ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ’ਚ ਨਿੱਤਰੀਆਂ ਸਿੱਖ ਜਥੇਬੰਦੀਆਂ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 22 ਦਸੰਬਰ
ਇੱਥੋਂ ਦੇ ਭਾਈ ਮਹਾ ਸਿੰਘ ਦੀਵਾਨ ਹਾਲ ਵਿੱਚ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਇਕੱਤਰਤਾ ਕੀਤੀ ਗਈ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਸਿੱਖ ਜਥੇਬੰਦੀਆਂ ਦੇ ਆਗੂ ਪਹੁੰਚੇ। ਸੰਗਤ ਨੂੰ ਸੰਬੋਧਨ ਕਰਦਿਆਂ ਮਨਿੰਦਰ ਸਿੰਘ ਖਾਲਸਾ, ਨਰਿੰਦਰਪਾਲ ਸਿੰਘ ਅਤੇ ਲਸ਼ਕਰ ਸਿੰਘ ਹੋਰਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਰੀਬ 17 ਸਾਲ ਬਤੌਰ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾਵਾਂ ਦਿੱਤੀਆਂ। ਇਸ ਦੌਰਾਨ ਉਹ ਸ੍ਰੀ ਮੁਕਤਸਰ ਸਾਹਿਬ ਦੀ ਸੰਗਤ ’ਚ ਵਿਚਰਦੇ ਰਹੇ। ਉਨ੍ਹਾਂ ’ਤੇ ਜੋ ਆਚਰਣ ਹੀਣਤਾ ਦੇ ਦੋਸ਼ ਲਾਏ ਜਾ ਰਹੇ ਹਨ ਉਹ ਬਿਲਕੁਲ ਬੇਬੁਨਿਆਦ ਹਨ। ਸਿੰਘ ਸਾਹਿਬ ਬਹੁਤ ਹੀ ਵਿਦਵਾਨ, ਸਿੱਖ ਅਸੂਲਾਂ ਦੇ ਧਾਰਨੀ ਅਤੇ ਉੱਚੇ ਸੁੱਚੇ ਆਚਰਣ ਵਾਲੇ ਵਿਅਕਤੀ ਹਨ। ਸੰਗਤ ਉਸ ਵਿਅਕਤੀ ਤੋਂ ਵੀ ਭਲੀ ਭਾਂਤ ਜਾਣੂੰ ਜੋ ਇਹ ਦੋਸ਼ ਲਾ ਰਿਹਾ। ਉਹ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ। ਉਹ ਬਿਲਕੁਲ ਝੂਠ ਬੋਲ ਰਿਹਾ ਹੈ। ਦੋ ਦਸੰਬਰ ਦੇ ਫੈਸਲੇ ਉਪਰੰਤ ਜਾਣ-ਬੁੱਝ ਇਹ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈਤੇ ਸੰਗਤ ਇਸ ਨੂੰ ਪ੍ਰਵਾਨ ਨਹੀਂ ਕਰੇਗੀ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ।