਣਿਆ ਹੋਇਆ ਹੈ। ਵਿਸ਼ਵ ਭਰ ਦੇ ਸੈਲਾਨੀਆਂ ਲਈ ਇਹ ਮੰਦਰ ਵਿਸ਼ੇਸ਼ ਆਕਰਸ਼ਣ ਰੱਖਦਾ ਹੈ। ਪਸ਼ੂਪਤੀਨਾਥ ਮੰਦਰ ਦੇ ਦਰਸ਼ਨ ਕਰਨ ਉਪਰੰਤ ਸਾਡਾ ਅਗਲਾ ਪੜਾਅ ਸੰਸਾਰ ਪ੍ਰਸਿੱਧ ਬੋਧੀ ਮੰਦਰ ਸਵੈਂਭੂਨਾਥ ਨਾਥ ਸਤੂਪ ਸੀ। ਇਹ ਕਾਠਮੰਡੂ ਵਿੱਚ ਹੀ ਸਥਿਤ ਹੈ। ਸਵੈਂਭੂਨਾਥ ਦਾ ਇਹ ਸ਼ਾਨਦਾਰ ਮੰਦਰ ਇੱਕ ਪਹਾੜੀ ਦੀ ਚੋਟੀ ਉੱਤੇ ਸਮੁੰਦਰੀ ਤਲ ਤੋਂ 4500 ਫੁੱਟ ਦੀ ਉਚਾਈ ’ਤੇ ਬਣਿਆ ਹੋਇਆ ਹੈ। ਸਾਡਾ ਅਗਲਾ ਪੜਾਅ ਭਗਤਪੁਰ ਸਥਿਤ ਭਗਵਾਨ ਸ਼ਿਵ ਜੀ ਦਾ ਪ੍ਰਸਿੱਧ ਮੰਦਰ ਸੰਘਾ ਬਨਿਆਂਗ ਸੀ ਜੋ ਪਹਾੜ ਦੇ ਸਿਖਰ ਉਪਰ ਬਣਿਆ ਹੋਇਆ ਹੈ। ਇਸ ਸਥਾਨ ਦੇ ਸਫ਼ਰ ਦੌਰਾਨ ਬਹੁਤ ਖ਼ੂਬਸੂਰਤ ਨਜ਼ਾਰੇ ਵੇਖਣ ਨੂੰ ਮਿਲਦੇ ਹਨ।
ਕਾਠਮੰਡੂ ਘੁੰਮਣ ਦਾ ਸਾਡਾ ਆਖ਼ਰੀ ਦਿਨ ਸੀ ਕਿਉਂਕਿ ਅਗਲੇ ਦਿਨ ਅਸੀਂ ਨੇਪਾਲ ਦੇ ਵਿਸ਼ਵ ਪ੍ਰਸਿੱਧ ਸੈਲਾਨੀ ਸ਼ਹਿਰ ਪੋਖਰਾ ਜਾਣਾ ਸੀ ਜੋ ਕਾਠਮੰਡੂ ਤੋਂ ਲਗਭਗ 200 ਕਿਲੋਮੀਟਰ ਦੀ ਦੂਰੀ ’ਤੇ ਸੀ। ਹਨੇਰਾ ਹੋਣ ’ਤੇ ਅਸੀਂ ਆਪਣੇ ਹੋਟਲ ਵਿੱਚ ਵਾਪਸ ਆ ਗਏ।
ਅਗਲੀ ਸਵੇਰ ਤਕਰੀਬਨ ਸਵੇਰੇ 7 ਵਜੇ ਅਸੀਂ ਨੇਪਾਲ ਦੇ ਖ਼ੂਬਸੂਰਤ ਸ਼ਹਿਰ ਪੋਖਰਾ ਨੂੰ ਤੁਰ ਪਏ। ਲਗਭਗ 200 ਕਿਲੋਮੀਟਰ ਦਾ ਪਹਾੜੀ ਸਫ਼ਰ ਤੈਅ ਕਰਨ ਉਪਰੰਤ 11 ਵਜੇ ਉੱਥੇ ਪਹੁੰਚ ਗਏ। ਸ਼ਹਿਰ ਵਿੱਚ ਪਹੁੰਚਦਿਆਂ ਹੀ ਇੱਕ ਵਿਸ਼ਾਲ ਝੀਲ ਅਤੇ ਖ਼ੂਬਸੂਰਤ ਪਹਾੜੀ ਦ੍ਰਿਸ਼ ਵੇਖ ਕੇ ਅਸੀਂ ਬਾਗੋ-ਬਾਗ ਹੋ ਗਏ। ਗੱਡੀ ਵਿੱਚੋਂ ਉਤਰਦਿਆਂ ਹੀ ਪੋਖਰਾ ਦੀ ਖ਼ੂਬਸੂਰਤ ਧਰਤੀ ’ਤੇ ਜ਼ੋਰਦਾਰ ਮੀਂਹ ਨੇ ਸਾਡਾ ਸਵਾਗਤ ਕੀਤਾ। ਮੀਂਹ ਤੋਂ ਬਚਣ ਲਈ ਅਸੀਂ ਇੱਕ ਢਾਬੇ ’ਤੇ ਸ਼ਰਨ ਲਈ। ਇੱਥੇ ਹੀ ਚਾਹ ਨਾਲ ਬਰੈੱਡ ਖਾ ਕੇ ਹਲਕੇ ਲੰਚ ਦਾ ਪ੍ਰਬੰਧ ਕੀਤਾ। ਇੱਥੇ ਸਾਨੂੰ ਪੰਜਾਬ ਦੀ ਸਰਦੀ ਵਰਗਾ ਅਹਿਸਾਸ ਹੋ ਰਿਹਾ ਸੀ। ਪੋਖਰਾ ਨੂੰ ਦੁਨੀਆ ਦੀ ਪ੍ਰਸਿੱਧ ਸੈਰਗਾਹ ਵਜੋਂ ਜਾਣਿਆ ਜਾਂਦਾ ਹੈ। ਪਹਾੜਾਂ ਵਿੱਚ ਘਿਰੀਆਂ ਝੀਲਾਂ ਦੀ ਇਹ ਅਨੋਖੀ ਧਰਤੀ ਵੇਖਣ ਵਾਲੇ ਦਾ ਮਨ ਮੋਹ ਲੈਂਦੀ ਹੈ। ਪਹਿਲੀ ਵਾਰ ਪੋਖਰਾ ਵਾਦੀ ਦਾ ਦ੍ਰਿਸ਼ ਵੇਖਣ ਤੋਂ ਬਾਅਦ ਇੰਜ ਲੱਗਦਾ ਹੈ ਜਿਵੇਂ ਕਸ਼ਮੀਰ ਵਾਦੀ ਦੀ ਡਲ ਝੀਲ ਦਾ ਨਜ਼ਾਰਾ ਦੇਖ ਰਹੇ ਹਾਂ। ਵਿਸ਼ਾਲ ਉੱਚੇ ਪਹਾੜਾਂ ਵਿੱਚ ਘਿਰੀ ਝੀਲ ਵਿੱਚ ਸੈਰ ਕਰਦਿਆਂ ਮਾਊਂਟ ਐਵਰੈਸਟ ਦੀਆਂ ਬਰਫ਼ਾਨੀ ਚੋਟੀਆਂ ਦਾ ਨਜ਼ਾਰਾ ਵੇਖਿਆ ਜਾ ਸਕਦਾ ਹੈ। ਹਿਮਾਲਿਆ ਪਰਬਤ ਦੀ ਪ੍ਰਸਿੱਧ ਚੋਟੀ ਮਾਊਂਟ ਐਵਰੈਸਟ ਇਸੇ ਖੇਤਰ ਵਿੱਚ ਸਥਿਤ ਹੈ। ਅਤਿ ਦੀ ਗਰਮੀ ਵਿੱਚ ਵੀ ਇੱਥੇ ਸਰਦੀ ਦਾ ਅਹਿਸਾਸ ਹੁੰਦਾ ਹੈ। ਸਵੇਰ ਵੇਲੇ ਸੂਰਜ ਦੀਆਂ ਉੱਗ ਰਹੀਆਂ ਸੁਨਹਿਰੀ ਕਿਰਨਾਂ ਵਿੱਚ ਪੋਖਰਾ ਝੀਲ ਤੇ ਮਾਊਂਟ ਐਵਰੈਸਟ ਦੀਆਂ ਲਾਸਾਨੀ ਚੋਟੀਆਂ ਦਾ ਅਲੌਕਿਕ ਦ੍ਰਿਸ਼ ਦਿਲ ਨੂੰ ਛੂਹ ਜਾਂਦਾ ਹੈ। ਹਰ ਸੈਲਾਨੀ ਚਾਹੁੰਦਾ ਹੈ ਕਿ ਉਹ ਇਸ ਦ੍ਰਿਸ਼ ਨੂੰ ਸਦਾ ਲਈ ਆਪਣੇ ਅੰਦਰ ਵਸਾ ਲਵੇ। ਅਸੀਂ ਲਗਭਗ ਚਾਰ-ਪੰਜ ਘੰਟੇ ਇਸ ਝੀਲ ਦਾ ਆਨੰਦ ਮਾਣਨ ਤੋਂ ਬਾਅਦ ਰਾਤ ਰਹਿਣ ਲਈ ਹੋਟਲ ਦਾ ਪ੍ਰਬੰਧ ਕੀਤਾ। ਦੇਰ ਰਾਤ ਤੱਕ ਇਸ ਝੀਲ ਦੇ ਦ੍ਰਿਸ਼ ਸਾਡੇ ਦਿਮਾਗ਼ ਉੱਪਰ ਛਾਏ ਰਹੇ।
ਅਗਲੇ ਦਿਨ ਸਾਡੀ ਵਾਪਸੀ ਸੀ ਕਿਉਂਕਿ ਰਖਸੌਲ ਬਾਰਡਰ ਤੋਂ ਮਿਲੇ ਪਰਮਿਟ ਅਨੁਸਾਰ ਅਸੀਂ 17 ਜੂਨ ਰਾਤ 12 ਵਜੇ ਤੱਕ ਹਰ ਹਾਲਤ ਵਿੱਚ ਬਾਰਡਰ ’ਤੇ ਪਹੁੰਚਣਾ ਸੀ। ਵਾਪਸੀ ਵੇਲੇ ਅਸੀਂ ਸੋਨਾਲੀ ਬਾਰਡਰ ਦਾ ਰਸਤਾ ਚੁਣਿਆ। ਯੂ ਪੀ ਦਾ ਸੋਨਾਲੀ ਬਾਰਡਰ ਪੋਖਰਾ ਤੋਂ 173 ਕਿਲੋਮੀਟਰ ਦੀ ਦੂਰੀ ’ਤੇ ਹੈ। ਰਾਤ ਨੂੰ ਦੇਰ ਨਾਲ ਸੌਣ ਕਾਰਨ ਬੱਚੇ ਲੇਟ ਉੱਠੇ ਸਨ। ਹੋਟਲ ਵਿੱਚ ਦੁਪਹਿਰ ਦਾ ਖਾਣਾ ਖਾਣ ਉਪਰੰਤ 3 ਵਜੇ ਵਾਪਸੀ ਦਾ ਸਫ਼ਰ ਆਰੰਭ ਕੀਤਾ। ਵਾਪਸੀ ਦਾ ਰਸਤਾ ਜੰਗਲੀ ਤੇ ਪਹਾੜੀ ਸੀ। ਇਹ ਸਾਰਾ ਰਸਤਾ ਜੋਖ਼ਮ ਭਰਿਆ ਸੀ। ਜੰਗਲ ਤੇ ਪਰਬਤ ਸਾਡੇ ਸਫ਼ਰ ਦੇ ਹਾਣੀ ਸਨ। ਕਈ ਜੰਗਲੀ ਘਾਟੀਆਂ ਨੂੰ ਪਾਰ ਕਰਦੇ ਹੋਏ ਅਸੀਂ ਆਪਣੇ ਸਫ਼ਰ ਦੇ ਇੱਕ ਪੜਾਅ ਵੱਲ ਵਧ ਰਹੇ ਸੀ। ਅਚਾਨਕ ਦੋ ਤਿੰਨ ਨੇਪਾਲੀ ਮੁੰਡੇ ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਸਾਡਾ ਪਿੱਛਾ ਕਰਨ ਲੱਗ ਪਏ। ਡਰਾਈਵਰ ਨੇ ਸਾਨੂੰ ਦੱਸਿਆ ਕਿ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਇਹ ਮੁੰਡੇ ਗੱਡੀਆਂ ਰੋਕ ਕੇ ਸਵਾਰੀਆਂ ਨੂੰ ਲੁੱਟ ਲੈਂਦੇ ਹਨ। ਡਰਾਈਵਰ ਦੀ ਗੱਲ ਸੁਣ ਕੇ ਅਸੀਂ ਡਰ ਗਏ ਅਤੇ ਅਸੀਂ ਉਸ ਨੂੰ ਗੱਡੀ ਤੇਜ਼ ਭਜਾਉਣ ਦੀ ਨਸੀਹਤ ਕੀਤੀ। ਹੌਲੀ ਹੌਲੀ ਇਨ੍ਹਾਂ ਮੁੰਡਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ। ਬੇਗਾਨੇ ਦੇਸ਼ ਵਿੱਚ ਅਜਿਹੀ ਘਟਨਾ ਸਾਡੇ ਲਈ ਮੁਸੀਬਤ ਬਣ ਸਕਦੀ ਸੀ। ਅਸੀਂ ਪਲ ਪਲ ਪਰੇਸ਼ਾਨ ਹੋ ਰਹੇ ਸੀ। ਆਖ਼ਰ ਉਨ੍ਹਾਂ ਮੋਟਰਸਾਈਕਲ ਸਵਾਰ ਮੁੰਡਿਆਂ ਨੇ ਸਾਡੀ ਗੱਡੀ ਰੋਕ ਲਈ। ਬੱਚੇ ਡਰ ਕੇ ਸਹਿਮ ਗਏ। ਉਹ ਮੁੰਡੇ ਸਾਡੇ ਡਰਾਈਵਰ ਨਾਲ ਉਲਝ ਰਹੇ ਸਨ ਕਿ ਉਸ ਨੇ ਓਵਰਟੇਕ ਕਿਉਂ ਕੀਤਾ ਸੀ। ਮੈਂ ਤੇ ਮੇਰਾ ਮਿੱਤਰ ਗੱਡੀ ਵਿੱਚੋਂ ਬਾਹਰ ਆ ਗਏ। ਅਸੀਂ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਅਤੇ ਡਰਾਈਵਰ ਨੂੰ ਆਪਣੀ ਗਲਤੀ ਮੰਨ ਲੈਣ ਲਈ ਕਿਹਾ। ਨੇੜੇ ਹੀ ਇੱਕ ਢਾਬੇ ਵਾਲੇ ਨੇ ਸਾਡਾ ਸਾਥ ਦਿੱਤਾ। ਢਾਬੇ ’ਤੇ ਖਾਣਾ ਖਾ ਰਹੇ ਕੁਝ ਵਿਦੇਸ਼ੀ ਸੈਲਾਨੀ ਵੀ ਸਾਡੇ ਕੋਲ ਆ ਗਏ ਸਨ। ਹੁਣ ਖ਼ਤਰਾ ਟਲ ਗਿਆ ਸੀ ਤੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਸੀ। ਅਸੀਂ ਸ਼ਾਮ ਨੂੰ ਤਕਰੀਬਨ ਨੌ ਵਜੇ ਸੋਨਾਲੀ ਬਾਰਡਰ ਪਹੁੰਚ ਗਏ। ਆਪਣੇ ਦੇਸ਼ ਪਰਤਣ ਦਾ ਅਹਿਸਾਸ ਲੈ ਕੇ ਅਤੇ ਨੇਪਾਲ ਦੀਆਂ ਅਭੁੱਲ ਯਾਦਾਂ ਸਮੇਟਦਿਆਂ ਅਸੀਂ ਆਪਣੀ ਧਰਤੀ ’ਤੇ ਪੈਰ ਰੱਖਿਆ। ਸਾਡੇ ਕੋਲ ਬਚੀ ਨੇਪਾਲੀ ਕਰੰਸੀ ਨੂੰ ਵਾਪਸੀ ਵੇਲੇ ਫਿਰ ਭਾਰਤੀ ਰੁਪਏ ਵਿੱਚ ਬਦਲ ਲਿਆ ਸੀ। ਇਸ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕਰਨਾ ਪਿਆ। ਇੱਕ ਭਾਰਤੀ ਮੈਡੀਕਲ ਸਟੋਰ ਦੇ ਮਾਲਕ ਨੇ ਸਾਨੂੰ ਕਰੰਸੀ ਬਦਲ ਕੇ ਦੇ ਦਿੱਤੀ ਸੀ। ਸੋਨਾਲੀ ਬਾਰਡਰ ਉੱਤੇ ਮੇਲੇ ਵਰਗਾ ਮਾਹੌਲ ਸੀ। ਬਾਰਡਰ ਸਕਿਉਰਟੀ ਫੋਰਸ ਨੇਪਾਲ ਤੋਂ ਵਾਪਸ ਆ ਰਹੇ ਸੈਲਾਨੀਆਂ ਦੀ ਪੂਰੀ ਪੁੱਛਗਿੱਛ ਕਰ ਰਹੀ ਸੀ। ਇੱਥੋਂ ਤੱਕ ਕਿ ਛੋਟੇ ਛੋਟੇ ਬੱਚਿਆਂ ਕੋਲੋਂ ਇਹ ਸਵਾਲ ਪੁੱਛੇ ਜਾ ਰਹੇ ਸਨ ਕਿ ਗੱਡੀ ਵਿੱਚ ਬੈਠੇ ਮੈਂਬਰਾਂ ਨਾਲ ਤੁਹਾਡਾ ਕੀ ਰਿਸ਼ਤਾ ਹੈ। ਸ਼ਾਇਦ ਇਹ ਜ਼ਰੂਰੀ ਵੀ ਸੀ ਕਿਉਂਕਿ ਨੇਪਾਲ ਦੀ ਗ਼ਰੀਬੀ ਤੇ ਕਰੰਸੀ ਦੀ ਕੀਮਤ ਘੱਟ ਹੋਣ ਕਾਰਨ ਬਹੁਤ ਸਾਰੇ ਨੇਪਾਲੀ ਭਾਰਤ ਵਿੱਚ ਆ ਕੇ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ।
ਸਾਡਾ ਅਗਲਾ ਪੜਾਅ ਲਖਨਊ ਸੀ। ਹੋਟਲ ਵਿੱਚ ਰਾਤ ਦਾ ਖਾਣਾ ਖਾਣ ਮਗਰੋਂ ਅਸੀਂ ਆਪਣਾ ਸਫ਼ਰ ਜਾਰੀ ਰੱਖਿਆ। ਸੋਨਾਲੀ ਬਾਰਡਰ ਤੋਂ ਲਗਭਗ 400 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਉਪਰੰਤ ਅਸੀਂ ਆਖ਼ਰ 18 ਜੂਨ ਨੂੰ ਸਵੇਰੇ 4 ਵਜੇ ਲਖਨਊ ਪਹੁੰਚ ਗਏ। ਲੰਮਾ ਸਫ਼ਰ ਤੈਅ ਕਰਨ ਉਪਰੰਤ ਵੀ ਸਾਰੇ ਪਰਿਵਾਰ ਦੇ ਮੈਂਬਰ ਤਰੋਤਾਜ਼ਾ ਸਨ। ਇੱਕ ਦਿਨ ਲਖਨਊ ਰੁਕਣ ਤੋਂ ਬਾਅਦ ਘਰ ਲਈ ਵਾਪਸੀ ਕੀਤੀ। ਅੰਮ੍ਰਿਤਸਰ ਮੇਲ ਦੀਆਂ ਸੀਟਾਂ ਪਹਿਲਾਂ ਹੀ ਬੁੱਕ ਕਰਵਾਈਆਂ ਹੋਈਆਂ ਸਨ।
ਸੰਪਰਕ: 94653-69343