ਗੀਤਕਾਰ ਭੱਟੀ ਭੜੀਵਾਲਾ ਇੰਡਿਕ ਆਰਟਸ ਵੈੱਲਫੇਅਰ ਕੌਂਸਲ ਦੇ ਕੌਮੀ ਸਲਾਹਕਾਰ ਨਿਯੁਕਤ
ਪਾਇਲ (ਦੇਵਿੰਦਰ ਸਿੰਘ ਜੱਗੀ): ਦੇਸ਼ ਦੀ ਪ੍ਰਮੁੱਖ ਕਲਾ ਭਲਾਈ ਸੰਸਥਾ ਇੰਡਿਕ ਆਰਟਸ ਵੈੱਲਫੇਅਰ ਕੌਂਸਲ ਵੱਲੋਂ ਅਹਿਮ ਨਿਯੁਕਤੀਆਂ ਦਾ ਐਲਾਨ ਕਰਦਿਆਂ ਪ੍ਰਸਿੱਧ ਗੀਤਕਾਰ, ਪੇਸ਼ਕਾਰ ਨਿਰਦੇਸ਼ਕ ਤੇ ਨਿਰਮਾਤਾ ਜਸਵਿੰਦਰ ਸਿੰਘ ਭੱਟੀ ਉਰਫ਼ ਭੱਟੀ ਭੜੀ ਵਾਲਾ ਨੂੰ ਸੰਸਥਾ ਦਾ ਮੁੱਖ ਕੌਮੀ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਭੱਟੀ ਭੜੀ ਵਾਲਾ ਦੀ ਅਗਵਾਈ ਹੇਠ ਸਾਹਿਤ ਤੇ ਭਾਸ਼ਾ ਸੈਲ, ਕਲਾ ਅਤੇ ਸੱਭਿਆਚਾਰ ਸੈੱਲ ਦਾ ਗਠਨ ਕੀਤਾ ਜਾਵੇਗਾ। ਭੱਟੀ ਭੜੀ ਵਾਲਾ ਕੌਂਸਲ ਦੀ ਕਲਾ ਜੀਵਨ ਯੋਜਨਾ ’ਚ ਵੀ ਅਪਣਾ ਅਹਿਮ ਭੂਮਿਕਾ ਨਿਭਾਉਣਗੇ। ਦੱਸਣਯੋਗ ਹੈ ਕਿ ਭੱਟੀ ਭੜੀ ਵਾਲਾ ਨੇ ਆਪਣੇ ਅਨੇਕਾਂ ਗੀਤਾਂ ਰਾਹੀਂ ਸੰਗੀਤ ਜਗਤ ਵਿੱਚ ਖਾਸ ਪਛਾਣ ਬਣਾਈ ਹੈ। ਭੱਟੀ ਭੜੀਵਾਲਾ ਨੇ 1000 ਤੋਂ ਵੱਧ ਗੀਤ ਲਿਖੇ ਹਨ ਜਿਨ੍ਹਾਂ ਨੂੰ 119 ਉੱਘੇ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਇੰਡਿਕ ਆਰਟਸ ਵੈਲਫੇਅਰ ਕੌਂਸਲ ਦੇ ਚੇਅਰਮੈਨ ਪ੍ਰੋ. ਭੋਲਾ ਯਮਲਾ ਨੇ ਜਸਵਿੰਦਰ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ (ਭੱਟੀ ਭੜੀ ਵਾਲਾ) ਵਰਗੇ ਤਜਰਬੇਕਾਰ ਵਿਅਕਤੀ ਦਾ ਸੰਸਥਾ ਨਾਲ ਜੁੜਣਾ ਸਨਮਾਨ ਦੀ ਗੱਲ ਹੈ।