ਗਿਲਜ਼ੀਆਂ ਤੇ ਧਰਮਸੋਤ ਦੇ ਘਰਾਂ ਸਮੇਤ ਈਡੀ ਵੱਲੋਂ 15 ਟਿਕਾਣਿਆਂ ’ਤੇ ਛਾਪੇ
ਪਾਲ ਸਿੰਘ ਨੌਲੀ/ਰਾਮ ਸਰਨ ਸੂਦ
ਜਲੰਧਰ/ਅਮਲੋਹ, 30 ਨਵੰਬਰ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਕਾਂਗਰਸ ਦੇ ਦੋ ਸਾਬਕਾ ਮੰਤਰੀਆਂ ਸੰਗਤ ਸਿੰਘ ਗਿਲਜ਼ੀਆਂ ਅਤੇ ਸਾਧੂ ਸਿੰਘ ਧਰਮਸੋਤ ਨਾਲ ਜੁੜੇ ਜੰਗਲਾਤ ਘੁਟਾਲੇ ਦੇ ਸਬੰਧ ਵਿੱਚ ਲਗਭਗ 15 ਥਾਵਾਂ ’ਤੇ ਛਾਪੇ ਮਾਰੇ। ਦੋਵੇਂ ਕਾਂਗਰਸੀ ਆਗੂ ਆਪਣੀ ਪਾਰਟੀ ਦੀ ਸਰਕਾਰ ਸਮੇਂ ਜੰਗਲਾਤ ਮੰਤਰੀ ਰਹੇ ਸਨ। ਜੰਗਲਾਤ ਵਿਭਾਗ ਵਿੱਚ ਹੋਏ ਬਹੁ ਕਰੋੜੀ ਘੁਟਾਲੇ ਬਾਰੇ ਪੰਜਾਬ ਵਿਜੀਲੈਂਸ ਬਿਊਰੋ ਨੇ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਹੈ।
ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਧਰਮਸੋਤ ਦੇ ਅਮਲੋਹ ਅਤੇ ਸੰਗਤ ਸਿੰਘ ਗਿਲਜ਼ੀਆਂ ਦੇ ਹਲਕਾ ਟਾਂਡਾ ਵਿੱਚ ਪੈਂਦੇ ਪਿੰਡ ਗਿਲਜ਼ੀਆਂ ਵਿਚਲੇ ਘਰ ਅਤੇ ਉਨ੍ਹਾਂ ਦੇ ਸਾਬਕਾ ਓਐੱਸਡੀਜ਼, ਜੰਗਲਾਤ ਵਿਭਾਗ ਦੇ ਕੁਝ ਅਧਿਕਾਰੀਆਂ, ਠੇਕੇਦਾਰਾਂ ਅਤੇ ਹੋਰਾਂ ਦੇ ਘਰਾਂ ’ਤੇ ਛਾਪੇ ਮਾਰੇ ਗਏ।
ਈਡੀ ਨੇ ਲੁਧਿਆਣਾ, ਬਠਿੰਡਾ, ਮੁਹਾਲੀ, ਚੰਡੀਗੜ੍ਹ, ਹਿਸਾਰ ਅਤੇ ਨਵੀਂ ਦਿੱਲੀ ’ਚ ਵੀ ਛਾਪੇ ਮਾਰੇ ਹਨ। ਈਡੀ ਨੇ ਜਦੋਂ ਛਾਪਾ ਮਾਰਿਆ ਤਾਂ ਸੰਗਤ ਸਿੰਘ ਗਿਲਜ਼ੀਆਂ ਆਪਣੇ ਘਰ ’ਚ ਹੀ ਸਨ ਜੋ ਹੁਣੇ ਜਿਹੇ ਅਮਰੀਕਾ ਤੋਂ ਪਰਤੇ ਹਨ ਜਦਕਿ ਸਾਧੂ ਸਿੰਘ ਧਰਮਸੋਤ ਕਿਤੇ ਵੀ ਨਹੀਂ ਮਿਲੇ। ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਕੇਸ ਦੇ ਆਧਾਰ ’ਤੇ ਹੀ ਈਡੀ ਨੇ ਲਗਭਗ ਛੇ ਮਹੀਨੇ ਪਹਿਲਾਂ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਵਿੱਚ ਈਸੀਆਈਆਰ ਦਰਜ ਕੀਤਾ ਸੀ। ਈਡੀ ਨੇ ਇਸੇ ਸਾਲ ਧਰਮਸੋਤ ਨੂੰ ਆਪਣੇ ਜਲੰਧਰ ਵਿਚਲੇ ਦਫ਼ਤਰ ਵਿੱਚ ਸੱਦ ਕੇ ਲੰਮੀ ਪੁੱਛ-ਪੜਤਾਲ ਕੀਤੀ ਸੀ। ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸਮੇਤ 10 ਨੂੰ ਜੁਲਾਈ ਵਿੱਚ ਈਡੀ ਦਫ਼ਤਰ ਵਿਚ ਤਲਬ ਕੀਤਾ ਗਿਆ ਸੀ।
ਈਡੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਹੱਥ ਕਈ ਦਸਤਾਵੇਜ਼ ਲੱਗੇ ਹਨ। ਇਸ ਮਾਮਲੇ ਦੇ ਮੁੱਖ ਮੁਲਜ਼ਮ ਦੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਗਏ ਹਨ।
ਇਸ ਤੋਂ ਪਹਿਲਾਂ ਜੰਗਲਾਤ ਵਿਭਾਗ ਦੇ ਇੱਕ ਠੇਕੇਦਾਰ ਦੀ ਡਾਇਰੀ ਵਿਜੀਲੈਂਸ ਦੇ ਹੱਥ ਲੱਗੀ ਸੀ ਕਿਉਂਕਿ ਇਸ ਵਿੱਚ ਖੈਰ ਦੇ ਰੁੱਖਾਂ ਦੀ ਕਟਾਈ ਲਈ ਸਿਆਸਤਦਾਨਾਂ ਅਤੇ ਜੰਗਲਾਤ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਰਿਸ਼ਵਤ ਦੇ ਵੇਰਵੇ ਹੋਣ ਦਾ ਦਾਅਵਾ ਹੈ। ਈਡੀ ਦੀ ਟੀਮ ਦਾ ਇਕ ਮੈਂਬਰ ਧਰਮਸੋਤ ਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਬਾਹਰ ਲਿਆਇਆ ਸੀ ਪਰ ਜਿਵੇਂ ਹੀ ਉਸ ਨੂੰ ਮੀਡੀਆ ਦੀ ਭਿਣਕ ਪਈ ਤਾਂ ਉਹ ਤੁਰੰਤ ਅੰਦਰ ਵਾਪਸ ਚਲੇ ਗਏ। ਉਸ ਨੇ ਪੱਤਰਕਾਰਾਂ ਨੂੰ ਆਪਣੇ ਬਾਰੇ ਜਾਂ ਪੜਤਾਲ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿਤਾ।