ਗਿਆਨਵਾਨ ਚੂਹੇ ਦਾ ਹਸ਼ਰ
ਰਵਨੀਤ ਕੌਰ
ਚੂਹਾ ਬਹੁਤਾ ਪੜ੍ਹਿਆ-ਲਿਖਿਆ ਨਹੀਂ ਸੀ। ਪਰਿਵਾਰ ਤਾਂ ਫਿਰ ਵੀ ਪਾਲਣਾ ਹੀ ਪੈਣਾ ਸੀ। ਇਸ ਲਈ ਰੁਜ਼ਗਾਰ ਦੀ ਭਾਲ ਵਿੱਚ ਮਾਰਿਆ ਮਾਰਿਆ ਫਿਰਦਾ ਸੀ। ਇੱਕ ਦਿਨ ਉਸ ਨੂੰ ਕਿਸੇ ਨੇ ਦੱਸਿਆ ਕਿ ਫਲਾਣੇ ਦਫ਼ਤਰ ਵਾਲਿਆਂ ਨੇ ਨੌਕਰੀ ਲਈ ਅਰਜ਼ੀਆਂ ਮੰਗੀਆਂ ਹਨ। ਚੂਹੇ ਨੂੰ ਇਹ ਗੱਲ ਹਨੇਰੀ ਗੁਫ਼ਾ ਵਿੱਚ ਰੌਸ਼ਨੀ ਦੀ ਕਿਰਨ ਜਿਹੀ ਜਾਪੀ। ਭੁੱਖਣ ਭਾਣਾ ਹੋਣ ਦੇ ਬਾਵਜੂਦ ਉਹ ਵਧੀਆ ਤਿਆਰ ਹੋਇਆ ਅਤੇ ਉਸ ਦਫ਼ਤਰ ਜਾ ਪਹੁੰਚਿਆ ਜਿੱਥੇ ਆਸਾਮੀਆਂ ਨਿਕਲੀਆਂ ਸਨ। ਜਦੋਂ ਉਸ ਨੇ ਇੱਕ ਕਰਮਚਾਰੀ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ ਤਾਂ ਆਪਣਾ ਹਾਸਾ ਰੋਕ ਕੇ ਕਰਮਚਾਰੀ ਨੇ ਸ਼ਰਾਰਤ ਵੱਸ ਉਸ ਨੂੰ ਦਫ਼ਤਰ ਮੁਖੀ ਕੋਲ ਭੇਜ ਦਿੱਤਾ। ਚੂਹਾ ਇਜਾਜ਼ਤ ਲੈ ਕੇ ਦਫ਼ਤਰ ਮੁਖੀ ਦੇ ਕਮਰੇ ਵਿੱਚ ਗਿਆ ਤਾਂ ਮੁਖੀ ਉਸ ਦੇ ਸਲੀਕੇ ਤੋਂ ਪ੍ਰਭਾਵਿਤ ਹੋਇਆ ਤੇ ਉਸ ਨੂੰ ਕੁਰਸੀ ’ਤੇ ਬੈਠਣ ਲਈ ਕਿਹਾ। ਮੁਖੀ ਨੇ ਚੂਹੇ ਨੂੰ ਪੁੱਛਿਆ, ‘‘ਹਾਂ ਬਈ, ਕਿਵੇਂ ਆਉਣਾ ਹੋਇਆ?’’ ਉਸ ਨੇ ਰੁਜ਼ਗਾਰ ਲਈ ਆਉਣ ਦੀ ਗੱਲ ਆਖੀ। ਇਹ ਸੁਣ ਕੇ ਮੁਖੀ ਵੀ ਮਨ ਹੀ ਮਨ ਹੱਸਿਆ ਤੇ ਸੋਚਣ ਲੱਗਿਆ ਕਿ ਹੁਣ ਇਹ ਇਨਸਾਨਾਂ ਨਾਲ ਕੰਮ ਕਰੇਗਾ! ਫਿਰ ਵੀ ਉਸ ਨੇ ਪੁੱਛਿਆ, ‘‘ਕਿੰਨਾ ਕੁ ਪੜ੍ਹਿਆ ਏਂ?’’ ਚੂਹੇ ਨੇ ਆਜਜ਼ੀ ਜਿਹੀ ਨਾਲ ਕਿਹਾ, ‘‘ਜੀ, ਬਸ ਦਸ ਕੁ ਜਮਾਤਾਂ ਪਾਸ ਹਾਂ?’’ ਮੁਖੀ ਨੇ ਅਗਲੇ ਸਵਾਲ ਵਿੱਚ ਅੰਗਰੇਜ਼ੀ ਦੇ ਅੰਕ ਪੁੱਛੇ। ਇਹ ਸਵਾਲ ਸੁਣ ਕੇ ਕੰਨ ਜਿਹਾ ਖੁਰਕਦਾ ਉਹ ਬੋਲਿਆ, ‘‘ਜੀ, 100 ’ਚੋਂ 40 ਅੰਕ ਸਨ।’’ ਮੁਖੀ ਨੇ ਅਗਲਾ ਸਵਾਲ ਦਾਗਿਆ, ‘‘ਤੇ ਹਿਸਾਬ ’ਚੋਂ?’’ ਚੂਹੇ ਨੂੰ ਸ਼ਬਦ ਆਪਣੇ ਸੰਘ ’ਚ ਅਟਕ ਗਏ ਜਾਪੇ ਤੇ ਮਸਾਂ ਹੀ ਆਖ ਸਕਿਆ, ‘‘ਜੀ, 100 ਵਿੱਚੋਂ 33 ਨੰਬਰ ਲੈ ਕੇ ਬਸ ਪਾਸ ਹੀ ਹੋ ਸਕਿਆ ਹਾਂ।’’ ਦਫ਼ਤਰ ਮੁਖੀ ਨੂੰ ਬਹਾਨਾ ਮਿਲ ਗਿਆ। ਉਸ ਨੇ ਕਿਹਾ, ‘‘ਨਾ ਬਈ, ਤੇਰੀ ਵਿਦਿਅਕ ਯੋਗਤਾ ਇਸ ਆਸਾਮੀ ਮੁਤਾਬਿਕ ਨਹੀਂ।’’ ਇਹ ਸੁਣ ਕੇ ਚੂਹੇ ਨੂੰ ਇਹ ਉਮੀਦ ਵੀ ਦਮ ਤੋੜਦੀ ਜਾਪੀ। ਉਸ ਨੇ ਬੇਨਤੀ ਕੀਤੀ, ‘‘ਜੀ, ਬਸ ਇੱਕ ਮੌਕਾ ਦੇ ਦਿਉ, ਮੈਂ ਪੂਰਾ ਮਨ ਲਾ ਕੇ ਕੰਮ ਕਰਾਂਗਾ।’’ ਮੁਖੀ ਨੇ ਕਿਹਾ, ‘‘ਤੈਨੂੰ ਕਹਿ ਤਾਂ ਦਿੱਤਾ ਕਿ ਤੇਰੀ ਵਿਦਿਅਕ ਯੋਗਤਾ ਪੂਰੀ ਨਹੀਂ।’’ ਚੂਹਾ ਤਰਲੇ ਲੈਣ ਲੱਗਾ। ਮੁਖੀ ’ਤੇ ਅਸਰ ਨਾ ਹੋਇਆ। ਚੂਹਾ ਰਾਤ ਦਾ ਭੁੱਖਾ ਤਾਂ ਸੀ ਹੀ, ਉਮੀਦ ਟੁੱਟਣ ਕਾਰਨ ਬੇਹੋਸ਼ ਹੋਣ ਵਾਲਾ ਹੋ ਗਿਆ। ਉਸ ਦੀ ਹਾਲਤ ਦੇਖ ਕੇ ਮੁਖੀ ਨੂੰ ਤਰਸ ਆ ਗਿਆ। ਉਸ ਨੇ ਦਿਲਾਸਾ ਦੇਣ ਲਈ ਕਿਹਾ, ‘‘ਖ਼ੈਰ, ਇਸ ਵੇਲੇ ਤਾਂ ਮੈਂ ਤੇਰੀ ਮਦਦ ਨਹੀਂ ਕਰ ਸਕਦਾ। ਤੂੰ ਇਉਂ ਕਰ, ਗਾਹੇ-ਬਗਾਹੇ ਦਫ਼ਤਰ ਗੇੜਾ ਮਾਰਦਾ ਰਹੀਂ। ਕੀ ਪਤਾ ਕਦੇ ਤੇਰਾ ਕੰਮ ਬਣ ਜਾਵੇ!’’ ਚੂਹੇ ਨੂੰ ਮੁਖੀ ਦੇ ਕਮਰੇ ਅੰਦਰ ਲੈ ਕੇ ਆਇਆ ਸੇਵਾਦਾਰ ਸਾਰਾ ਸਮਾਂ ਉੱਥੇ ਹੀ ਖੜ੍ਹਾ ਰਿਹਾ ਸੀ ਤੇ ਉਸ ਨੂੰ ਚੂਹੇ ਦੇ ਭੁੱਖਣ ਭਾਣਾ ਹੋਣ ਦਾ ਪਤਾ ਸੀ। ਉਸ ਨੇ ਮੁਖੀ ਨੂੰ ਕੰਨ ਵਿੱਚ ਇਹ ਗੱਲ ਦੱਸੀ ਤਾਂ ਮੁਖੀ ਨੇ ਉਸ ਨੂੰ ਕੁਝ ਖਾਣ ਲਈ ਦੇ ਦਿੱਤਾ। ਬੇਹੋਸ਼ ਹੋਣ ਕੰਢੇ ਪੁੱਜੇ ਚੂਹੇ ਨੇ ਢਿੱਡ ਭਰਨ ਲਈ ਕੁਝ ਮਿਲਣ ’ਤੇ ਦਫ਼ਤਰ ਮੁਖੀ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਘਰ ਪਰਤ ਗਿਆ। ਫਿਰ ਉਹ ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਉਸ ਦਫ਼ਤਰ ਦਾ ਗੇੜਾ ਮਾਰਨ ਆਉਂਦਾ ਕਿ ਖੌਰੇ ਝੋਲੀ ਖ਼ੈਰ ਪੈ ਹੀ ਜਾਵੇ। ਇੰਨੀ ਵਾਰ ਆਉਣ ਕਾਰਨ ਮੁਖੀ ਨੂੰ ਤੰਗੀਆਂ-ਤੁਰਸ਼ੀਆਂ ਵਿੱਚ ਅਉਧ ਹੰਢਾ ਰਹੇ ਚੂਹੇ ਅਤੇ ਉਸ ਦੇ ਪਰਿਵਾਰ ਬਾਰੇ ਪਤਾ ਲੱਗ ਗਿਆ। ਨੌਕਰੀ ਤਾਂ ਉਸ ਨੂੰ ਮਿਲ ਨਹੀਂ ਸੀ ਸਕਦੀ ਪਰ ਮੁਖੀ ਖਾਣ ਲਈ ਉਸ ਨੂੰ ਜ਼ਰੂਰ ਕੁਝ ਨਾ ਕੁਝ ਦੇ ਦਿੰਦਾ। ਸਾਲ ਲੰਘਦੇ ਗਏ ਅਤੇ ਨੌਕਰੀ ਲਈ ਓਵਰਏਜ ਹੋਣ ਮਗਰੋਂ ਉਹ ਚੂਹਾ ਬੁੱਢਾ ਵੀ ਹੋ ਗਿਆ। ਇੱਕ ਆਸ ਹਾਲੇ ਵੀ ਬਾਕੀ ਸੀ ਕਿਉਂਕਿ ਉਸ ਨੇ ਛੋਟੇ ਮੋਟੇ ਕੰਮ ਕਰਕੇ ਸਮਰੱਥਾ ਮੁਤਾਬਿਕ ਆਪਣੇ ਪੁੱਤਰ ਨੂੰ ਪੜ੍ਹਾ ਲਿਖਾ ਦਿੱਤਾ ਸੀ। ਇੱਕ ਦਿਨ ਉਸੇ ਦਫ਼ਤਰ ਜਾ ਕੇ ਚੂਹੇ ਨੇ ਆਪਣੇ ਪੁੱਤਰ ਲਈ ਨੌਕਰੀ ਦੀ ਗੱਲ ਤੋਰੀ, ਜਿੱਥੇ ਗੇੜੇ ਲਾਉਂਦਿਆਂ ਉਸ ਦੀ ਸਾਰੀ ਉਮਰ ਲੰਘ ਗਈ ਸੀ। ਮੁਖੀ ਚੰਗਾ ਬੰਦਾ ਸੀ। ਉਸ ਨੇ ਚੂਹੇ ਨੂੰ ਕੁਝ ਦਿਨਾਂ ਬਾਅਦ ਪੁੱਤਰ ਨੂੰ ਲਿਆਉਣ ਲਈ ਕਿਹਾ।
