ਗਾਲਿਬ ਕਲਾਂ ਸਹਿਕਾਰੀ ਸਭਾ ਦੀ ਚੋਣ ’ਚ ਹਾਕਮ ਧਿਰ ’ਤੇ ਧੱਕੇਸ਼ਾਹੀ ਦਾ ਦੋਸ਼
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 30 ਜਨਵਰੀ
ਇਲਾਕੇ ਦੇ ਵੱਡੇ ਅਤੇ ਕਈ ਨਾਮਵਰ ਸਿਆਸੀ ਲੀਡਰ ਪੈਦਾ ਕਰਨ ਵਾਲੇ ਪਿੰਡ ਗਾਲਿਬ ਕਲਾਂ ਵਿੱਚ ਸਹਿਕਾਰੀ ਸਭਾ ਦੀ ਚੋਣ ਮੌਕੇ ਅੱਜ ਵੱਡਾ ਹੰਗਾਮਾ ਖੜ੍ਹਾ ਹੋ ਗਿਆ। ਕਾਂਗਰਸ ਨਾਲ ਸਬੰਧਤ ਆਗੂਆਂ ਤੇ ਉਮੀਦਵਾਰਾਂ ਨੇ ਚੋਣ ਮੌਕੇ ਹਾਕਮ ਧਿਰ ‘ਆਪ’ ’ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਂਦੇ ਹੋਏ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਚੋਣ ਮੌਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਕਾਰਕੁਨਾਂ ਦੀ ਪੁਲੀਸ ਨਾਲ ਖਿੱਚਧੂਹ ਵੀ ਹੋਈ ਪਰ ਪ੍ਰਦਰਸ਼ਨਕਾਰੀ ਡਟੇ ਰਹੇ। ਉਨ੍ਹਾਂ ਸਹਿਕਾਰੀ ਸਭਾ ਦੀ ਚੋਣ ਨੂੰ ਗਲਤ ਤੇ ਧੱਕੇ ਨਾਲ ਹੋਈ ਕਰਾਰ ਦਿੰਦਿਆਂ ਦੁਬਾਰਾ ਚੋਣ ਕਰਵਾਉਣ ਦੀ ਮੰਗ ਕੀਤੀ।
ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਮੀਟਿੰਗ ਵਿੱਚ ਵੀ ਅੱਜ ਇਸ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਸੰਘਰਸ਼ ਵਿੱਢਣ ਦੀ ਤਾੜਨਾ ਕੀਤੀ ਗਈ। ਸੋਨੀ ਗਾਲਿਬ ਨੇ ਕਿਹਾ ਕਿ ਅਜਿਹੀਆਂ ਵਧੀਕੀਆਂ ਕਰ ਕੇ ਹਾਕਮ ਧਿਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ‘ਬਦਲਾਅ’ ਵਾਲਾ ਚਾਅ ਹੁਣ ਲੱਥ ਗਿਆ ਹੈ ਤੇ ਲੋਕ ਨਿਕੰਮੀ ਸਰਕਾਰ ਚੁਣ ਕੇ ਪਛਤਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਨੇ ਗਿਆਰਾਂ ਮੈਂਬਰਾਂ ਵਾਲੀ ਸਹਿਕਾਰੀ ਸਭਾ ਲਈ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਪਰ ਹਾਕਮ ਧਿਰ ਦੇ ਇਸ਼ਾਰੇ ’ਤੇ ਪ੍ਰਸ਼ਾਸਨ ਨੇ ਉਨ੍ਹਾਂ ਦੇ ਕਾਗਜ਼ ਰੱਦ ਕਰ ਦਿੱਤੇ। ਬਾਅਦ ਵਿੱਚ ਮਨਮਰਜ਼ੀ ਨਾਲ ਜਿਹੜੇ ਦੋ ਮੈਂਬਰ ਪਰਮਜੀਤ ਸਿੰਘ ਤੇ ਗੁਰਸੇਵਕ ਸਿੰਘ ਚੁਣੇ ਗਏ ਉਹ ਵੀ ਰੋਸ ਵਜੋਂ ਆਪਣਾ ਅਸਤੀਫ਼ਾ ਦੇਣਗੇ। ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਕਿਹਾ ਕਿ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਨਾ ਕੋਈ ਗੱਠਜੋੜ ਹੈ ਨਾ ਹੋਵੇਗਾ। ਇਸ ਲਈ ਜਿਹੜੇ ਦੋ ਕਾਂਗਰਸੀ ਉਮੀਦਵਾਰ ਮੈਂਬਰ ਚੁਣਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਾਂਗਰਸ ਨੂੰ ਮਨਜ਼ੂਰ ਨਹੀਂ। ਇਨ੍ਹਾਂ ਦੋਵੇਂ ਮੈਂਬਰਾਂ ਨੇ ਵੀ ਅੱਜ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿੱਚ ਮੈਂਬਰੀ ਛੱਡਣ ਦਾ ਐਲਾਨ ਕੀਤਾ ਹੈ। ਸਾਬਕਾ ਵਿਧਾਇਕ ਜੱਗਾ ਹਿੱਸੋਵਾਲ ਨੇ ਕਿਹਾ ਕਿ ਕੌਂਸਲਰ ਚੁਣਨ ਤੋਂ ਲੈ ਕੇ ਮੇਅਰ ਚੁਣਨ ਤੱਕ ਦੀ ਧੱਕੇਸ਼ਾਹੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਤੋਂ ਪਹਿਲਾਂ ਸਹਿਕਾਰੀ ਸਭਾ ਦੀ ਚੋਣ ਮੌਕੇ ਹਾਕਮ ਧਿਰ ਦੇ ਉਮੀਦਵਾਰ ਬਿਨਾਂ ਚੋਣਾਂ ਕਰਵਾਏ ਜੇਤੂ ਕਰਾਰ ਦਿੱਤੇ ਗਏ। ਸਿੱਟੇ ਵਜੋਂ ਪਿੰਡ ਦਾ ਮਾਹੌਲ ਤਣਾਅਪੂਰਨ ਹੋ ਗਿਆ। ਰੋਹ ਵਿੱਚ ਆਏ ਲੋਕਾਂ ਨੇ ਚੋਣ ਅਮਲੇ ਦਾ ਵੀ ਘਿਰਾਓ ਕੀਤਾ। ਸਰਪੰਚ ਗੁਰਚਰਨ ਸਿੰਘ ਗਿਆਨੀ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕਹੀ। ਓਧਰ ਅਕਾਲੀ ਆਗੂ ਮਨਦੀਪ ਸਿੰਘ ਗਾਲਿਬ ਦੀ ਅਗਵਾਈ ਹੇਠ ਇਕ ਹੋਰ ਧੜੇ ਨੇ ਵੀ ਚੋਣ ਵਿੱਚ ਧੱਕੇਸ਼ਾਹੀ ਦਾ ਦੋਸ਼ ਲਾਇਆ ਅਤੇ ਅੱਜ ਪਿੰਡ ਵਿੱਚ ਰੋਸ ਪ੍ਰਦਰਸ਼ਨ ਕੀਤਾ।