ਬੁੱਢਾ ਚੂਹਾ ਆਪਣੇ ਪੜ੍ਹੇ-ਲਿਖੇ ਪੁੱਤਰ ਨੂੰ ਨਾਲ ਲੈ ਕੇ ਚਾਈਂ ਚਾਈਂ ਦਫ਼ਤਰ ਜਾ ਪੁੱਜਾ। ਜਿਉਂ ਹੀ ਉਹ ਮੁਖੀ ਦੇ ਕਮਰੇ ਅੰਦਰ ਪੁੱਜੇ ਤਾਂ ਬੁੱਢੇ ਚੂਹੇ ਨੂੰ ਜਿਵੇਂ ਕੋਈ ਝਟਕਾ ਲੱਗਾ ਹੋਵੇ। ਦਰਅਸਲ, ਪੁਰਾਣੇ ਮੁਖੀ ਦੀ ਥਾਂ ਕੋਈ ਹੋਰ ਬੰਦਾ ਕੁਰਸੀ ’ਤੇ ਬੈਠਾ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਨਵਾਂ ਮੁਖੀ ਹੈ। ਬੁੱਢੇ ਚੂਹੇ ਨੇ ਪੁਰਾਣੇ ਮੁਖੀ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਆਉਣ ਦਾ ਮਕਸਦ ਦੱਸਿਆ। ਪੁਰਾਣੇ ਮੁਖੀ ਨੇ ਇਸ ਬਾਬਤ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਉਂਜ ਵੀ ਨਵਾਂ ਮੁਖੀ ਦਾਨਾ ਬੰਦਾ ਸੀ। ਉਹ ਦੋਵੇਂ ਪਿਉ ਪੁੱਤ ਨਾਲ ਬੜੀ ਚੰਗੀ ਤਰ੍ਹਾਂ ਪੇਸ਼ ਆਇਆ ਅਤੇ ਠਰ੍ਹੰਮੇ ਨਾਲ ਉਨ੍ਹਾਂ ਦੀ ਗੱਲ ਸੁਣੀ। ਇਸ ਵਾਰ ਦਫ਼ਤਰ ਵਿੱਚ ਆਸਾਮੀ ਖਾਲੀ ਨਹੀਂ ਸੀ। ਫਿਰ ਵੀ ਮੁਖੀ ਨੇ ਲੋੜ ਪੈਣ ਉੱਤੇ ਉਸ ਨੂੰ ਬੁਲਾਉਣ ਦੀ ਗੱਲ ਆਖੀ। ਫਿਰ ਉਹੀ ਸਿਲਸਿਲਾ ਸ਼ੁਰੂ ਹੋ ਗਿਆ। ਇਹ ਮੁਖੀ ਵੀ ਹਰ ਵਾਰ ਆਏ ਨੌਜਵਾਨ ਚੂਹੇ ਨੂੰ ਕੁਝ ਨਾ ਕੁਝ ਖਾਣ ਲਈ ਦੇ ਦਿੰਦਾ। ਦਰਅਸਲ, ਇਹ ਮੁਖੀ ਆਪ ਤੋਂ ਛੋਟੇ ਹਰ ਇੱਕ, ਚਾਹੇ ਇਨਸਾਨ ਹੋਵੇ ਜਾਂ ਜਾਨਵਰ, ਨਾਲ ਪਿਆਰ ਨਾਲ ਪੇਸ਼ ਆਉਂਦਾ ਸੀ। ਉਸ ਨੇ ਤਾਂ ਆਪਣੇ ਘਰ ਰਹਿੰਦੀ ਕਾਟੋ ਤੱਕ ਦਾ ਵੀ ਨਾਂ ਰੱਖਿਆ ਹੋਇਆ ਸੀ ਅਤੇ ਉਸ ਨੂੰ ਖਾਣਾ ਆਪਣੇ ਹੱਥੀਂ ਖੁਆਉਂਦਾ ਸੀ। ਰੁਜ਼ਗਾਰ ਦਾ ਮਸਲਾ ਤਾਂ ਹੱਲ ਨਾ ਹੋਇਆ, ਪਰ ਫਿਰ ਵੀ ਚੂਹੇ ਨੇ ਹੌਸਲਾ ਨਾ ਹਾਰਿਆ। ਫਿਰ ਇੱਕ ਦਿਨ ਇਹ ਮੁਖੀ ਵੀ ਸੇਵਾਮੁਕਤ ਹੋ ਗਿਆ।
ਉਸ ਦੀ ਥਾਂ ਨਵਾਂ ਮੁਖੀ ਆ ਬਿਰਾਜਿਆ। ਅਗਲਾ ਮੁਖੀ ਬੜਾ ਪੜ੍ਹਨ-ਲਿਖਣ ਵਾਲਾ ਬੰਦਾ ਸੀ। ਉਸ ਦੇ ਆਲੇ-ਦੁਆਲੇ ਤਾਂ ਜਿਵੇਂ ਕਿਤਾਬਾਂ ਦੀਆਂ ਕੰਧਾਂ ਹੀ ਉਸਰੀਆਂ ਹੋਈਆਂ ਸਨ। ਇੱਥੋਂ ਤੱਕ ਕਿ ਕਮਰਿਆਂ ਦੀਆਂ ਬਾਰੀਆਂ ਅਤੇ ਰੌਸ਼ਨਦਾਨਾਂ ਅੱਗੇ ਵੀ ਕਿਤਾਬਾਂ ਦੇ ਢੇਰ ਲੱਗ ਗਏ। ਨਵੇਂ ਮੁਖੀ ਕੋਲ ਆ ਕੇ ਚੂਹੇ ਨੇ ਬੇਨਤੀ ਕੀਤੀ ਤਾਂ ਉਸ ਨੂੰ ਵਿਦਿਅਕ ਯੋਗਤਾ ਪੁੱਛੀ ਗਈ। ਮੁਖੀ ਨੇ ਕਿਹਾ, ‘‘ਤੇਰੀ ਯੋਗਤਾ ਤਾਂ ਇਸ ਆਸਾਮੀ ਮੁਤਾਬਿਕ ਨਹੀਂ, ਪਰ ਜੇਕਰ ਤੂੰ ਥੋੜ੍ਹਾ ਹੋਰ ਪੜ੍ਹ ਲਵੇਂ ਤਾਂ ਗੱਲ ਬਣ ਸਕਦੀ ਹੈ।’’ ਇਹ ਪੜ੍ਹਿਆ-ਲਿਖਿਆ ਚੂਹਾ ਮਿਹਨਤ ਕਰਨੋਂ ਝਿਜਕਦਾ ਨਹੀਂ ਸੀ। ਹਾਂ, ਸਰਕਾਰੀ ਨੌਕਰੀਆਂ ਲੈਣ ਲਈ ਇਮਤਿਹਾਨ ਪਾਸ ਕਰਨ ਦੇ ਬਾਵਜੂਦ ਰੁਜ਼ਗਾਰ ਲਈ ਪੁਲੀਸ ਦੀਆਂ ਡਾਂਗਾਂ ਖਾਣ ਤੇ ਜੇਲ੍ਹ ਜਾਣ ਵਾਲੇ ਨੌਜਵਾਨਾਂ ਤੇ ਮੁਟਿਆਰਾਂ ਬਾਰੇ ਖ਼ਬਰਾਂ ਉਸ ਦੇ ਜ਼ਿਹਨ ’ਚ ਘੁੰਮਦੀਆਂ ਰਹਿੰਦੀਆਂ ਸਨ। ਇਸ ਲਈ ਉਸ ਨੇ ਮੁਖੀ ਦੀ ਸਲਾਹ ਮੰਨ ਕੇ ਹੋਰ ਪੜ੍ਹਨ ਦਾ ਫ਼ੈਸਲਾ ਕਰ ਲਿਆ। ਉਸ ਨੇ ਆਸਾਮੀ ਲਈ ਲੋੜੀਂਦੀ ਡਿਗਰੀ ਤਾਂ ਪਾਸ ਕੀਤੀ ਹੀ ਸਗੋਂ ਉਸ ਨੂੰ ਸਾਹਿਤ ਪੜ੍ਹਨ ਦੀ ਚੇਟਕ ਵੀ ਲੱਗ ਗਈ। ਉਸ ਦਾ ਇਹ ਸ਼ੌਕ ਇੰਨਾ ਵਧ ਗਿਆ ਕਿ ਇਸ ਦਫ਼ਤਰ ਆ ਕੇ ਕੋਈ ਨਾ ਕੋਈ ਕਿਤਾਬ ਪੜ੍ਹਨਾ ਉਸ ਨੇ ਨੇਮ ਬਣਾ ਲਿਆ ਅਤੇ ਉਹ ਭੁੱਖ-ਤੇਹ ਦੀ ਵੀ ਪਰਵਾਹ ਨਾ ਕਰਦਾ। ਉਸ ਨੇ ਦਫ਼ਤਰ ਮੁਖੀ ਨੂੰ ਵੀ ਅਜਿਹਾ ਕਰਦਾ ਹੀ ਦੇਖਿਆ ਸੀ ਕਿ ਕਦੇ ਘਰੋਂ ਖਾਣ ਨੂੰ ਕੁਝ ਲਿਆਂਦਾ ਤਾਂ ਖਾ ਲਿਆ, ਨਹੀਂ ਤਾਂ ਕੰਟੀਨ ’ਚ ਮਿਲਦੀ ਕੋਈ ਚੀਜ਼ ਲੈ ਕੇ ਖਾ ਲੈਣੀ ਅਤੇ ਕਦੇ ਇਹ ਵੀ ਨਹੀਂ।
ਇਨ੍ਹਾਂ ਦਿਨਾਂ ’ਚ ਬੁੱਢੇ ਚੂਹੇ ਦੀ ਮੌਤ ਹੋ ਗਈ। ਨੌਕਰੀ ਹਾਸਲ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਚੂਹੇ ਨੂੰ ਹੋਰ ਵੀ ਤੰਗਦਸਤੀ ਨੇ ਆ ਘੇਰਿਆ। ਇਸ ਸਭ ਦੇ ਬਾਵਜੂਦ ਉਸ ਨੇ ਸਾਹਿਤ ਦਾ ਪੱਲਾ ਨਾ ਛੱਡਿਆ। ਹੁਣ ਪੇਟ ਦੀ ਅੱਗ ਜਦੋਂ ਬਹੁਤਾ ਹੀ ਸਤਾਉਂਦੀ ਤਾਂ ਦਫ਼ਤਰੋਂ ਬਾਹਰ ਜਾ ਕੇ ਕੁਝ ਮਿਲਦਾ ਤਾਂ ਖਾ ਲੈਂਦਾ। ਜਿਸ ਦਿਨ ਭੁੱਖਾ ਹੀ ਰਹਿਣਾ ਪੈਂਦਾ ਤਾਂ ਕਦੇ ਕਿਤਾਬਾਂ ’ਚ ਪੜ੍ਹੀਆਂ ਜੁਝਾਰੂ ਕਵਿਤਾਵਾਂ ਉੱਚੀ-ਉੱਚੀ ਬੋਲਦਾ, ਕਦੇ ਇਨਕਲਾਬੀ ਨਾਅਰੇ ਲਾਉਂਦਾ। ਕਦੇ ਫਲਸਫ਼ਾ ਪੜ੍ਹਨ ਕਾਰਨ ਖ਼ੁਦ ਨੂੰ ਦਾਰਸ਼ਨਿਕ ਸਮਝਦਾ ਅਤੇ ਕਦੇ (ਮਜਬੂਰੀਵੱਸ ਹੀ ਸਹੀ) ਅਲਪ ਆਹਾਰੀ ਹੋਣ ਕਾਰਨ ਸੰਤ। ਆਪਣੀ ਬੇਰੁਜ਼ਗਾਰੀ ਦਾ ਕਾਰਨ ਕਦੇ ਉਹ ਸਿਆਸੀ ਲੂੰਬੜ ਚਾਲਾਂ ਨੂੰ ਸਮਝਦਾ, ਕਦੇ ਵੱਡੀ ਆਬਾਦੀ ਸਿਰ ਇਸ ਦਾ ਦੋਸ਼ ਮੜ੍ਹਦਾ।
ਠੀਕ-ਠਾਕ ਸਿਹਤ ਵਾਲਾ ਇਹ ਚੂਹਾ ਹੁਣ ਦਿਨੋਂ-ਦਿਨ ਕਮਜ਼ੋਰ ਹੁੰਦਾ ਗਿਆ। ਉਸ ਦੀਆਂ ਹੱਡੀਆਂ ਨਿਕਲ ਆਈਆਂ। ਆਖ਼ਰ ਇੱਕ ਦਿਨ ਅਖ਼ਬਾਰ ਵਿੱਚ ਇਸੇ ਦਫ਼ਤਰ ’ਚ ਖਾਲੀ ਆਸਾਮੀਆਂ ਭਰਨ ਸਬੰਧੀ ਇਸ਼ਤਿਹਾਰ ਆਇਆ। ਉਸ ਦਿਨ ਦਫ਼ਤਰ ਆਏ ਕਰਮਚਾਰੀਆਂ ਨੂੰ ਬੜੀ ਬਦਬੂ ਆਈ। ਉਨ੍ਹਾਂ ਨੇ ਬੜੀ ਥਾਂ ਦੇਖਿਆ, ਕਿਤੋਂ ਕੁਝ ਨਾ ਲੱਭਿਆ। ਆਖ਼ਰ ਬੜੀ ਮੁਸ਼ੱਕਤ ਮਗਰੋਂ ਕਿਸੇ ਨੇ ਰੌਸ਼ਨਦਾਨ ਕੋਲ ਦੇਖਿਆ। ਵਿਚਾਰਾ ਚੂਹਾ ਪੜ੍ਹ-ਪੜ੍ਹ ਕੇ ਮੋਇਆ ਪਿਆ ਸੀ। ਮੁਖੀ ਨੂੰ ਪਤਾ ਲੱਗਿਆ ਤਾਂ ਉਸ ਨੂੰ ਦੁੱਖ ਹੋਇਆ ਕਿ ਨੌਕਰੀ ਲਈ ਯੋਗ ਇਹ ਚੂਹਾ ਰੁਜ਼ਗਾਰ ਮਿਲੇ ਬਿਨਾਂ ਹੀ ਜਹਾਨੋਂ ਕੂਚ ਕਰ ਗਿਆ।
ਗੱਲ ਪੂਰੀ ਇਮਾਰਤ ’ਚ ਫੈਲ ਗਈ। ਸਾਰੇ ਆਪਸ ਵਿੱਚ ਗੱਲਾਂ ਕਰਨ, ‘‘ਬੜਾ ਮਿਹਨਤੀ ਸੀ ਵਿਚਾਰਾ’’; ‘‘ਨੌਕਰੀ ਤਾਂ ਏਥੇ ਬੰਦਿਆਂ ਨੂੰ ਨਹੀਂ ਮਿਲਦੀ, ਇਹ ਤਾਂ ਫਿਰ ਵੀ ਚੂਹਾ ਹੋਇਆ...!’’; ‘‘ਪਰ ਬੜਾ ਗਿਆਨਵਾਨ ਸੀ, ਉਹ ਕਿਹੜਾ ਵਿਸ਼ਾ ਏ ਜਿਸ ਬਾਰੇ ਇਹਨੂੰ ਪਤਾ ਨਾ ਹੋਵੇ।’’ ਜਿੰਨੇ ਮੂੰਹ ਓਨੀਆਂ ਗੱਲਾਂ। ਉਸ ਦੀਆਂ ਅੰਤਿਮ ਰਸਮਾਂ ਬਾਰੇ ਚਰਚਾ ਹੋਣ ਲੱਗੀ ਕਿ ਕੀ ਕੀਤਾ ਜਾਵੇ। ਆਖ਼ਰ, ਉਸ ਦੇ ਸਸਕਾਰ ਦਾ ਇਸ਼ਤਿਹਾਰ ਵੀ ਅਖ਼ਬਾਰ ’ਚ ਛਪਵਾਇਆ ਗਿਆ।
ਮਿੱਥੇ ਦਿਨ ਸੂਝਵਾਨ ਲੋਕ ਅਤੇ ਬੇਰੁਜ਼ਗਾਰਾਂ ਦੀ ਯੂਨੀਅਨ ਵਾਲੇ ਉਸ ਦੇ ਸਸਕਾਰ ’ਤੇ ਆਏ। ਹਰ ਬੇਰੁਜ਼ਗਾਰ ਉਸ ਚੂਹੇ ਦੀ ਅਰਥੀ ਨੂੰ ਮੋਢਾ ਦੇਣਾ ਚਾਹੁੰਦਾ ਸੀ। ਹਰ ਇੱਕ ਨੂੰ ਜਾਪਦਾ ਸੀ ਜਿਵੇਂ ਇਹ ਉਨ੍ਹਾਂ ਦੀਆਂ ਆਪਣੀਆਂ ਸੱਧਰਾਂ ਦੀ ਮਈਅਤ ਹੋਵੇ ਅਤੇ ਉਨ੍ਹਾਂ ਦਾ ਹਸ਼ਰ ਵੀ ਇਸ ਗਿਆਨਵਾਨ ਚੂਹੇ ਜਿਹਾ ਹੀ ਹੋਵੇਗਾ।